ਭਾਬੀ ਹਰਸਿਮਰਤ ਦੇ ਰਾਜਨੀਤਕ ਮਨਸੂਬਿਆਂ ''ਤੇ ਦਿਓਰ ਮਨਪ੍ਰੀਤ ਬਾਦਲ ਨੇ ਫੇਰਿਆ ਪਾਣੀ

Monday, Dec 23, 2019 - 01:23 PM (IST)

ਭਾਬੀ ਹਰਸਿਮਰਤ ਦੇ ਰਾਜਨੀਤਕ ਮਨਸੂਬਿਆਂ ''ਤੇ ਦਿਓਰ ਮਨਪ੍ਰੀਤ ਬਾਦਲ ਨੇ ਫੇਰਿਆ ਪਾਣੀ

ਬਠਿੰਡਾ : ਸੋਮਵਾਰ ਭਾਵ ਅੱਜ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅਮਰੁਤ ਯੋਜਨਾ ਤਹਿਤ ਬਠਿੰਡਾ ਨੂੰ ਕੇਂਦਰ ਸਰਕਾਰ ਤੋਂ ਮਿਲੇ ਫੰਡ ਨਾਲ ਸੀਵਰੇਜ ਅਤੇ ਪਾਣੀ ਦੇ ਵਿਕਾਸ ਕੰਮਾਂ ਦਾ ਉਦਘਾਟਨ ਕਰਨਾ ਸੀ ਪਰ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਭਾਬੀ ਹਰਸਿਮਰਤ ਕੌਰ ਬਾਦਲ ਦੇ ਰਾਜਨੀਤਕ ਮਨਸੂਬਿਆਂ 'ਤੇ ਪਾਣੀ ਫੇਰ ਦਿੱਤਾ ਹੈ। ਦਰਅਸਲ ਇਸ ਵਿਚ 50 ਫੀਸਦੀ ਹਿੱਸਾ ਸੂਬਾ ਸਰਕਾਰ ਨੇ ਅਤੇ 50 ਫੀਸਦੀ ਕੇਂਦਰ ਸਰਕਾਰ ਨੇ ਖਰਚ ਕਰਨਾ ਹੈ। ਖ਼ਜ਼ਾਨਾ ਮੰਤਰੀ ਨੇ ਸੂਬੇ ਵਿਚ ਆਪਣੀ ਸਰਕਾਰ ਅਤੇ ਫੰਡ ਵਿਚ ਆਪਣਾ 50 ਫ਼ੀਸਦੀ ਦਾ ਸ਼ੇਅਰ ਹੋਣ ਕਾਰਨ ਸ਼ਹਿਰ ਵਿਚ ਦੋ ਥਾਂਵਾਂ 'ਤੇ ਇਨ੍ਹਾਂ ਕੰਮਾਂ ਦੀ ਸ਼ੁਰੂਆਤ ਐਤਵਾਰ ਨੂੰ ਹੀ ਕਰ ਦਿੱਤੀ।

ਸ਼ਹਿਰ ਦੇ ਸੀਵਰੇਜ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੇਂਦਰ ਦੀ ਅਮਰੁਤ ਯੋਜਨਾ ਤਹਿਤ 48.53 ਕਰੋੜ ਰੁਪਏ ਅਤੇ ਪੀਣ ਦੇ ਪਾਣੀ ਦੀ ਸਹੂਲਤ ਲਈ 16.29 ਕਰੋੜ ਰੁਪਏ ਦਾ ਪ੍ਰੋਜੈਕਟ ਮਨਜ਼ੂਰ ਹੋਇਆ ਹੈ। ਇਸ ਵਿਚ ਵਿਚ ਕੇਂਦਰ ਅਤੇ ਸੂਬਾ ਸਰਕਾਰ ਦਾ 50-50 ਸ਼ੇਅਰ ਹੈ। 48.53 ਕਰੋੜ ਰੁਪਏ ਦੇ ਸੀਵਰੇਜ ਪ੍ਰੋਜੈਕਟ ਦੇ ਟੇਂਡਰ ਠੇਕੇਦਾਰਾਂ ਨੂੰ ਅਲਾਟ ਹੋ ਚੁੱਕੇ ਹਨ।

ਖ਼ਜ਼ਾਨਾ ਮੰਤਰੀ ਨੇ ਮਹੇਸ਼ਵਰੀ ਕਾਲੋਨੀ ਵਿਚ ਨਵਾਂ ਸੀਵਰੇਜ ਪਾਉਣ ਦਾ ਕੰਮ ਸ਼ੁਰੂ ਕਰਨ ਲਈ ਬੀਤੇ ਸ਼ਨੀਵਾਰ ਨੂੰ ਟੱਕ ਲਗਾ ਦਿੱਤਾ। ਐਤਵਾਰ ਦੀ ਸਵੇਰ ਨੂੰ ਪਹਿਲਾਂ ਡਬਵਾਲੀ ਰੋਡ 'ਤੇ ਕਰਨੈਲ ਨਗਰ ਅਤੇ ਗੁਰੂ ਰਾਮਦਾਸ ਨਗਰ ਵਿਚ ਸੀਵਰ ਪਾਉਣ ਦੇ ਕੰਮ ਦੀ ਟੱਕ ਲਗਾ ਕੇ ਸ਼ੁਰੂਆਤ ਕੀਤੀ। ਇਸ ਤੋਂ ਬਾਅਦ ਪਾਵਰ ਹਾਊਸ ਰੋਡ ਸਮੇਂ ਆਸ-ਪਾਸ ਦੇ ਏਰੀਆ ਨੂੰ ਬਰਸਾਤੀ ਪਾਣੀ ਤੋਂ ਮੁਕਤੀ ਦਿਵਾਉਣ ਲਈ 11 ਕਰੋੜ ਦੀ ਲਾਗਤ ਨਾਲ ਪਾਈ ਜਾਣ ਵਾਲੀ ਪਾਈਪ ਲਾਈਨ ਦਾ ਸ਼ੁਭ-ਆਰੰਭ ਕਰ ਦਿੱਤਾ।

ਅਮਰੁਤ ਯੋਜਨਾ ਦਾ ਉਦਘਾਟਨ ਕਰਨ ਦਾ ਅਧਿਕਾਰ ਕੇਂਦਰੀ ਮੰਤਰੀ ਨੂੰ : ਮੇਅਰ
ਮੇਅਰ ਬਲਵੰਤ ਰਾਏ ਨਾਥ ਨੇ ਕਿਹਾ ਕਿ ਅਮਰੁਤ ਯੋਜਨਾ ਕੇਂਦਰ ਸਰਕਾਰ ਦੀ ਯੋਜਨਾ ਹੈ ਅਤੇ ਇਸ ਦਾ ਉਦਘਾਟਨ ਕਰਨ ਦਾ ਕੇਂਦਰੀ ਮੰਤਰੀ ਨੂੰ ਅਧਿਕਾਰ ਹੈ ਪਰ ਮਨਪ੍ਰੀਤ ਬਾਦਲ ਨੇ ਪਹਿਲਾਂ ਹੀ ਇਸ ਦਾ ਉਦਘਾਟਨ ਕਰ ਦਿੱਤਾ। ਹੁਣ ਦੇਖਦੇ ਹਾਂ ਕਿ ਇਸ ਮਾਮਲੇ ਵਿਚ ਡੀ.ਸੀ. ਬੀ ਸ੍ਰੀਨਿਵਾਸਨ ਕੀ ਕਰਦੇ ਹਨ? ਕਿਉਂਕਿ ਸੋਮਵਾਰ ਨੂੰ ਹੀ ਇਸ ਪ੍ਰਾਜੈਕਟ ਦੀ ਸ਼ੁਰੂਆਤ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਰਨੀ ਸੀ।


author

cherry

Content Editor

Related News