ਆਗੂਆਂ ਨੇ ਏਮਜ਼ ਨਾਲ ਕੀਤਾ ਪਿਆਰ ਤੇ ਕੇਂਦਰੀ ਯੂਨੀਵਰਸਿਟੀ ਨਾਲ ਕੀਤੀ ਬੇਵਫ਼ਾਈ
Sunday, Jan 05, 2020 - 12:52 PM (IST)
ਬਠਿੰਡਾ (ਜ.ਬ) : ਜਦੋਂ ਤੋਂ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ (ਏਮਜ਼) ਬਠਿੰਡਾ ਦੀ ਨੀਂਹ ਰੱਖੀ ਗਈ, ਉਦੋਂ ਤੋਂ ਹੀ ਵੋਟ ਲੈਣ ਲਈ ਰਾਜਨੀਤਕ ਭਾਸ਼ਣਾਂ 'ਚ ਏਮਜ਼ ਬਠਿੰਡਾ ਦਾ ਨਾਂ ਹਰ ਆਗੂ ਦੀ ਜ਼ੁਬਾਨ 'ਤੇ ਰਹਿੰਦਾ ਹੈ। ਆਗੂ ਇਸ ਨੂੰ ਹਮੇਸ਼ਾ ਜ਼ਿਲੇ ਦੇ ਵਿਕਾਸ ਵਜੋਂ ਦਰਸਾਉਣ ਤੋਂ ਕਦੇ ਵੀ ਨਹੀਂ ਖੁੰਝਦੇ ਹਨ। ਏਮਜ਼ ਦੇ ਜ਼ਰੀਏ ਰਾਜਨੀਤੀ ਦੀਆਂ ਰੋਟੀਆਂ ਸੇਕਣ ਦਾ ਕੰਮ ਅਜੇ ਵੀ ਜਾਰੀ ਹੈ ਤੇ ਆਉਣ ਵਾਲੀਆਂ ਲੋਕ ਸਭਾ ਤੇ ਵਿਧਾਨ ਸਭਾ ਦੀਆਂ ਚੋਣਾਂ 'ਚ ਵੀ ਏਮਜ਼ ਆਗੂਆਂ ਦੇ ਚੋਣਾਵੀਂ ਭਾਸ਼ਣਾਂ 'ਚ ਬਣਿਆ ਰਹਿਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਹੁਣ ਤਾਂ ਇਹ ਹੈ ਕਿ ਅਕਾਲੀ ਦਲ ਤੇ ਕਾਂਗਰਸ ਦੇ ਆਗੂਆਂ 'ਚ ਏਮਜ਼ ਨੂੰ ਲੈ ਕੇ ਕ੍ਰੈਡਿਟ ਲੈਣ 'ਚ ਭੱਜ-ਦੌੜ ਲੱਗੀ ਹੋਈ ਹੈ। ਇਸ ਭੱਜ-ਦੌੜ 'ਚ ਕਦੇ ਕਾਂਗਰਸ ਅੱਗੇ ਦਿਖਾਈ ਦੇ ਰਹੀ ਹੈ ਤੇ ਕਦੇ ਅਕਾਲੀ। ਪਰ ਇਸ ਦੇ ਉਲਟ ਬਠਿੰਡਾ ਜ਼ਿਲੇ 'ਚ ਹੀ ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਸਥਾਪਨਾ ਸੰਸਦ 'ਚ ਪਾਸ ਐਕਟ 2009 ਤਹਿਤ ਕੀਤੀ ਗਈ। 10 ਸਾਲ ਬੀਤ ਜਾਣ ਦੇ ਬਾਅਦ ਵੀ ਯੂਨੀਵਰਸਿਟੀ ਦਾ ਕੈਂਪਸ ਨਹੀਂ ਬਣ ਸਕਿਆ ਤੇ ਇਹ ਯੂਨੀਵਰਸਿਟੀ ਧਾਗਾ ਮਿੱਲ 'ਚ ਚਲਾਈ ਜਾ ਰਹੀ ਹੈ।
ਦਲਗਤ ਰਾਜਨੀਤੀ ਜ਼ਿੰਮੇਵਾਰ
ਜਾਣਕਾਰਾਂ ਅਨੁਸਾਰ ਅਜੇ ਤਕ ਯੂਨੀਵਰਸਿਟੀ ਦਾ ਕੈਂਪਸ ਨਾ ਬਣਨ ਪਿੱਛੇ ਦਲਗਤ ਰਾਜਨੀਤੀ ਜ਼ਿੰਮੇਵਾਰ ਹੈ, ਕਿਉਂਕਿ ਜਦ ਪੰਜਾਬ 'ਚ ਇਕ ਕੇਂਦਰੀ ਯੂਨੀਵਰਸਿਟੀ ਖੋਲ੍ਹਣ ਦੀ ਗੱਲ ਚੱਲੀ ਸੀ ਤਾਂ ਉਸ ਸਮੇਂ ਕੇਂਦਰ 'ਚ ਕਾਂਗਰਸ ਦੀ ਸਰਕਾਰ ਸੀ ਤੇ ਸੂਬੇ 'ਚ ਅਕਾਲੀ-ਭਾਜਪਾ ਦੀ। ਇਸ ਕਰਕੇ ਯੂਨੀਵਰਸਿਟੀ ਬਠਿੰਡਾ ਦੇ ਘੁੱਦਾ ਪਿੰਡ 'ਚ ਬਣਾਉਣਾ ਤੈਅ ਹੋਇਆ ਕਿਉਂਕਿ ਇਹ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਦਾ ਪੈਤ੍ਰਿਕ ਪਿੰਡ ਹੈ। ਸ਼ੁਰੂਆਤੀ ਸਾਲਾਂ 'ਚ ਦੋਵੇਂ ਰਾਜਨੀਤਕ ਪਾਰਟੀਆਂ ਯੂਨੀਵਰਸਿਟੀ ਨੂੰ ਵਿਕਾਸ ਦਾ ਸਿੰਬਲ ਦੱਸਦੇ ਹੋਏ ਨਹੀਂ ਥੱਕਦੀਆਂ ਸਨ ਪਰ ਹੁਣ ਮਾਮਲਾ ਉਲਟ ਹੋ ਗਿਆ ਹੈ। ਅੱਜ ਕੇਂਦਰ 'ਚ ਅਕਾਲੀ-ਭਾਜਪਾ ਸਰਕਾਰ ਹੈ ਤੇ ਸੂਬੇ 'ਚ ਕਾਂਗਰਸ ਸਰਕਾਰ ਹੈ। ਇਸ ਦੇ ਬਾਵਜੂਦ ਵੀ ਯੂਨੀਵਰਸਿਟੀ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਹੈ। ਸ਼ਾਇਦ ਆਗੂਆਂ ਨੂੰ ਲੱਗਦਾ ਹੈ ਕਿ ਯੂਨੀਵਰਸਿਟੀ ਨੂੰ ਬਣਾਉਣ ਵਾਲੀ ਗੱਲ ਨਾਲ ਵੋਟ ਨਹੀਂ ਮਿਲੇਗੀ।
ਮੀਡੀਆ ਵੀ ਨਹੀਂ ਦਿੰਦਾ ਹੈ ਧਿਆਨ
ਯੂਨੀਵਰਸਿਟੀ ਦੇ ਸਟੂਡੈਂਟਸ ਤੇ ਕਰਮਚਾਰੀਆਂ 'ਚ ਇਸ ਗੱਲ ਨੂੰ ਲੈ ਕੇ ਰੋਸ ਸਾਫ਼ ਵਿਖਾਈ ਦਿੰਦਾ ਹੈ ਕਿ ਮੀਡੀਆ ਜਿੰਨਾ ਧਿਆਨ ਏਮਜ਼ ਨੂੰ ਲੈ ਕੇ ਦਿੰਦਾ ਹੈ ਓਨਾ ਫੋਕਸ ਯੂਨੀਵਰਸਿਟੀ 'ਤੇ ਨਹੀਂ ਕਰਦਾ। ਏਮਜ਼ ਦੀ ਹਰ ਛੋਟੀ-ਛੋਟੀ ਖਬਰ ਦੀ ਵੀ ਬਹੁਤ ਵਧਾ-ਚੜ੍ਹਾ ਕੇ ਕਵਰੇਜ ਕਰਦਾ ਹੈ ਪਰ ਦੂਜੇ ਪਾਸੇ ਯੂਨੀਵਰਸਿਟੀ ਦੀਆਂ ਖਬਰਾਂ ਨੂੰ ਕੋਈ ਮਹੱਤਤਾ ਨਹੀਂ ਮਿਲਦੀ, ਜਿਸ ਦੇ ਚੱਲਦੇ ਯੂਨੀਵਰਸਿਟੀ ਦੇ ਵਿਕਾਸ ਦਾ ਕੰਮ ਬਹੁਤ ਹੋਲੀ ਚੱਲ ਰਿਹਾ ਹੈ। ਦੂਜੇ ਪਾਸੇ ਏਮਜ਼ ਦਾ ਉਦਘਾਟਨ ਨਵੰਬਰ 2016 'ਚ ਹੋਇਆ ਤੇ ਇਹ ਇੰਨੇ ਘੱਟ ਸਮੇਂ 'ਚ ਬਣ ਕੇ ਤਿਆਰ ਵੀ ਹੋ ਗਿਆ ਹੈ।
ਯੂਨੀਵਰਸਿਟੀ ਦੇ ਵਿਦਿਆਰਥੀ ਹਨ ਪ੍ਰੇਸ਼ਾਨ
ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਨਾਂ ਨਾ ਪ੍ਰਕਾਸ਼ਿਤ ਕਰਨ 'ਤੇ ਦੱਸਿਆ ਕਿ ਕੈਂਪਸ ਨਾ ਬਣਨ ਕਰਕੇ ਹਰ ਰੋਜ਼ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਸ਼ਹਿਰ 'ਚ ਯੂਨੀਵਰਸਿਟੀ ਜਾਣ ਲਈ ਸੁਵਿਧਾਵਾਂ ਘੱਟ ਹਨ। ਪੰਜਾਬ ਸਟੇਟ ਦੀ ਇਕ ਵੀ ਬੱਸ ਯੂਨੀਵਰਸਿਟੀ ਨਹੀਂ ਜਾਂਦੀ, ਜਿਸ ਦੇ ਚੱਲਦੇ ਯੂਨੀਵਰਸਿਟੀ ਜਾਣ ਲਈ ਆਟੋ ਰਿਜ਼ਰਵ ਕਰ ਕੇ ਹੀ ਜਾਣਾ ਪੈਂਦਾ ਹੈ। ਇਸ 'ਚ ਕਾਫ਼ੀ ਪੈਸਾ ਵੀ ਲੱਗ ਜਾਂਦਾ ਹੈ ਤੇ ਹੋਸਟਲ ਫੀਸ 'ਚ ਵੀ ਯੂਨੀਵਰਸਿਟੀ ਦਾ ਪ੍ਰਸ਼ਾਸਨ ਆਪਣੀ ਮਨਮਾਨੀ ਕਰ ਰਿਹਾ ਹੈ।
ਰੋਜ਼ਗਾਰ ਦੇ ਕਾਫ਼ੀ ਹਨ ਮੌਕੇ
ਯੂਨੀਵਰਸਿਟੀ ਕੈਂਪਸ 500 ਏਕੜ 'ਚ ਬਣ ਜਾਵੇਗਾ ਜਿਸ 'ਚ ਸਟੂਡੈਂਟਸ ਲਈ ਹੋਸਟਲ ਬਣੇਗਾ ਤਾਂ ਪ੍ਰੋਫੈਸਰ ਤੇ ਕਰਮਚਾਰੀਆਂ ਲਈ ਕੁਆਰਟਰ ਬਣਾਉਣ ਦੀ ਯੋਜਨਾ ਹੈ। ਇਨ੍ਹਾਂ ਸਾਰਿਆਂ ਨੂੰ ਇਥੇ ਰਹਿਣ ਨਾਲ ਕਾਫ਼ੀ ਲੋਕਾਂ ਨੂੰ ਡਾਇਰੈਕਟ ਤੇ ਇਨ-ਡਾਇਰੈਕਟ ਰੋਜ਼ਗਾਰ ਮਿਲੇਗਾ ਕਿਉਂਕਿ ਇਹ ਯੂਨੀਵਰਸਿਟੀ ਕਾਫ਼ੀ ਵੱਡੀ ਹੋਵੇਗੀ ਜਿਸ 'ਚ ਕਈ ਪ੍ਰੋਗਰਾਮ ਖੁੱਲ੍ਹਣਗੇ ਤੇ 5000 ਦੇ ਨੇੜੇ ਸਟੂਡੈਂਟਸ ਪੜ੍ਹਾਈ ਕਰਨਗੇ।
ਸਮਰਿਤੀ ਈਰਾਨੀ ਨੇ ਰੱਖਿਆ ਸੀ ਨੀਂਹ ਪੱਥਰ
ਜ਼ਿਕਰਯੋਗ ਹੈ ਕਿ 500 ਏਕੜ 'ਚ ਬਣਨ ਵਾਲੇ ਇਸ ਯੂਨੀਵਰਸਿਟੀ ਕੈਂਪਸ ਨੂੰ ਬਣਾਉਣ ਦਾ ਉਦਘਾਟਨ 7 ਸਤੰਬਰ 2015 ਨੂੰ ਸਮਰਿਤੀ ਈਰਾਨੀ ਨੇ ਕੀਤਾ ਸੀ। ਇਸ ਮੌਕੇ 'ਤੇ ਕਿਹਾ ਗਿਆ ਸੀ ਕਿ ਯੂਨੀਵਰਸਿਟੀ ਦਾ ਕੈਂਪਸ 18 ਮਹੀਨੇ ਅੰਦਰ ਬਣ ਕੇ ਤਿਆਰ ਹੋ ਜਾਵੇਗਾ ਪਰ ਇੰਨੇ ਸਾਲ ਬੀਤ ਜਾਣ ਦੇ ਬਾਅਦ ਵੀ ਅਜੇ ਤੱਕ ਯੂਨੀਵਰਸਿਟੀ ਕੈਂਪਸ ਦਾ ਕੰਮ ਨਹੀਂ ਹੋ ਸਕਿਆ।
ਕੀ ਕਹਿਣਾ ਹੈ ਉੱਪ ਕੁਲਪਤੀ ਦਾ
ਜਦ ਇਸ ਸਬੰਧ 'ਚ ਉੱਪ ਕੁਲਪਤੀ ਆਰ. ਕੇ. ਕੋਹਲੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਕਈ ਵਾਰ ਫੋਨ ਕਰਨ ਦੇ ਬਾਵਜੂਦ ਉਨ੍ਹਾਂ ਨੇ ਫੋਨ ਨਹੀਂ ਚੁੱਕਿਆ।