ਬਠਿੰਡਾ ਤੋਂ ਸਿਰਸਾ-ਹਿਸਾਰ ਜਾਣ ਵਾਲੇ ਪਰੇਸ਼ਾਨ, ਸਵੇਰ ਮਗਰੋਂ 7-8 ਘੰਟੇ ਤੱਕ ਨਹੀਂ ਚੱਲਦੀ ਕੋਈ ਟਰੇਨ
Tuesday, Aug 20, 2024 - 01:58 PM (IST)
ਬਠਿੰਡਾ (ਜ. ਬ.) : ਬਠਿੰਡਾ ਜੰਕਸ਼ਨ ਸਟੇਸ਼ਨ ਤੋਂ ਸਿਰਸਾ, ਹਿਸਾਰ ਆਦਿ ਜਾਣ ਲਈ ਸਵੇਰੇ 5 ਵਜੇ ਚੱਲਣ ਵਾਲੀ ਕਿਸਾਨ ਐਕਸਪ੍ਰੈੱਸ ਸਿਰਸਾ, ਹਿਸਾਰ, ਭਿਵਾਨੀ ਆਦਿ ਤੋਂ ਹੁੰਦੇ ਹੋਏ ਦਿੱਲੀ ਲਈ ਰਵਾਨਾ ਹੁੰਦੀ ਹੈ। ਇਸ ਤੋਂ ਪਹਿਲਾਂ ਸਵੇਰੇ 4 ਵਜੇ ਦੇ ਕਰੀਬ ਇਕ ਹੋਰ ਰੇਲਗੱਡੀ ਵੀ ਗੰਗਾਨਗਰ ਤੋਂ ਆਉਂਦੀ ਹੈ ਅਤੇ ਬਠਿੰਡਾ ਤੋਂ ਸਿਰਸਾ, ਹਿਸਾਰ, ਭਿਵਾਨੀ ਆਦਿ ਲਈ ਚੱਲਦੀ ਹੈ। ਭਾਵ ਸਵੇਰੇ ਬਠਿੰਡਾ ਸਟੇਸ਼ਨ ਤੋਂ ਸਿਰਸਾ, ਹਿਸਾਰ ਆਦਿ ਲਈ 2 ਰੇਲ ਗੱਡੀਆਂ ਚੱਲਦੀਆਂ ਹਨ।
ਇਸ ਤੋਂ ਬਾਅਦ 7-8 ਘੰਟੇ ਬਾਅਦ ਦੁਪਹਿਰ ਕਰੀਬ 12.45 ਵਜੇ ਅਗਲੀ ਟਰੇਨ ਇਸ ਸਟੇਸ਼ਨ ਤੋਂ ਚੱਲਦੀ ਹੈ। ਇਹ ਫ਼ਰਕ ਇੰਨਾ ਲੰਬਾ ਹੈ ਕਿ ਇਸ ਦੌਰਾਨ ਸਿਰਸਾ, ਹਿਸਾਰ ਆਦਿ ਜਾਣ ਵਾਲੇ ਲੋਕਾਂ ਨੂੰ ਬਠਿੰਡਾ ਸਟੇਸ਼ਨ ਤੋਂ ਕੋਈ ਹੋਰ ਰੇਲਗੱਡੀ ਨਾ ਆਉਣ ਕਾਰਨ ਬੱਸਾਂ ਦਾ ਸਹਾਰਾ ਲੈਣਾ ਪੈਂਦਾ ਹੈ। ਲੋਕ ਬੱਸਾਂ ਦਾ ਦੁੱਗਣਾ-ਤਿੱਗਣਾ ਕਿਰਾਇਆ ਖ਼ਰਚਣ ਲਈ ਮਜਬੂਰ ਹੋ ਜਾਂਦੇ ਹਨ। ਇਸ ਨਾਲ ਨਾ ਸਿਰਫ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ, ਸਗੋਂ ਜ਼ਿਆਦਾ ਸਮਾਂ ਵੀ ਲੱਗਦਾ ਹੈ।