''ਆਪ'' 20 ਫਰਵਰੀ ਨੂੰ ਭਖਾਵੇਗੀ ਬਿਜਲੀ ਅੰਦੋਲਨ

02/18/2020 11:27:49 AM

ਬਠਿੰਡਾ : ਆਮ ਆਦਮੀ ਪਾਰਟੀ (ਆਪ) ਵੱਲੋਂ ਬਿਜਲੀ ਅੰਦੋਲਨ ਦੀ ਨਵੀਂ ਰੂਪ-ਰੇਖਾ ਤਿਆਰ ਕਰਨ ਲਈ 20 ਫਰਵਰੀ ਨੂੰ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਗਈ ਹੈ ਅਤੇ ਪਟਿਆਲਾ ਤੋਂ ਬਿਜਲੀ ਅੰਦੋਲਨ ਨੂੰ ਭਖਵੇਂ ਰੂਪ ਵਿਚ ਸ਼ੁਰੂ ਕੀਤਾ ਜਾਣਾ ਹੈ। ਦੱਸ ਦੇਈਏ ਕਿ 'ਆਪ' ਨੇ ਪਹਿਲਾਂ ਹੀ ਬਿਜਲੀ ਬਿੱਲਾਂ ਅਤੇ ਬਿਜਲੀ ਸਮਝੌਤਿਆਂ ਨੂੰ ਲੈ ਕੇ ਕਾਫ਼ੀ ਪ੍ਰਦਰਸ਼ਨ ਕੀਤੇ ਹਨ।

ਸੂਤਰਾਂ ਅਨੁਸਾਰ 'ਆਪ' ਵੱਲੋਂ 19 ਫਰਵਰੀ ਤੋਂ ਪੰਜਾਬ ਤੋਂ ਮੈਂਬਰਸ਼ਿਪ ਮੁਹਿੰਮ 'ਦੇਸ਼ ਹਿੱਤ ਲਈ 'ਆਪ' ਦੇ ਮੈਂਬਰ ਬਣੋ' ਸ਼ੁਰੂ ਕੀਤੀ ਜਾਣੀ ਹੈ। ਇਸ ਤਹਿਤ ਇਕ ਫੋਨ ਨੰਬਰ ਜਨਤਕ ਕੀਤਾ ਜਾਵੇਗਾ ਜਿਸ 'ਤੇ ਮਿਸਡ ਕਾਲ ਦੇ ਕੇ ਕੋਈ ਵੀ ਵਿਅਕਤੀ ਮੈਂਬਰ ਬਣ ਸਕੇਗਾ। ਇਸ ਮੁਹਿੰਮ ਮਗਰੋਂ ਕੋਰ ਕਮੇਟੀ ਦੀ ਅਗਲੇ ਦਿਨ ਮੀਟਿੰਗ ਚੰਡੀਗੜ੍ਹ ਵਿਚ ਹੋਣੀ ਹੈ ਜਿਸ ਦੇ ਫ਼ੈਸਲਿਆਂ ਪਿਛੋਂ 'ਆਪ' ਪੂਰੀ ਤਿਆਰੀ ਨਾਲ ਪੰਜਾਬ ਦੇ ਮੈਦਾਨ ਵਿਚ ਕੁੱਦੇਗੀ।

ਪਤਾ ਲੱਗਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਪੰਜਾਬ ਦੌਰਾ ਹਫ਼ਤੇ ਲਈ ਅੱਗੇ ਪੈ ਗਿਆ ਹੈ ਅਤੇ ਉਨ੍ਹਾਂ ਦੇ ਮਾਰਚ ਦੇ ਪਹਿਲੇ ਹਫ਼ਤੇ ਆਉਣ ਦੀ ਸੰਭਾਵਨਾ ਹੈ। ਸੂਤਰ ਦੱਸਦੇ ਹਨ ਕਿ ਉਹ ਪੰਜਾਬ ਵਿਚ ਆਪਣੀ ਨਵੀਂ ਸ਼ੁਰੂਆਤ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਦੁਰਗਿਆਣਾ ਮੰਦਰ 'ਚ ਮੱਥਾ ਟੇਕ ਕੇ ਕਰਨਗੇ। ਉਸ ਮਗਰੋਂ ਮਾਲਵੇ ਦੇ ਚਾਰ ਜ਼ਿਲ੍ਹਿਆਂ ਵਿਚ ਰੋਡ ਸ਼ੋਅ ਦਾ ਪ੍ਰੋਗਰਾਮ ਬਣਾਉਣ ਦੀ ਯੋਜਨਾ ਹੈ।


cherry

Content Editor

Related News