ਬਠਿੰਡਾ ’ਚ ਭਾਰਤ ਬੰਦ ਨੂੰ ਪੂਰਨ ਸਮਰਥਨ, ਸੜਕਾਂ ’ਤੇ ਛਾਇਆ ਸੰਨਾਟਾ

Friday, Mar 26, 2021 - 11:19 AM (IST)

ਬਠਿੰਡਾ (ਵਿਜੈ, ਬਲਵਿੰਦਰ): ਸੰਯੁਕਤ ਕਿਸਾਨ ਮੋਰਚਾ ਦੇ ਭਾਰਤ ਬੰਦ ਦੇ ਸੱਦੇ ’ਤੇ ਅੱਜ ਜ਼ਿਲ੍ਹਾ ਬਠਿੰਡਾ ਵੀ ਸਵਰੇ 6 ਤੋਂ ਸ਼ਾਮ 6 ਵਜੇ ਤੱਕ ਪੂਰੀ ਤਰ੍ਹਾਂ ਬੰਦ ਰਿਹਾ,  ਜਿਸ ਦੇ ਚਲਦਿਆਂ ਸਮੂਹ ਕਿਸਾਨ ਜਥੇਬੰਦੀਆਂ ਨੇ ਇਕਜੁੱਟ ਹੋ ਕੇ ਵੱਖ-ਵੱਖ ਚੌਂਕਾਂ ਤੇ ਸੜਕਾਂ ’ਤੇ ਧਰਨੇ ਦੇ ਕੇ ਚੱਕਾ ਜਾਮ ਕਰ ਦਿੱਤਾ। ਜਦਕਿ ਮੌੜ ਮੰਡੀ ਵਿਖੇ ਰੇਲਵੇ ਟਰੈਕ ’ਤੇ ਵੀ ਕਿਸਾਨਾਂ ਵਲੋਂ ਧਰਨਾ ਦਿੱਤਾ ਗਿਆ ਹੈ। ਖਾਸ ਗੱਲ ਇਹ ਰਹੀ ਕਿ ਬੰਦ ਦਾ ਸੱਦਾ ਹੋਣ ’ਤੇ ਆਮ ਲੋਕ ਵੀ ਸੜਕਾਂ ’ਤੇ ਨਹੀਂ ਨਿਕਲੇ, ਜਦਕਿ ਲੋੜਵੰਦ ਲੋਕਾਂ ਨੂੰ ਕਿਸਾਨਾਂ ਨੇ ਵੀ ਪ੍ਰੇਸ਼ਾਨ ਨਹੀਂ ਕੀਤਾ, ਸਗੋਂ ਸਭ ਨੂੰ ਬਿਨਾਂ ਰੋਕੇ ਆਪੋ-ਆਪਣੀਆਂ ਮੰਜਿਲਾਂ ਵੱਲ ਨੂੰ ਜਾਣ ਦਿੱਤਾ ਗਿਆ।
 

PunjabKesari

ਜ਼ਿਕਰਯੋਗ ਹੈ ਕਿ ਕਿਸਾਨ ਅੰਦੋਲਨ ਤਹਿਤ ਦਿੱਲੀ ਬਾਰਡਰਾਂ ’ਤੇ ਦਿੱਤੇ ਗਏ ਧਰਨਿਆਂ ਨੂੰ ਪੂਰੇ ਚਾਰ ਮਹੀਨੇ ਹੋ ਚੁੱਕੇ ਹਨ, ਜੋ ਕਿ 27 ਨਵੰਬਰ 2020 ਨੂੰ ਸ਼ੁਰੂ ਹੋਏ ਸੀ ਤੇ ਅੱਜ 26 ਮਾਰਚ ਹੈ। ਸੰਯੁਕਤ ਕਿਸਾਨ ਮੋਰਚੇ ਨੇ ਚੋਣਾਂ ਵਾਲੇ 5 ਸੂਬਿਆਂ ਨੂੰ ਛੱਡ ਕੇ ਬਾਕੀ ਭਾਰਤ ਬੰਦ ਦਾ ਸੱਦਾ ਦਿੱਤਾ ਸੀ, ਜਿਸ ਨੂੰ ਨਾ ਸਿਰਫ ਕਿਸਾਨ ਜਥੇਬੰਦੀਆਂ ਨੇ ਸਿਰ ਮੱਥੇ ਲਿਆ, ਬਲਕਿ ਵਪਾਰੀ ਵਰਗ, ਮਜ਼ਦੂਰ ਵਰਗ, ਹੋਰ ਵਰਗਾਂ ਤੇ ਆਮ ਲੋਕਾਂ ਵਲੋਂ ਪੂਰਾ ਸਮਰਥਨ ਦਿੱਤਾ ਗਿਆ ਹੈ। ਕਿਉਂਕਿ ਪਹਿਲਾਂ ਕਦੇ ਵੀ ਭਾਰਤ ਬੰਦ ਜਾਂ ਸੂਬਾ ਬੰਦ ਦਾ ਸੱਦਾ ਮਿਲਿਆ ਤਾਂ ਕਦੇ ਵੀ ਪੂਰਾ ਸਮਰਥਨ ਨਹੀਂ ਮਿਲਿਆ।


PunjabKesari

ਬਠਿੰਡਾ ਸ਼ਹਿਰ ਦੇ ਬਾਹਰ ਕਿਸਾਨ ਜਥੇਬੰਦੀਆਂ ਵਲੋਂ ਭਾਈ ਘਨ੍ਹੱਈਆ ਚੌਕ ਵਿਖੇ ਧਰਨਾ ਦਿੱਤਾ ਗਿਆ ਹੈ, ਜੋ ਅੰਮ੍ਰਿਤਸਰ, ਫਿਰੋਜ਼ਪੁਰ, ਫਰੀਦਕੋਟ, ਜਲੰਧਰ, ਮਲੋਟ, ਗਿੱਦੜਬਾਹਾ, ਮੁਕਸਤਸਰ ਆਦਿ ਇਲਾਕਿਆਂ ਨੂੰ ਬਠਿੰਡਾ ਨਾਲ ਜੋੜਦਾ ਹੈ। ਇਸੇ ਤਰ੍ਹਾਂ ਕੋਟਕਪੂਰਾ ਰੋਡ ’ਤੇ ਜੀਦਾ ਟੋਲ ਪਲਾਜ਼ਾ ਅਤੇ ਬਠਿੰਡਾ-ਪਟਿਆਲਾ-ਚੰਡੀਗੜ੍ਹ ਰੋਡ ’ਤੇ ਭੁੱਚੋ ਟੋਲ ਪਲਾਜ਼ਾ ’ਤੇ ਪਹਿਲਾਂ ਹੀ ਪੱਕਾ ਧਰਨਾ ਚੱਲ ਰਿਹਾ ਹੈ। ਦੂਜੇ ਪਾਸੇ ਸਟੇਟ ਹਾਈਵੇ ਬਠਿੰਡਾ-ਮਾਨਸਾ-ਸੁਨਾਮ-ਪਟਿਆਲਾ ਰੋਡ ’ਤੇ ਮੌੜ ਚੌਕ, ਭੁੱਚੋ ਕੈਂਚੀਆਂ ਅਤੇ ਬਠਿੰਡਾ-ਤਲਵੰਡੀ-ਮਾਨਸਾ ਰੋਡ ’ਤੇ ਤਲਵੰਡੀ ਸਾਬੋ ਚੌਕ ’ਤੇ ਧਰਨਾ ਲਗਾ ਕੇ ਵੀ ਸੜਕਾਂ ਬੰਦ ਕੀਤੀਆਂ ਹੋਈਆਂ ਹਨ। ਇਸ ਤੋਂ ਇਲਾਵਾ ਮੌੜ-ਤਲਵੰਡੀ ਰੇਲਵੇ ਟਰੈਕ ’ਤੇ ਵੀ ਮੌੜ ਬਲਾਕ ਦੇ ਕਿਸਾਨਾਂ ਵਲੋਂ ਧਰਨਾ ਦਿੱਤਾ ਗਿਆ ਹੈ, ਜਿਨ੍ਹਾਂ ਦਾ ਕਹਿਣਾ ਸੀ ਕਿ ਉਹ ਸਵੇਰੇ 6 ਵਜੇ ਇਥੇ ਪਹੁੰਚ ਗਏ ਸਨ ਤੇ ਸ਼ਾਮ 6 ਵਜੇ ’ਤੇ ਧਰਨਾ ਜਾਰੀ ਰੱਖਿਆ ਜਾਵੇਗਾ।
 

PunjabKesari

ਭਾਈ ਘਨ੍ਹੱਈਆ ਚੌਕ ’ਤੇ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਨਾਇਬ ਸਿੰਘ ਔਲਖ ਨੇ ਕਿਹਾ ਕਿ ਭਾਰਤ ਬੰਦ ਨੂੰ ਪੂਰਨ ਸਮਰਥਨ ਮਿਲ ਰਿਹਾ ਹੈ। ਉਹ ਸਰਕਾਰ ਨੂੰ ਦੱਸਣਾ ਚਾਹੁੰਦੇ ਹਨ ਕਿ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਖਾਤਰ ਪੂਰਾ ਦੇਸ਼ ਕਿਸਾਨਾਂ ਦੇ ਨਾਲ ਹੈ। ਇਸ ਲਈ ਚੰਗਾ ਹੋਵੇਗਾ ਕਿ ਸਰਕਾਰ ਕਾਨੂੰਨ ਰੱਦ ਕਰ ਲਵੇ, ਨਹੀਂ ਫਿਰ ਇਸ ਦੇ ਨਤੀਜੇ ਹੋਰ ਵੀ ਮਾੜੇ ਨਿਕਲ ਸਕਦੇ ਹਨ ਕਿਉਂਕਿ ਕਿਸਾਨ ਇਸ ਤੋਂ ਘੱਟ ਮੰਨਣ ਵਾਲਾ ਨਹੀਂ ਹੈ।ਸਰਾਫਾ ਐਸੋਸੀਏਸ਼ਨ ਬਠਿੰਡਾ ਦੇ ਪ੍ਰਧਾਨ ਦਰਵਜੀਤ ਸਿੰਘ ਮੈਰੀ ਤੇ ਹੋਰ ਵਪਾਰੀਆਂ ਦਾ ਕਹਿਣਾ ਸੀ ਕਿ ਉਹ ਕਿਸਾਨਾਂ ਦੇ ਨਾਲ ਹਨ, ਇਸ ਲਈ ਅੱਜ ਬਾਜ਼ਾਰ ਬੰਦ ਕਰਕੇ ਭਾਰਤ ਬੰਦ ਨੂੰ ਪੂਰਨ ਸਮਰਥਨ ਦਿੱਤਾ ਹੈ।ਇਸ ਦੌਰਾਨ ਪੁਲਸ ਨੇ ਧਰਨਿਆਂ ਤੋਂ ਪਹਿਲਾਂ ਬਰੀਕੇਡ ਲਗਾ ਕੇ ਸੜਕਾਂ ਜਾਮ ਕੀਤੀਆਂ ਹੋਈਆਂ ਸਨ ਤੇ ਇੱਕਾ-ਦੁੱਕਾ ਆਉਣ ਵਾਲੇ ਲੋਕਾਂ ਨੂੰ ਵਾਪਸ ਮੋੜ ਰਹੇ ਸਨ, ਪਰ ਕਿਸਾਨ ਆਗੂ ਜ਼ਰੂਰਤਮੰਦਾਂ ਨੂੰ ਲੰਘਣ ਲਈ ਬਦਲਵਾਂ ਰਾਸਤਾ ਵੀ ਦਿਖਾ ਰਹੇ ਸਨ।

PunjabKesari

PunjabKesari


Shyna

Content Editor

Related News