ਬਠਿੰਡੇ ਦੀ ਵਿਰਾਸਤ ਸੰਭਾਲੀ ਜਾਵੇਗੀ : ਮੁੱਖ ਮੰਤਰੀ
Tuesday, Jun 30, 2020 - 01:00 PM (IST)
ਬਠਿੰਡਾ (ਵਰਮਾ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਠਿੰਡੇ ਦੀਆਂ ਵਿਰਾਸਤੀ ਥਾਵਾਂ ਦੀ ਸੰਭਾਲ ਯਕੀਨੀ ਬਣਾਈ ਜਾਵੇਗੀ। 'ਕੈਪਟਨ ਨੂੰ ਸਵਾਲ' ਪ੍ਰੋਗਰਾਮ ਦੀ ਅਗਲੀ ਲੜੀ ਤਹਿਤ ਫੇਸਬੁੱਕ ਲਾਈਵ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੈਨੇਡਾ ਰਹਿੰਦੇ ਇਕ ਪੰਜਾਬੀ ਦੇ ਸਵਾਲ ਦੇ ਜਵਾਬ 'ਚ ਕਿਹਾ ਕਿ ਬਠਿੰਡਾ ਜ਼ਿਲ੍ਹਾ ਉਨ੍ਹਾਂ ਦਾ ਵੀ ਜੱਦੀ ਜ਼ਿਲ੍ਹਾ ਹੈ ਕਿਉਂਕਿ ਉਨ੍ਹਾਂ ਦਾ ਪੁਰਾਣਾ ਪਿੰਡ ਮਹਿਰਾਜ ਇਸੇ ਜ਼ਿਲੇ 'ਚ ਪੈਂਦਾ ਹੈ। ਉਨ੍ਹਾਂ ਨੇ ਸਵਾਲ ਦੇ ਜਵਾਬ 'ਚ ਭਰੋਸਾ ਦਿੱਤਾ ਕਿ ਬਠਿੰਡਾ ਦੇ ਥਰਮਲ ਦੀਆਂ ਚਿਮਨੀਆਂ ਨੂੰ ਬਠਿੰਡੇ ਦੀ ਪਛਾਣ ਦੇ ਰੂਪ 'ਚ ਸੰਭਾਲਣ ਦੀਆਂ ਸੰਭਾਵਨਾਵਾਂ ਦਾ ਸੂਬਾ ਸਰਕਾਰ ਪਤਾ ਲਾਏਗੀ ਅਤੇ ਇਨ੍ਹਾਂ ਨੂੰ ਕਿਸ ਤਰੀਕੇ ਸੁਰੱਖਿਅਤ ਰੱਖਿਆ ਜਾਵੇਗਾ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਬਠਿੰਡਾ ਥਰਮਲ ਨਾਲ ਬਣੀ ਸ਼ਹਿਰ ਦੀ ਪਛਾਣ ਨੂੰ ਯਾਦ ਰੱਖ ਸਕਣ। ਇਸ ਤੋਂ ਬਿਨਾਂ ਬਠਿੰਡਾ ਦੇ ਇਤਿਹਾਸਕ ਕਿਲੇ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਰਤੀ ਪੂਰਾਤੱਤਵ ਵਿਭਾਗ ਇਸ ਦੀ ਸੰਭਾਲ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀਆਂ ਹੋਰਨਾਂ ਇਤਿਹਾਸਕ ਮਹੱਤਵ ਦੀਆਂ ਇਮਾਰਤਾਂ, ਥਾਵਾਂ ਨੂੰ ਵੀ ਸੁਰੱਖਿਅਤ ਰੱਖਿਆ ਜਾਵੇਗਾ ਤਾਂ ਜੋ ਸਾਡੀ ਅਗਲੀ ਪੀੜ੍ਹੀ ਵਿਰਾਸਤ ਨਾਲ ਜੁੜੀ ਰਹੇ।
ਇਹ ਵੀ ਪੜ੍ਹੋ: ਕੀ 2022 'ਚ 'ਨਸ਼ਾ' ਮੁੜ ਬਣੇਗਾ ਸੱਤਾ 'ਤੇ ਕਾਬਜ਼ ਹੋਣ ਦਾ ਮੁੱਖ ਮੁੱਦਾ ਜਾਂ ਫਿਰ.....?
ਇਸੇ ਤਰ੍ਹਾਂ ਬਠਿੰਡਾ ਜ਼ਿਲੇ ਦੇ ਇਕ ਹੋਰ ਨੌਜਵਾਨ ਰਮਨ ਸਿੱਧੂ ਦੇ ਸਵਾਲ ਦੇ ਜਵਾਬ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨੀਵਾਰ ਨੂੰ ਐਲਾਨ ਕਰਦਿਆਂ ਮਿੰਨੀ ਬੱਸ ਪਰਿਮਟਾਂ ਲਈ ਅਪਲਾਈ ਕਰਨ ਦੀ ਆਖਰੀ ਤਰੀਕ ਵਧਾਉਂਦਿਆਂ 15 ਜੁਲਾਈ ਕਰ ਦਿੱਤੀ। ਇਹ ਯੋਜਨਾ ਜੋ ਮੌਜੂਦਾ ਬੱਸ ਆਪ੍ਰੇਟਰਾਂ ਦੀ ਅਜਾਰੇਦਾਰੀ ਨੂੰ ਤੋੜਨ ਅਤੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ 'ਤੇ ਕੇਂਦਰਿਤ ਹੈ, ਤਹਿਤ ਅਰਜ਼ੀਆਂ ਜਮ੍ਹਾ ਕਰਵਾਉਣ ਦੀ ਆਖਰੀ ਮਿਤੀ 30 ਜੂਨ ਸੀ। ਸੂਬਾ ਸਰਕਾਰ ਵੱਲੋਂ 1400 ਤੋਂ ਵੱਧ ਪੇਂਡੂ ਰੂਟਾਂ ਨੂੰ ਕਵਰ ਕਰਨ ਲਈ ਪਰਮਿਟ ਦੇਣ ਵਾਸਤੇ ਅਰਜ਼ੀਆਂ ਮੰਗੀਆਂ ਗਈਆਂ ਹਨ।
ਇਹ ਵੀ ਪੜ੍ਹੋ: ਭਾਰਤ ਪਾਕਿ ਬਾਰਡਰ 'ਤੇ ਬੀ.ਐੱਸ.ਐੱਫ. ਵਲੋਂ 55 ਕਰੋੜ ਦੀ ਹੈਰੋਇਨ ਬਰਾਮਦ