ਬੇਹੱਦ ਰੋਮਾਂਚਕ ਹੋਇਆ ਬਠਿੰਡਾ ਲੋਕ ਸਭਾ ਸੀਟ ''ਤੇ ਮੁਕਾਬਲਾ, ਜਾਣੋ ਹੁਣ ਤਕ ਦਾ ਇਤਿਹਾਸ

05/27/2024 7:00:34 PM

ਬਠਿੰਡਾ (ਵੈੱਬ ਡੈਸਕ): ਪੰਜਾਬ ਵਿਚ 1 ਜੂਨ ਨੂੰ ਲੋਕ ਸਭਾ ਚੋਣਾਂ ਲਈ ਵੋਟਿੰਗ ਹੋਣ ਜਾ ਰਹੀ ਹੈ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਬਠਿੰਡਾ ਸੀਟ ਹਾਟ ਸੀਟਾਂ ਦੀ ਸੂਚੀ 'ਚ ਸ਼ੁਮਾਰ ਹੈ। ਇਸ ਦਾ ਕਾਰਨ ਹੈ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਇੱਥੋਂ ਚੋਣ ਲੜ ਰਹੇ ਹਨ। ਸੂਬੇ ਦੀ ਸਿਆਸਤ ਵਿਚ ਵੱਡਾ ਰਸੂਖ਼ ਰੱਖਣ ਵਾਲੇ ਬਾਦਲ ਪਰਿਵਾਰ ਦੇ ਸਾਰੇ ਜੀਅ ਵਿਧਾਨ ਸਭਾ ਚੋਣਾਂ ਵਿਚ ਹਾਰ ਗਏ ਸਨ। ਇਸ ਵਾਰ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵੀ ਲੋਕ ਸਭਾ ਚੋਣ ਨਾ ਲੜਣ ਦਾ ਫ਼ੈਸਲਾ ਲਿਆ ਗਿਆ ਹੈ। ਇਸ ਲਈ ਹਰਸਿਮਰਤ ਕੌਰ ਬਾਦਲ ਦੇ ਮੋਢਿਆਂ 'ਤੇ ਬਾਦਲ ਪਰਿਵਾਰ ਨੂੰ ਸਿਆਸੀ ਤੌਰ 'ਤੇ ਜਿਉਂਦਾ ਰੱਖਣ ਦੀ ਵੱਡੀ ਜ਼ਿੰਮੇਵਾਰੀ ਪੈ ਗਈ ਹੈ। ਉਂਝ ਤਾਂ ਹਰਸਿਮਰਤ ਕੌਰ ਬਾਦਲ ਲਗਾਤਾਰ 3 ਵਾਰ ਇੱਥੋਂ ਲੋਕ ਸਭਾ ਚੋਣ ਜਿੱਤ ਚੁੱਕੀ ਹੈ, ਪਰ ਇਸ ਵਾਰ ਇਸ ਸੀਟ 'ਤੇ ਸਾਰਿਆਂ ਦੀ ਖ਼ਾਸ ਨਿਗਾਹ ਹੈ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 2024: ਪੰਜਾਬ 'ਚ ਇਸ ਦਿਨ ਬੰਦ ਹੋ ਜਾਵੇਗਾ ਚੋਣ ਪ੍ਰਚਾਰ, ਹੋਰ ਪਾਬੰਦੀਆਂ ਵੀ ਹੋਣਗੀਆਂ ਲਾਗੂ

ਅਕਾਲੀ ਦਲ ਦਾ ਗੜ੍ਹ ਮੰਨੀ ਜਾਂਦੀ ਹੈ ਬਠਿੰਡਾ ਸੀਟ

ਬਠਿੰਡਾ ਲੋਕ ਸਭਾ ਹਲਕੇ ਦੀ ਗੱਲ ਕਰੀਏ ਤਾਂ ਇਸ ਵਿਚ ਮੁਕਤਸਰ ਜ਼ਿਲ੍ਹੇ ਤੋਂ ਇਕ ਵਿਧਾਨ ਸਭਾ ਹਲਕਾ- ਲੰਬੀ, 5 ਵਿਧਾਨ ਸਭਾ ਹਲਕੇ ਬਠਿੰਡਾ ਅਤੇ 3 ਮਾਨਸਾ ਜ਼ਿਲ੍ਹੇ ਵਿਚ ਪੈਂਦੇ ਹਨ। ਇਨ੍ਹਾਂ ਸਾਰੇ ਹਲਕਿਆਂ ਵਿਚ ਆਮ ਆਦਮੀ ਪਾਰਟੀ ਦੇ ਹੀ ਵਿਧਾਇਕ ਹਨ। ਬਠਿੰਡਾ ਸੀਟ 'ਤੇ ਇਸ ਵਾਰ ਕੁੱਲ 18 ਉਮੀਦਵਾਰ ਮੈਦਾਨ ਵਿਚ ਹਨ। ਇਸ ਸੀਟ 'ਤੇ ਜਿੱਥੇ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਵਿਚਾਲੇ ਟੱਕਰ ਹੈ, ਉੱਥੇ ਹੀ ਇਸ ਮੁਕਾਬਲੇ ਨੂੰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲਖਬੀਰ ਸਿੰਘ ਲੱਖਾ ਸਿਧਾਣਾ ਨੇ ਹੋਰ ਸਖ਼ਤ ਬਣਾ ਦਿੱਤਾ ਹੈ। ਇਸ ਸੀਟ ’ਤੇ ਪੰਜਾਬ ਦੇ ਪੁਨਰਗਠਨ ਤੋਂ ਬਾਅਦ ਹੋਈਆਂ 14 ਚੋਣਾਂ ’ਚੋਂ 10 ਵਾਰ ਸ਼੍ਰੋਮਣੀ ਅਕਾਲੀ ਦਲ ਨੇ ਜਿੱਤ ਹਾਸਲ ਕੀਤੀ ਹੈ। ਉੱਥੇ ਹੀ 2 ਵਾਰ ਕਾਂਗਰਸ ਅਤੇ 2 ਵਾਰ CPI ਦੇ ਸੰਸਦ ਮੈਂਬਰ ਚੁਣੇ ਗਏ ਹਨ।

ਪ੍ਰਕਾਸ਼ ਸਿੰਘ ਬਾਦਲ ਨੂੰ ਹਰਾਉਣ ਵਾਲੇ ਖੁੱਡੀਆਂ ਨਾਲ ਹੋਵੇਗੀ ਟੱਕਰ

ਇਸ ਵਾਰ ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਤੋਂ ਫੱਸਵਾਂ ਮੁਕਾਬਲਾ ਮਿੱਲ ਰਿਹਾ ਹੈ। ਆਮ ਆਦਮੀ ਪਾਰਟੀ ਨੇ ਲੰਬੀ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੂੰ ਆਪਣਾ ਉਮੀਦਵਾਰ ਬਣਾਇਆ ਹੈ। ਖੁੱਡੀਆਂ ਨੇ ਪੰਜਾਬ ਦੀ ਸਿਆਸਤ ਦੇ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਪ੍ਰਕਾਸ਼ ਸਿੰਘ ਬਾਦਲ ਨੂੰ ਜ਼ਿੰਦਗੀ ਦੇ ਆਖਰੀ ਪੜਾਅ ’ਚ ਹਾਰ ਦਾ ਮੂੰਹ ਦਿਖਾਇਆ ਸੀ। ਹੁਣ ਵੇਖਣਾ ਇਹ ਹੋਵੇਗਾ ਕਿ ਖੁੱਡੀਆਂ ਇਸ ਵਾਰ ਹਰਸਿਮਰਤ ਕੌਰ ਬਾਦਲ ਨੂੰ ਵੀ ਸ਼ਿਕਸਤ ਦਿੰਦੇ ਹਨ ਜਾਂ ਹਰਸਿਮਰਤ ਆਪਣੇ ਸਹੁਰੇ ਦੀ ਹਾਰ ਦਾ ਹਿਸਾਬ ਬਰਾਬਰ ਕਰਨ ਵਿਚ ਸਫ਼ਲ ਰਹੇਗੀ। 

ਕਾਂਗਰਸ ਨੂੰ 33 ਸਾਲ ਤੋਂ ਨਹੀਂ ਮਿਲੀ ਜਿੱਤ

ਬਠਿੰਡਾ ਲੋਕ ਸਭਾ ਹਲਕਾ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਮੰਨਿਆ ਜਾਂਦਾ ਹੈ। ਇਸ 'ਤੇ ਕਾਂਗਰਸ ਨੂੰ ਜਿੱਤ ਦਾ ਸੁਆਦ ਚੱਖੇ ਪੂਰੇ 33 ਸਾਲ ਬੀਤ ਚੁੱਕੇ ਹਨ। ਇਸ ਵਾਰ ਕਾਂਗਰਸ ਨੇ 10 ਸਾਲਾਂ ਬਾਅਦ ਅਕਾਲੀ ਦਲ ਤੋਂ ਪਰਤੇ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਉਮੀਦਵਾਰ ਬਣਾਇਆ ਹੈ। ਹਾਲਾਂਕਿ ਜੀਤ ਮਹਿੰਦਰ ਸਿੱਧੂ ਨੂੰ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਉਨ੍ਹਾਂ ਦੀ ਪਤਨੀ ਅੰਮ੍ਰਿਤਾ ਵੜਿੰਗ ਦੀ ਗੈਰ-ਮੌਜੂਦਗੀ ਖਟਕ ਰਹੀ ਹੈ। ਅੰਮ੍ਰਿਤਾ ਵੜਿੰਗ ਪੂਰੇ ਹਲਕੇ ਵਿਚ ਪਿਛਲੇ ਦੋ ਸਾਲਾਂ ਤੋਂ ਸਰਗਰਮ ਸਨ, ਪਰ ਰਾਜਾ ਵੜਿੰਗ ਲੁਧਿਆਣਾ ਤੋਂ ਚੋਣ ਲੜ ਰਹੇ ਹਨ ਤੇ ਉਨ੍ਹਾਂ ਦੀ ਪਤਨੀ ਵੀ ਉਨ੍ਹਾਂ ਦੇ ਚੋਣ ਪ੍ਰਚਾਰ ਲਈ ਲੁਧਿਆਣਾ ਵਿਚ ਹੀ ਰੁੱਝੇ ਹੋਏ ਹਨ।

ਇਹ ਖ਼ਬਰ ਵੀ ਪੜ੍ਹੋ - ਨਸ਼ੇ ਦੇ ਖ਼ਾਤਮੇ ਲਈ ਆਪਣੇ ਆਲੇ-ਦੁਆਲੇ ਅੱਗ ਬਾਲ ਕੇ ਤਪੱਸਿਆ ਕਰ ਰਹੇ ਬਾਬੇ ਨਾਲ ਵਾਪਰੀ ਅਣਹੋਣੀ

ਭਾਜਪਾ ਉਮੀਦਵਾਰ ਨੂੰ ਸਥਾਨਕ ਵਰਕਰਾਂ ਦਾ ਨਹੀਂ ਮਿਲ ਰਿਹਾ ਸਹਿਯੋਗ

ਦੂਜੇ ਪਾਸੇ ਭਾਜਪਾ ਨੇ ਪਰਮਪਾਲ ਕੌਰ ਸਿੱਧੂ ਮਲੂਕਾ ਨੂੰ ਇਸ ਹਲਕੇ ਤੋਂ ਆਪਣਾ ਉਮੀਦਵਾਰ ਬਣਾਇਆ ਹੈ। ਪਰਮਪਾਲ ਹਾਲ ਹੀ ਵਿਚ ਆਈ.ਏ.ਐੱਸ. ਤੋਂ ਅਸਤੀਫਾ ਦੇ ਕੇ ਭਾਜਪਾ ’ਚ ਸ਼ਾਮਲ ਹੋਈ ਸੀ। ਉਨ੍ਹਾਂ ਦੇ ਪਤੀ ਅਤੇ ਅਕਾਲੀ ਦਲ ਤੋਂ ਭਾਜਪਾ ਵਿਚ ਸ਼ਾਮਲ ਹੋਏ ਕਈ ਆਗੂ ਚੋਣ ਪ੍ਰਚਾਰ ਵਿਚ ਰੁੱਝੇ ਹੋਏ ਹਨ ਪਰ ਪਾਰਟੀ ਨਾਲ ਜੁੜੇ ਪੁਰਾਣੇ ਆਗੂ ਤੇ ਵਰਕਰ ਚੋਣ ਪ੍ਰਚਾਰ ਵਿਚ ਇਕੱਠੇ ਨਜ਼ਰ ਨਹੀਂ ਆ ਰਹੇ। ਕਈਆਂ ਦੀ ਸ਼ਿਕਾਇਤ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਪ੍ਰੋਗਰਾਮ ਲਈ ਭਰੋਸੇ ਵਿਚ ਨਹੀਂ ਲਿਆ ਜਾਂਦਾ ਅਤੇ ਪਰਮਪਾਲ ਦੇ ਪਤੀ ਗੁਰਪ੍ਰੀਤ ਸਿੰਘ ਮਲੂਕਾ ਅਤੇ ਜ਼ਿਲ੍ਹਾ ਭਾਜਪਾ ਪ੍ਰਧਾਨ ਸਰੂਪ ਚੰਦ ਸਿੰਗਲਾ ਹੀ ਇਨ੍ਹਾਂ ਪੁਰਾਣੇ ਭਾਜਪਾ ਅਤੇ ਸੰਘ ਆਗੂਆਂ ਤੋਂ ਦੂਰੀ ਬਣਾ ਕੇ ਰੱਖ ਰਹੇ ਹਨ। ਇਸੇ ਕਾਰਨ ਭਾਜਪਾ ਦੇ ਸੂਬਾ ਇੰਚਾਰਜ ਵਿਜੇ ਰੂਪਾਨੀ ਨੂੰ ਵੀ ਬਠਿੰਡਾ ਆ ਕੇ ਇਸ ਮਾਮਲੇ ਨੂੰ ਸੁਲਝਾਉਣਾ ਪਿਆ ਸੀ। ਪਰਮਪਾਲ ਕੌਰ ਨੂੰ ਚੋਣ ਪ੍ਰਚਾਰ ਵਿਚ ਕੇਂਦਰੀ ਆਗੂਆਂ ਦਾ ਹੀ ਸਹਾਰਾ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਉਨ੍ਹਾਂ ਦੇ ਹੱਕ ਵਿਚ ਵੱਡੀ ਜਨ ਸਭਾ ਕਰ ਚੁੱਕੇ ਹਨ, ਜਦੋਂਕਿ ਨਿਤਿਨ ਗਡਕਰੀ ਦਾ ਵੀ ਇੱਥੇ ਪ੍ਰੋਗਰਾਮ ਹੋ ਸਕਦਾ ਹੈ।

ਬਠਿੰਡਾ ਸੀਟ ਦਾ 25 ਸਾਲਾਂ ਦਾ ਇਤਿਹਾਸ

ਸਾਲ

ਜੇਤੂ ਉਮੀਦਵਾਰ

ਪਾਰਟੀ

ਵੋਟ

2019 ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ 492,824
2014 ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ 514,727
2009 ਹਰਸਿਮਰਤ ਕੌਰ ਬਾਦਲ ਸ਼੍ਰੋਮਣੀ ਅਕਾਲੀ ਦਲ 529,472
2004 ਪਰਮਜੀਤ ਕੌਰ ਗੁਲਸ਼ਣ ਸ਼੍ਰੋਮਣੀ ਅਕਾਲੀ ਦਲ 323,394
1999 ਭਾਣ ਸਿੰਘ ਭੌਰਾ CPI 327,484

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


Anmol Tagra

Content Editor

Related News