ਦਾਦੂਵਾਲ ਨੇ ਜੇਲ 'ਚੋਂ ਮੁੱਖ ਮੰਤਰੀ ਦੇ ਨਾਂ ਲਿਖੀ ਚਿੱਠੀ

Monday, Nov 04, 2019 - 09:02 AM (IST)

ਦਾਦੂਵਾਲ ਨੇ ਜੇਲ 'ਚੋਂ ਮੁੱਖ ਮੰਤਰੀ ਦੇ ਨਾਂ ਲਿਖੀ ਚਿੱਠੀ

ਤਲਵੰਡੀ ਸਾਬੋ (ਮੁਨੀਸ਼) : ਬਠਿੰਡਾ ਸਿਵਲ ਲਾਈਨ ਵਿਵਾਦ 'ਚ 18 ਅਕਤੂਬਰ ਨੂੰ ਤਲਵੰਡੀ ਸਾਬੋ ਤੋਂ ਗ੍ਰਿਫਤਾਰੀ ਉਪਰੰਤ ਕਪੂਰਥਲਾ ਜੇਲ 'ਚ ਨਜ਼ਰਬੰਦ ਸਰਬੱਤ ਖਾਲਸਾ ਜਥੇ. ਭਾਈ ਬਲਜੀਤ ਸਿੰਘ ਦਾਦੂਵਾਲ ਵੱਲੋਂ ਜੇਲ 'ਚੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਲਿਖੀ ਗਈ ਇਕ ਚਿੱਠੀ ਅੱਜ ਉਨ੍ਹਾਂ ਦੇ ਨਿੱਜੀ ਸੇਵਾਦਾਰ ਭਾਈ ਜਗਮੀਤ ਸਿੰਘ ਨੇ ਇੱਥੋਂ ਪ੍ਰੈੱਸ ਦੇ ਨਾਂ ਜਾਰੀ ਕੀਤੀ। ਉਕਤ ਚਿੱਠੀ 'ਚ ਜਥੇ. ਦਾਦੂਵਾਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੰਬੋਧਨ ਹੁੰਦਿਆਂ ਕਿਹਾ ਕਿ ਪਹਿਲਾਂ ਕੁੱਝ ਪੰਥ ਵਿਰੋਧੀ ਲੋਕ ਮੇਰੇ 'ਤੇ ਤੁਹਾਡੇ ਨਾਲ ਮਿਲੇ ਹੋਣ ਦਾ ਦੋਸ਼ ਲਾਉਂਦਿਆਂ ਕਾਂਗਰਸੀ ਮਿੱਤਰ ਕਰਾਰ ਦੇ ਦਿੰਦੇ ਸਨ ਪਰ ਤੁਹਾਡੇ ਵੱਲੋਂ ਗ੍ਰਿਫਤਾਰੀ ਉਪਰੰਤ ਕੀਤੀ ਨਜ਼ਰਬੰਦੀ ਨੇ ਸਾਬਿਤ ਕਰ ਦਿੱਤਾ ਹੈ ਕਿ ਮੇਰਾ ਕਿਸੇ ਸਿਆਸੀ ਦਲ ਨਾਲ ਕੋਈ ਸਬੰਧ ਨਹੀਂ ਤੇ ਮੈਂ ਕੇਵਲ ਤੇ ਕੇਵਲ ਇਕ ਸਿੱਖ ਪ੍ਰਚਾਰਕ ਹਾਂ।

ਜਥੇ. ਦਾਦੂਵਾਲ ਨੇ ਪੱਤਰ 'ਚ ਕੈਪਟਨ ਸਾਹਿਬ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਤੁਸੀਂ ਬਰਗਾੜੀ ਬੇਅਦਬੀ ਅਤੇ ਗੋਲੀਕਾਂਡ ਦਾ ਪੂਰਾ ਇਨਸਾਫ ਨਹੀਂ ਦਿੱਤਾ ਕਿਉਂਕਿ ਮੈਂ ਬਰਗਾੜੀ ਮੋਰਚੇ ਨੂੰ ਪੂਰਨ ਮੰਗਾਂ ਮੰਨ ਲੈਣ ਤੱਕ ਚੁੱਕੇ ਜਾਣ ਲਈ ਸਹਿਮਤ ਨਹੀਂ ਸੀ, ਇਸ ਲਈ ਮੈਨੂੰ ਸਮੁੱਚੇ ਮਾਮਲੇ 'ਚੋਂ ਬਾਹਰ ਰੱਖ ਕੇ ਬਰਗਾੜੀ ਮੋਰਚੇ ਦੇ ਦੂਜੇ ਆਗੂਆਂ ਨਾਲ ਗੱਲ ਕਰ ਕੇ ਤੁਸੀਂ ਮੋਰਚਾ ਚੁਕਵਾ ਦਿੱਤਾ। ਉਨ੍ਹਾਂ ਲਿਖਿਆ ਕਿ ਬੇਅਦਬੀ ਅਤੇ ਗੋਲੀਕਾਂਡ 'ਚ ਇਨਸਾਫ ਨਾ ਦੇਣ 'ਤੇ ਤੁਹਾਨੂੰ ਲੋਕਾਂ ਦੀ ਕਚਹਿਰੀ 'ਚ ਇਕ ਦਿਨ ਹਿਸਾਬ ਦੇਣਾ ਪਵੇਗਾ।

ਲੰਬੇ ਖਤ 'ਚ ਅੱਗੇ ਮੁੱਖ ਮੰਤਰੀ ਨੂੰ ਸੰਬੋਧਨ ਹੁੰਦਿਆਂ ਜਥੇ. ਦਾਦੂਵਾਲ ਨੇ ਬਠਿੰਡਾ ਦੇ ਸਿਵਲ ਲਾਈਨ ਬਾਰੇ ਦਾਅਵਾ ਕਰਦਿਆਂ ਲਿਖਿਆ ਹੈ ਕਿ ਬਠਿੰਡਾ ਦੇ ਸਿਵਲ ਲਾਈਨ ਇਲਾਕੇ 'ਚ 1972 ਤੋਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਂ 'ਤੇ ਗੁਰੂ ਨਾਨਕ ਹਾਲ ਅਤੇ ਲਾਇਬ੍ਰੇਰੀ ਬਣੀ ਸੀ, ਜਿਸ ਲਈ ਸਰਕਾਰ ਦੇ ਬੀ. ਐਂਡ ਆਰ. ਮਹਿਕਮੇ ਨੇ ਜ਼ਮੀਨ ਦਿੱਤੀ ਸੀ। ਹੁਣ ਉਕਤ ਲਾਇਬ੍ਰੇਰੀ ਤੇ ਹਾਲ ਵਾਲੇ ਸਥਾਨ ਨੂੰ ਇਕ ਕਲੱਬ ਦਾ ਨਾਂ ਦੇ ਕੇ ਉਥੋਂ ਗੁਰੂ ਨਾਨਕ ਸਾਹਿਬ ਦਾ ਨਾਂ ਖਤਮ ਕਰਨ ਦੀ ਕੋਸ਼ਿਸ਼ ਕੁੱਝ ਪ੍ਰਬੰਧਕਾਂ ਵੱਲੋਂ ਕੀਤੀ ਜਾ ਰਹੀ ਸੀ ਤੇ ਇਸੇ ਦੀ ਸ਼ਿਕਾਇਤ ਸੰਗਤ ਨੇ ਉਨ੍ਹਾਂ ਕੋਲ ਕੀਤੀ।

ਉਨ੍ਹਾਂ ਅੱਗੇ ਲਿਖਿਆ ਕਿ ਪ੍ਰਕਾਸ਼ ਪੁਰਬ ਮੌਕੇ ਜਿੱਥੇ ਤੁਸੀਂ 550 ਕੈਦੀ ਰਿਹਾਅ ਕਰਨ ਦਾ ਐਲਾਨ ਕੀਤਾ ਹੈ, ਉਥੇ ਇਕ ਸਿੱਖ ਪ੍ਰਚਾਰਕ ਨੂੰ ਪ੍ਰਕਾਸ਼ ਪੁਰਬ ਮਨਾਉਣ ਦੀ ਕੋਸ਼ਿਸ਼ ਕਰਨ 'ਤੇ ਬੰਦੀ ਬਣਾ ਕੇ ਤੁਸੀਂ ਪ੍ਰਕਾਸ਼ ਪੁਰਬ ਦਾ ਸੰਗਤ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ। ਜਥੇ. ਦਾਦੂਵਾਲ ਨੇ ਅੱਗੇ ਕਿਹਾ ਕਿ ਉਹ ਜਦੋਂ ਤੱਕ ਸਰਕਾਰ ਚਾਹੇ ਜੇਲ 'ਚ ਰਹਿਣ ਲਈ ਤਿਆਰ ਹਨ ਤੇ ਪਹਿਲਾਂ ਵੀ ਰਹਿੰਦੇ ਆਏ ਹਨ ਤੇ ਰਿਹਾਈ ਦੀ ਕੋਈ ਅਪੀਲ ਨਹੀਂ ਕਰ ਰਹੇ ਪਰ ਇਕ ਸੁਝਾਅ ਜ਼ਰੂਰ ਦੇਣਾ ਚਾਹਾਂਗਾ ਕਿ ਸਿੱਖ ਸੰਗਤ ਨੂੰ ਤੁਹਾਡੇ ਕੋਲੋਂ ਬਹੁਤ ਆਸ ਸੀ ਤੇ ਜੇ ਤੁਸੀਂ ਸੰਗਤ ਦੀਆਂ ਆਸਾਂ 'ਤੇ ਖਰੇ ਨਾ ਉਤਰੇ ਤਾਂ ਸੰਗਤ ਤੁਹਾਨੂੰ ਕਦੇ ਮੁਆਫ ਨਹੀਂ ਕਰੇਗੀ।


author

cherry

Content Editor

Related News