ਬਠਿੰਡਾ 'ਚ ਦਿਨ-ਦਿਹਾੜੇ 3 ਲੱਖ 90 ਹਜ਼ਾਰ ਦੀ ਲੁੱਟ, ਕਰਮਚਾਰੀ ਹੀ ਨਿਕਲਿਆ ਮਾਸਟਰ ਮਾਈਂਡ

Saturday, Oct 12, 2019 - 10:55 AM (IST)

ਬਠਿੰਡਾ 'ਚ ਦਿਨ-ਦਿਹਾੜੇ 3 ਲੱਖ 90 ਹਜ਼ਾਰ ਦੀ ਲੁੱਟ, ਕਰਮਚਾਰੀ ਹੀ ਨਿਕਲਿਆ ਮਾਸਟਰ ਮਾਈਂਡ

ਬਠਿੰਡਾ (ਵਰਮਾ) : ਦਿਨ-ਦਿਹਾੜੇ ਲੁਟੇਰਿਆਂ ਨੇ ਇਕ ਵੱਡੀ ਘਟਨਾ ਨੂੰ ਅੰਜਾਮ ਦਿੰਦੇ ਹੋਏ ਅੱਖਾਂ 'ਚ ਮਿਰਚਾਂ ਪਾ ਕੇ ਵਪਾਰੀ ਤੋਂ 3 ਲੱਖ 90 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਨੇ ਨਾਕਾਬੰਦੀ ਕਰਕੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਜਾਂਚ ਸ਼ੁਰੂ ਕੀਤੀ ਤਾਂ ਪੁਲਸ ਦੇ ਹੱਥ ਕੁੱਝ ਇਸ ਤਰ੍ਹਾਂ ਦੇ ਸੁਰਾਗ ਲੱਗੇ ਹਨ, ਜਿਸ ਨਾਲ ਸ਼ੱਕ ਦੀ ਸੂਈ ਕਰਮਚਾਰੀ 'ਤੇ ਆ ਟਿੱਕੀ ਜੋ ਪੈਸੇ ਕੱਢਵਾ ਕੇ ਲਿਆਇਆ ਸੀ। ਪੁਲਸ ਨੇ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਉਸ ਨੇ ਆਪਣਾ ਜੁਰਮ ਕਬੂਲ ਕਰ ਲਿਆ, ਜਦਕਿ ਪੁਲਸ ਨੇ 14 ਹਜ਼ਾਰ ਰੁਪਏ ਘੱਟ ਪੂਰੀ ਰਕਮ ਬਰਾਮਦ ਕਰ ਲਈ।

ਪੁਲਸ ਨੂੰ ਭੰਡਾਰੀ ਇੰਜੀਨੀਅਰ ਕੰਪਨੀ ਦੇ ਕਰਮਚਾਰੀ ਸਤੀਸ਼ ਫਰੂਤੀ (55) ਨੇ ਦੱਸਿਆ ਕਿ ਸ਼ੁੱਕਰਵਾਰ ਦੁਪਹਿਰ ਨੂੰ ਲਗਭਗ 1.30 ਵਜੇ ਉਸ ਨੇ ਬੈਂਕ ਤੋਂ 3 ਲੱਖ 90 ਹਜ਼ਾਰ ਰੁਪਏ ਕਢਵਾਏ ਅਤੇ ਚੱਲ ਪਿਆ। ਜਿਵੇਂ ਹੀ ਉਹ ਰਾਜਿੰਦਰਾ ਕਾਲਜ ਕੋਲ ਪੁੱਜਾ ਤਾਂ ਉਸ ਦੇ ਪਿੱਛੇ ਲੱਗੇ 2 ਮੋਟਰਸਾਈਕਲ ਸਵਾਰਾਂ ਨੇ ਉਸ ਦੀਆਂ ਅੱਖਾਂ 'ਚ ਮਿਰਚਾਂ ਪਾਈਆਂ ਤੇ ਪੈਸਿਆਂ ਨਾਲ ਭਰਿਆ ਥੈਲਾ ਖੋਹ ਲਿਆ। ਮਿਰਚੀ ਦੀ ਜਲਣ ਤੋਂ ਉਨ੍ਹਾਂ ਦਾ ਕਰਮਚਾਰੀ ਜ਼ਮੀਨ 'ਤੇ ਡਿੱਗ ਕੇ ਤੜਫਨ ਲੱਗਾ ਤਾਂ ਨੇੜੇ ਮੌਜੂਦ ਕੁੱਝ ਲੋਕਾਂ ਨੇ ਉਸ ਨੂੰ ਚੱਕ ਕੇ ਸਿਵਲ ਹਸਪਤਾਲ ਪਹੁੰਚਾਇਆ। ਜਾਣਕਾਰੀ ਮਿਲਦੇ ਹੀ ਮੌਕੇ 'ਤੇ ਡੀ. ਐੱਸ. ਪੀ. ਰੋਮਾਨਾ ਅਤੇ ਹੋਰ ਪੁਲਸ ਕਰਮਚਾਰੀ ਪੁੱਜੇ, ਜਿਨ੍ਹਾਂ ਨੇ ਘਟਨਾ ਦਾ ਜਾਇਜ਼ਾ ਲਿਆ। ਪੁਲਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਨ ਲੱਗੀ ਤਾਂ ਉਨ੍ਹਾਂ ਦੇ ਹੱਥ ਕੁੱਝ ਇਸ ਤਰ੍ਹਾਂ ਦੇ ਸਬੂਤ ਲੱਗੇ ਤਾਂ ਉਨ੍ਹਾਂ ਕਰਮਚਾਰੀ ਸਤੀਸ਼ ਫਰੂਤੀ ਤੋਂ ਸੱਚ ਉਗਲਵਾ ਲਿਆ। ਪੁਲਸ ਚੌਕੀ ਇੰਚਾਰਜ ਰਾਜਪਾਲ ਨੇ ਦੱਸਿਆ ਕਿ ਉਕਤ ਕਰਮਚਾਰੀ ਨੇ ਹੀ ਪੈਸੇ ਹੜੱਪਣ ਦੀ ਸਾਜ਼ਿਸ਼ ਰਚੀ ਸੀ ਅਤੇ ਉਸ ਨੇ ਆਪਣੇ ਨਾਲ 2 ਵਿਅਕਤੀਆਂ ਨੂੰ ਇਸ ਪਲਾਨ 'ਚ ਸ਼ਾਮਲ ਕੀਤਾ ਸੀ, ਜਿਨ੍ਹਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਫਿਲਹਾਲ ਉਹ ਦੋਵੇਂ ਫ਼ਰਾਰ ਹਨ, ਜਲਦ ਹੀ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਕੰਪਨੀ ਮਾਲਕ ਪ੍ਰਿਥਵੀ ਚੰਦ ਭੰਡਾਰੀ ਨੇ ਦੱਸਿਆ ਕਿ ਉਕਤ ਕਰਮਚਾਰੀ ਵਾਸੀ ਡੱਬਵਾਲੀ ਉਨ੍ਹਾਂ ਕੋਲ ਪਿਛਲੇ 4 ਸਾਲ ਤੋਂ ਕੰਮ ਕਰ ਰਿਹਾ ਸੀ। ਬੈਂਕ 'ਚ ਪੈਸੇ ਜਮ੍ਹਾ ਕਰਵਾਉਣ ਅਤੇ ਕਢਵਾ ਕੇ ਲਿਆਉਣ ਦਾ ਜ਼ਿਆਦਾਤਰ ਕੰਮ ਉਹੀ ਕਰਦਾ ਸੀ। ਉਨ੍ਹਾਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਸਤੀਸ਼ ਦੀ ਲੜਕੀ ਦਾ ਵਿਆਹ ਸੀ ਜਿਸ ਲਈ ਉਨ੍ਹਾਂ ਨੇ ਉਸ ਨੂੰ 50 ਹਜ਼ਾਰ ਰੁਪਏ ਦਿੱਤੇ ਸੀ। ਬਾਵਜੂਦ ਇਸ ਦੇ ਕਿਸੇ ਵੀ ਵਫ਼ਾਦਾਰ ਕਰਮਚਾਰੀ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।


author

cherry

Content Editor

Related News