ਬਠਿੰਡਾ ਦੇ ਦਰਦਨਾਕ ਹਾਦਸੇ ''ਚ ਕਈਆਂ ਨੇ ਗੁਆਇਆ ਆਪਣਿਆਂ ਦਾ ਸਾਥ
Thursday, Nov 09, 2017 - 02:50 PM (IST)
ਬਠਿੰਡਾ (ਵਰਮਾ/ਸੁਖਵਿੰਦਰ,ਪਰਮਿੰਦਰ)-ਭੁੱਚੋ ਖੁਰਦ ਨਜ਼ਦੀਕ ਹੋਏ ਭਿਆਨਕ ਹਾਦਸੇ 'ਚ ਬਚੇ ਚਰਨਜੀਤ ਸਿੰਘ ਨੇ ਦੱਸਿਆ ਕਿ ਉਹ ਆਪਣੇ 4-5 ਕਲਾਸਮੇਟਸ ਨਾਲ ਰਾਮਪੁਰਾ ਤੋਂ ਬਠਿੰਡਾ ਬੱਸ ਸਰਵਿਸ ਦੀ ਬੱਸ ਤੋਂ ਆ ਰਿਹਾ ਸੀ। ਉਕਤ ਬੱਸ ਦੀ ਪੁਲ 'ਤੇ ਇਕ ਹੋਰ ਬੱਸ ਨਾਲ ਟੱਕਰ ਹੋਣ ਕਾਰਨ ਉਹ ਲੋਕ ਤੇ ਹੋਰ ਸਵਾਰੀਆਂ ਬੱਸ ਨਾਲ ਉਤਰ ਆਏ। ਉਹ ਲੋਕ ਬਠਿੰਡਾ ਜਾਣ ਲਈ ਸੜਕ ਕਿਨਾਰੇ 'ਤੇ ਖੜ੍ਹੇ ਹੋ ਕੇ ਦੂਜੀ ਬੱਸ ਦਾ ਇੰਤਜ਼ਾਰ ਕਰਨ ਲੱਗੇ। ਇਸ ਦੌਰਾਨ ਇਕ ਤੇਜ਼ ਰਫਤਾਰ ਟਿੱਪਰ ਉਨ੍ਹਾਂ ਵੱਲ ਆਉਂਦਾ ਦਿਖਾਈ ਦਿੱਤਾ। ਉਸ ਨੇ ਆਪਣੇ ਦੋਸਤ ਨੂੰ ਇਕ ਪਾਸੇ ਖਿੱਚ ਕੇ ਇਕ ਪਾਸੇ ਕਰ ਦਿੱਤਾ ਤੇ ਭੱਜ ਕੇ ਜਾਣ ਬਚਾਈ ਪਰ ਉਕਤ ਟਿੱਪਰ ਨੇ ਦੇਖਦੇ ਹੀ ਦੇਖਦੇ ਉਸ ਦੇ ਬਾਕੀ ਦੋਸਤਾਂ ਨੂੰ ਕੁਚਲ ਦਿੱਤਾ। ਚਰਨਜੀਤ ਸਿੰਘ ਨੇ ਦੱਸਿਆ ਕਿ ਉਸ ਨੇ ਆਪਣੇ ਕਲਾਸਮੇਟ ਪ੍ਰਿਯਾ ਨੂੰ ਜ਼ਖਮੀ ਹਾਲਤ 'ਚ ਸਿਵਲ ਹਸਪਤਾਲ ਪਹੁੰਚਾਇਆ। ਚਰਨਜੀਤ ਨੇ ਰੋਂਦਿਆਂ ਦੱਸਿਆ ਕਿ ਉਸ ਨੇ ਇਸ ਹਾਦਸੇ ਵਿਚ ਆਪਣੇ ਕਈ ਦੋਸਤ ਖੋਹ ਦਿੱਤੇ ਹਨ। ਉਸ ਨੇ ਕਿਹਾ ਕਿ ਪੁਲ ਉਪਰ ਕਿਸੀ ਤਰ੍ਹਾਂ ਦੀ ਲਾਈਟ ਜਾਂ ਅਲਰਟ ਲਾਈਟ ਦੀ ਵਿਵਸਥਾ ਨਹੀਂ ਹੈ। ਇਸ ਦੇ ਨਾਲ ਹੀ ਨਜ਼ਦੀਕ ਕੋਈ ਪੁਲਸ ਮੁਲਾਜ਼ਮਾਂ ਜਾਂ ਐਂਬੂਲੈਂਸ ਦੀ ਤਾਇਨਾਤੀ ਵੀ ਨਹੀਂ ਹੈ।
ਲਵਪ੍ਰੀਤ ਨੂੰ ਅਜੇ ਮਿਲਣੀ ਸੀ ਪਹਿਲੀ ਤਨਖਾਹ
ਭੁੱਚੋ ਖੁਰਦ 'ਚ ਟਿੱਪਰ ਦੀ ਲਪੇਟ ਵਿਚ ਆ ਕੇ ਮੌਤ ਦੇ ਮੂੰਹ 'ਚ ਗਈ ਲਵਪ੍ਰੀਤ ਕੌਰ ਦੀ ਤਾਇਨਾਤੀ ਅਜੇ 10 ਮਹੀਨਿਆਂ ਪਹਿਲਾਂ ਹੀ ਫੂਡ ਸਪਲਾਈ ਵਿਭਾਗ ਵਿਚ ਹੋਈ ਸੀ, ਜਿਸ ਨੂੰ ਅਜੇ ਤੱਕ ਤਨਖਾਹ ਨਹੀਂ ਮਿਲੀ ਸੀ। ਹਸਪਤਾਲ ਵਿਚ ਕੁਝ ਲੋਕਾਂ ਨੇ ਦੱਸਿਆ ਕਿ ਲਵਪ੍ਰੀਤ ਨੂੰ 10 ਮਹੀਨਿਆਂ ਦੀ ਤਨਖਾਹ ਇਕ ਵਾਰ 'ਚ ਮਿਲਣੀ ਸੀ ਪਰ ਇਸ ਤੋਂ ਪਹਿਲਾਂ ਹੀ ਉਹ ਇਸ ਹਾਦਸੇ ਦਾ ਸ਼ਿਕਾਰ ਹੋ ਗਈ। ਹਾਲਾਂਕਿ ਲਵਪ੍ਰੀਤ ਦੇ ਪਰਿਵਾਰਕ ਮੈਂਬਰਾਂ ਨਾਲ ਗੱਲ ਨਹੀਂ ਹੋ ਸਕੀ ਪਰ ਉਸ ਦੇ ਪਿੰਡ ਦੇ ਕੁਝ ਲੋਕਾਂ ਨੇ ਇਸ ਦੀ ਪੁਸ਼ਟੀ ਕੀਤੀ। ਹਾਦਸੇ 'ਚ ਮਾਰੇ ਗਏ 10 ਲੋਕਾਂ 'ਚੋਂ 8 ਵਿਦਿਆਰਥੀ ਸਨ, ਜਿਨ੍ਹਾਂ 'ਚੋਂ 1-2 ਦੀ ਅੱਜ ਪ੍ਰੀਖਿਆ ਵੀ ਸੀ।
ਓਵਰਬ੍ਰਿਜਾਂ 'ਤੇ ਕਰੋੜਾਂ ਖਰਚ ਪਰ ਨਹੀਂ ਹੈ ਸੁਰੱਖਿਆ ਦਾ ਪ੍ਰਬੰਧ
ਬਠਿੰਡਾ-ਚੰਡੀਗੜ੍ਹ ਰੋਡ 'ਤੇ ਭੁੱਚੋ ਖੁਰਦ ਨਜ਼ਦੀਕ ਹੋਏ ਹਾਦਸੇ ਨੇ ਪੰਜਾਬ 'ਚ ਧੜੱਲੇ ਨਾਲ ਬਣਾਏ ਜਾ ਰਹੇ ਓਵਰਬ੍ਰਿਜਾਂ 'ਤੇ ਵੀ ਸਵਾਲੀਆ ਨਿਸ਼ਾਨ ਲਾ ਦਿੱਤਾ। ਓਵਰਬ੍ਰਿਜਾਂ 'ਚ ਕਥਿਤ ਕਮੀਆਂ ਕਾਰਨ ਇਨ੍ਹਾਂ ਪੁਲਾਂ 'ਤੇ ਲਗਾਤਾਰ ਹਾਦਸੇ ਹੋ ਰਹੇ ਹਨ। ਮੌਕੇ 'ਤੇ ਮੌਜੂਦ ਲੋਕਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਪੁਲਾਂ 'ਤੇ ਸਰਕਾਰਾਂ ਨੇ ਕਰੋੜਾਂ ਰੁਪਏ ਖਰਚ ਕਰ ਦਿੱਤੇ ਪਰ ਲੋਕਾਂ ਦੀ ਸੁਰੱਖਿਆ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ। ਓਵਰਬ੍ਰਿਜਾਂ 'ਤੇ ਕੋਈ ਫੁੱਟਪਾਥ ਨਹੀਂ ਬਣਾਇਆ ਗਿਆ ਤਾਂ ਕਿ ਲੋਕ ਪੈਦਲ ਉਨ੍ਹਾਂ 'ਤੇ ਚੱਲ ਸਕਣ ਤੇ ਹਾਦਸਿਆਂ ਤੋਂ ਬਚਾਅ ਹੋ ਸਕੇ। ਸਿਵਲ ਹਸਪਤਾਲ 'ਚ ਇਕੱਠੇ ਹੋਏ ਲੋਕਾਂ ਨੇ ਵੀ ਦੱਸਿਆ ਕਿ ਬਠਿੰਡਾ ਤੋਂ ਲੈ ਕੇ ਭੁੱਚੋ ਮੰਡੀ ਤੱਕ 4-5 ਓਵਰਬ੍ਰਿਜ ਬਣਾ ਦਿੱਤੇ ਗਏ ਹਨ, ਜਿਨ੍ਹਾਂ 'ਤੇ ਪੈਦਲ ਲੋਕਾਂ ਦੇ ਚੱਲਣ ਲਈ ਕੋਈ ਪ੍ਰਬੰਧ ਨਹੀਂ ਹੈ। ਇਹੀ ਨਹੀਂ ਓਵਰਬ੍ਰਿਜਾਂ 'ਤੇ ਕੋਈ ਰਿਫਲੈਕਟਰ ਜਾਂ ਅਲਰਟ ਕਰਨ ਵਾਲੀ ਲਾਈਟਾਂ ਦਾ ਵੀ ਪ੍ਰਬੰਧ ਨਹੀਂ ਹੈ, ਜਿਸ ਕਾਰਨ ਹਰ ਸਮੇਂ ਹਾਦਸੇ ਦਾ ਡਰ ਬਣਿਆ ਰਹਿੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਉਕਤ ਪੁਲ 'ਤੇ ਫੁੱਟਪਾਥ ਹੁੰਦਾ ਤਾਂ ਇਸ ਹਾਦਸੇ ਨੂੰ ਟਾਲਿਆ ਜਾ ਸਕਦਾ ਸੀ।
ਹਸਪਤਾਲ 'ਚ ਹਾਦਸੇ ਤੋਂ ਇਕ ਘੰਟੇ ਬਾਅਦ ਕੀਤੇ ਗਏ ਪ੍ਰਬੰਧ
ਭੁੱਚੋ ਖੁਰਦ ਨਜ਼ਦੀਕ ਹੋਏ ਭਿਆਨਕ ਹਾਦਸੇ ਵਿਚ 10 ਲੋਕਾਂ ਦੀ ਮੌਤ ਤੋਂ ਬਾਅਦ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਠਿੰਡਾ ਲਿਆਂਦਾ ਗਿਆ, ਜਿਥੇ ਪਹਿਲਾਂ ਤੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ। ਹਾਲਾਂਕਿ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਨੇ ਘਟਨਾ ਸਥਾਨ 'ਤੇ ਪਹੁੰਚਦੇ ਹੀ ਸਿਵਲ ਹਸਪਤਾਲ ਦੇ ਅਧਿਕਾਰੀਆਂ ਨੂੰ ਜ਼ਰੂਰੀ ਪ੍ਰਬੰਧ ਕਰਨ ਦੀਆਂ ਹਦਾਇਤਾਂ ਦੇ ਦਿੱਤੀਆਂ ਸਨ ਪਰ ਲਾਸ਼ਾਂ ਸਿਵਲ ਹਸਪਤਾਲ ਪਹੁੰਚਣ ਤੱਕ ਵੀ ਹਸਪਤਾਲ ਪ੍ਰਸ਼ਾਸਨ ਵੱਲੋਂ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਸੀ। ਕਰੀਬ ਇਕ ਘੰਟੇ ਬਾਅਦ ਪੋਸਟਮਾਰਟਮ ਕਰਨ ਲਈ 3 ਮੈਂਬਰੀ ਬੋਰਡ ਬਣਾਇਆ ਗਿਆ, ਜਿਸ ਤੋਂ ਬਾਅਦ ਪੋਸਟਮਾਰਟਮ ਦੀ ਕਾਰਵਾਈ ਸ਼ੁਰੂ ਹੋ ਸਕੀ।
ਪੀ. ਆਰ. ਟੀ. ਸੀ. ਦੀਆਂ ਬੱਸਾਂ ਹੋ ਰਹੀਆਂ ਹਾਦਸਿਆਂ ਦਾ ਸ਼ਿਕਾਰ
ਪੀ.ਆਰ.ਟੀ.ਸੀ. ਦੀਆਂ ਬੱਸਾਂ ਵੀ ਲਗਾਤਾਰ ਹਾਦਸਿਆਂ ਦਾ ਸ਼ਿਕਾਰ ਹੋ ਰਹੀਆਂ ਹਨ। ਕਈ ਬੱਸਾਂ ਦੀ ਖਸਤਾਹਾਲਤ ਹੈ ਤੇ ਉਨ੍ਹਾਂ ਦੀਆਂ ਲਾਈਟਾਂ ਵੀ ਨਹੀਂ ਹਨ। ਕਈ ਬੱਸਾਂ ਦੀ ਬੈਕ ਲਾਈਟਸ ਵੀ ਟੁੱਟੀ ਹੋਈ ਹੈ। ਪੀ.ਆਰ.ਟੀ.ਸੀ. ਦੀਆਂ ਬੱਸਾਂ ਪਿਛਲੇ 2 ਦਿਨਾਂ ਵਿਚ 5 ਹਾਦਸਿਆਂ ਦਾ ਸ਼ਿਕਾਰ ਹੋ ਚੁਕੀਆਂ ਹਨ। ਪਤਾ ਲੱਗਾ ਹੈ ਕਿ ਬੀਤੇ 2 ਦਿਨਾਂ ਦੌਰਾਨ ਪੀ.ਆਰ.ਟੀ.ਸੀ. ਦੀਆਂ ਬੱਸਾਂ ਨੂੰ ਭਵਾਨੀਗੜ੍ਹ, ਮੁਕਤਸਰ, ਕੋਟਸ਼ਮੀਰ ਤੇ ਅੰਮ੍ਰਿਤਸਰ ਵਿਚ ਹਾਦਸੇ ਹੋ ਚੁਕੇ ਹਨ। ਭੁੱਚੋ ਖੁਰਦ ਵਿਚ ਵੀ ਪੀ.ਆਰ.ਟੀ.ਸੀ. ਦੀਆਂ 2 ਬੱਸਾਂ ਹਾਦਸਾਗ੍ਰਸਤ ਹੋਈਆਂ ਹਨ।
ਬਠਿੰਡਾ ਦੇ ਸਕੂਲਾਂ 'ਚ ਅਗਲੇ ਆਦੇਸ਼ਾਂ ਤੱਕ ਛੁੱਟੀ ਦਾ ਐਲਾਨ
ਸਮੋਗ ਕਾਰਨ ਹੋ ਰਹੇ ਹਾਦਸਿਆਂ ਨੂੰ ਦੇਖਦਿਆਂ ਜ਼ਿਲਾ ਪ੍ਰਸ਼ਾਸਨ ਨੇ ਨਰਸਰੀ ਤੋਂ ਪ੍ਰਾਇਮਰੀ ਤੱਕ ਦੇ ਸਕੂਲਾਂ 'ਚ ਛੁੱਟੀਆਂ ਦਾ ਐਲਾਨ ਕਰ ਦਿੱਤਾ ਹੈ। ਵਧੀਕ ਜ਼ਿਲਾ ਮੈਜਿਸਟਰੇਟ ਸ਼ੇਨਾ ਅਗਰਵਾਲ ਨੇ ਦੱਸਿਆ ਕਿ ਸਮੋਗ ਕਾਰਨ ਛੋਟੇ ਬੱਚਿਆਂ ਨੂੰ ਆ ਰਹੀਆਂ ਦਿੱਕਤਾਂ ਅਤੇ ਧੂੰਦ ਕਾਰਨ ਹੋ ਰਹੇ ਹਾਦਸਿਆਂ ਨੂੰ ਦੇਖਦੇ ਹੋਏ ਨਰਸਰੀ ਤੋਂ ਪੰਜਵੀਂ ਕਲਾਸ ਤੱਕ ਦੇ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਨੂੰ 9 ਨਵੰਬਰ ਤੋਂ ਅਗਲੇ ਹੁਕਮਾਂ ਤੱਕ ਬੰਦ ਰੱਖਿਆ ਜਾਵੇਗਾ। ਪੰਜਵੀਂ ਕਲਾਸ ਤੋਂ ਉਪਰ ਸਾਰੇ ਸਕੂਲ, ਕਾਲਜ, ਆਈ.ਟੀ.ਆਈ. ਤੇ ਹੋਰ ਸਿੱਖਿਅਕ ਸੰਸਥਾਵਾਂ ਨੇ ਖੁੱਲ੍ਹਣ ਦਾ ਸਮਾਂ ਵੀ ਸਵੇਰੇ 10 ਵਜੇ ਤੱਕ ਨਿਰਧਾਰਿਤ ਕਰ ਦਿੱਤਾ ਹੈ। ਓਧਰ, ਇਕ ਹੋਰ ਸੂਚਨਾ ਅਨੁਸਾਰ ਪੰਜਾਬ ਸਰਕਾਰ ਨੇ ਵੀ ਸਾਰੇ ਸਰਕਾਰੀ ਤੇ ਨਿੱਜੀ ਸਕੂਲਾਂ ਨੂੰ 11 ਨਵੰਬਰ ਤੱਕ ਬੰਦ ਕਰਨ ਦੀ ਘੋਸ਼ਣਾ ਕੀਤੀ ਹੈ।
ਪਸ਼ੂ ਵੀ ਬਣ ਰਹੇ ਹਾਦਸਿਆਂ ਦਾ ਸਬੱਬ
ਸਮੋਗ ਕਾਰਨ ਵਿਜ਼ੀਬਿਲਟੀ ਬਹੁਤ ਘੱਟ ਹੋ ਗਈ ਹੈ, ਜਿਸ ਕਾਰਨ ਲਗਾਤਾਰ ਹਾਦਸੇ ਹੋ ਰਹੇ ਹਨ। ਇਨ੍ਹਾਂ ਹਾਦਸਿਆਂ ਵਿਚ ਸੜਕਾਂ 'ਤੇ ਘੁੰਮ ਰਹੇ ਲਾਵਾਰਿਸ ਪਸ਼ੂ ਵੀ ਵਾਧਾ ਦਰਜ ਕਰਵਾ ਰਹੇ ਹਨ। ਕਈ ਸੜਕਾਂ 'ਤੇ ਤਾਂ ਰਾਤ ਸਮੇਂ ਪਸ਼ੂਆਂ ਦੇ ਝੂੰਡ ਵੀ ਦੇਖਣ ਨੂੰ ਮਿਲੇ ਹਨ। ਸਮੋਗ ਕਾਰਨ ਉਕਤ ਪਸ਼ੂ ਹਾਦਸੇ ਦਾ ਸ਼ਿਕਾਰ ਹੋ ਜਾਂਦੇ ਹਨ। ਬੇਸ਼ੱਕ ਨਗਰ ਨਿਗਮ ਤੇ ਸਰਕਾਰ ਲਾਵਾਰਿਸ ਪਸ਼ੂਆਂ ਦੀ ਸੰਭਾਲ ਦੇ ਨਾਂ 'ਤੇ ਲੋਕਾਂ ਤੋਂ ਟੈਕਸ ਦੀ ਵਸੂਲੀ ਵੀ ਕਰ ਰਹੀ ਹੈ ਪਰ ਇਸ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ।
