ਬਠਿੰਡਾ ਕਨਵੈਂਸ਼ਨ 'ਚ ਸ਼ਾਮਲ ਹੋਣ ਵਾਲਾ 'ਆਪ' ਵਿਰੋਧੀ ਕਰਾਰ ਦਿੱਤਾ ਜਾਵੇਗਾ: ਸਿਸੋਦੀਆ

07/30/2018 10:26:57 PM

ਨਵੀਂ ਦਿੱਲੀ/ਪੰਜਾਬ—ਦਿੱਲੀ 'ਚ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੀ ਅੱਜ ਬੈਠਕ ਹੋਈ। ਬੈਠਕ 'ਚ ਫੈਸਲਾ ਲਿਆ ਗਿਆ ਕਿ ਪਾਰਟੀ ਦਾ ਕੋਈ ਵੀ ਆਗੂ, ਵਿਧਾਇਕ 2 ਅਗਸਤ ਨੂੰ ਹੋਣ ਵਾਲੀ ਬਠਿੰਡਾ ਕਨਵੈਂਸ਼ਨ 'ਚ ਸ਼ਾਮਲ ਨਹੀਂ ਹੋਵੇਗਾ। ਪਾਰਟੀ ਦਾ ਜਿਹੜਾ ਵੀ ਆਗੂ, ਕਾਰਕੂੰਨ ਬਠਿੰਡਾ ਕਨਵੈਂਸ਼ਨ 'ਚ ਜਾਵੇਗਾ, ਉਸ ਨੂੰ ਪਾਰਟੀ ਵਿਰੋਧੀ ਮੰਨਿਆ ਜਾਵੇਗਾ। ਸੂਤਰਾਂ ਮੁਤਾਬਕ ਦਿੱਲੀ ਦੇ ਉੱਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਮੀਟਿੰਗ ਖਤਮ ਹੋਣ ਤੋਂ ਬਾਅਦ ਕਿਹਾ ਕਿ 2 ਅਗਸਤ ਨੂੰ ਹੋਣ ਵਾਲੀ ਕਨਵੈਂਸ਼ਨ 'ਚ ਕੋਈ ਵੀ ਆਗੂ, ਵਿਧਾਇਕ ਨਹੀਂ ਜਾਵੇਗਾ ਕਿਉਂਕਿ ਉਹ ਮੀਟਿੰਗ ਪਾਰਟੀ ਦੇ ਵਿਰੋਧ 'ਚ ਹੈ। ਉਨ੍ਹਾਂ ਤੋਂ ਪੁੱਛਿਆ ਗਿਆ ਕਿ ਜੇਕਰ ਕੋਈ ਉਸ ਕਨਵੈਂਸ਼ਨ 'ਚ ਸ਼ਾਮਲ ਹੁੰਦਾ ਹੈ ਤਾਂ ਉਸ 'ਤੇ ਕੀ ਕਾਰਵਾਈ ਕੀਤੀ ਜਾਵੇਗੀ? ਇਸ 'ਤੇ ਉਨ੍ਹਾਂ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਉਸ ਆਗੂ, ਵਿਧਾਇਕ 'ਤੇ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ ਪਰ ਉਸ ਨੂੰ ਪਾਰਟੀ ਦਾ ਵਿਰੋਧੀ ਕਰਾਰ ਦਿੱਤਾ ਜਾਵੇਗਾ।

ਸਿਸੋਦੀਆ ਨੇ ਕਿਹਾ ਕਿ ਹਰਪਾਲ ਸਿੰਘ ਚੀਮਾ ਨੂੰ ਪਾਰਟੀ ਵਲੋਂ ਵਿਧਾਨਸਭਾ 'ਚ ਵਿਰੋਧੀ ਧਿਰ ਦਾ ਨੇਤਾ ਬਣਾਇਆ ਗਿਆ ਹੈ। ਇਸ ਦੀ ਵੱਖ-ਵੱਖ ਸੰਗਠਨਾਂ ਵਲੋਂ ਡਿਮਾਂਡ ਆ ਰਹੀ ਸੀ, ਜਿਸ ਦੌਰਾਨ ਉਨ੍ਹਾਂ ਨੂੰ ਇਹ ਜਿੰਮੇਵਾਰੀ ਦਿੱਤੀ ਗਈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ 'ਚ ਮੋਦੀ ਜੀ ਜਿਥੇ ਦਲਿਤਾਂ ਖਿਲਾਫ ਰਾਜਨੀਤੀ ਕਰ ਰਹੇ ਹਨ। ਅਜਿਹੇ 'ਚ ਆਮ ਆਦਮੀ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਦਲਿਤਾਂ, ਗਰੀਬਾਂ ਤੇ ਮਜ਼ਲੂਮਾਂ ਨਾਲ ਖੜੀ ਹੋਵੇ। ਉਨ੍ਹਾਂ ਕਿਹਾ ਪੰਜਾਬ 'ਚ 9 ਦਲਿਤ ਐੱਮ. ਐੱਲ. ਏ. ਹਨ, ਜਿਨ੍ਹਾਂ 'ਚੋਂ ਇਕ ਹਰਪਾਲ ਸਿੰਘ ਚੀਮਾ ਵਿਧਾਨ ਸਭਾ 'ਚ ਕਮਾਂਡ ਸੰਭਾਲਣਗੇ। ਉਨ੍ਹਾਂ ਕਿਹਾ ਕਿ ਜਿਥੇ ਪਾਰਟੀ ਦੇ ਬਹੁਤ ਸਾਰੇ ਮੈਂਬਰਾਂ ਵਲੋਂ ਇਸ ਗੱਲ ਦੀ ਪ੍ਰੰਸਸਾਂ ਕੀਤੀ ਗਈ, ਉਥੇ ਹੀ ਦਲਿਤਾਂ ਨੂੰ ਮਿਲ ਰਹੇ ਅਹੁਦਿਆਂ ਤੋਂ ਕਈ ਲੋਕ ਦੁਖੀ ਹਨ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ 'ਚ ਵੀ ਅਜਿਹੇ ਕੁੱਝ ਲੋਕ ਸ਼ਾਮਲ ਹਨ ਅਤੇ ਦੂਜੀਆਂ ਪਾਰਟੀਆਂ ਦੇ ਵੀ ਲੋਕ ਸ਼ਾਮਲ ਹਨ। ਉਨ੍ਹਾ ਕਿਹਾ ਕਿ ਕਈ ਦਲਿਤ ਵਿਰੋਧੀ ਲੋਕ ਚੀਮਾ ਜੀ ਬਾਰੇ ਕਾਫੀ ਕੁੱਝ ਕਹਿ ਰਹੇ ਹਨ। ਉਨ੍ਹਾਂ ਕਿਹਾ ਕਿ ਮੈਨੂੰ ਦੁੱਖ ਹੋ ਰਿਹਾ ਹੈ ਕਿ ਆਪਣੀ ਹੀ ਪਾਰਟੀ ਦੇ ਵੀ ਕੁੱਝ ਲੋਕ ਅਜਿਹੀ ਹਰਕਤ 'ਤੇ ਉਤਰ ਆਏ ਹਨ, ਜਿਨ੍ਹਾਂ ਨੂੰ ਆਪਣਾ ਅਹੁਦਾ ਖੋਹਣ ਦਾ ਡਰ ਹੈ।


Related News