ਪੰਜਾਬ ਬੰਦ ਹੋਣ 'ਤੇ ਬਟਾਲਾ ਦੇ ਬਾਜ਼ਾਰਾਂ 'ਚ ਪੱਸਰੀ ਸੁੰਨ, ਸਕੂਲ-ਕਾਲਜ ਬੰਦ (ਵੀਡੀਓ)
Tuesday, Aug 13, 2019 - 11:57 AM (IST)
ਬਟਾਲਾ (ਗੁਰਪ੍ਰੀਤ, ਬੇਰੀ) - ਦਿੱਲੀ 'ਚ ਗੁਰੂ ਰਵਿਦਾਸ ਜੀ ਦਾ ਮੰਦਰ ਢਾਹੁਣ ਦੇ ਰੋਸ ਵਜੋਂ ਡਾ. ਅੰਬੇਡਕਰ ਸੰਗਠਨ ਬਟਾਲਾ ਵਲੋਂ ਮੋਦੀ ਅਤੇ ਕੇਜਰੀਵਾਲ ਸਰਕਾਰ ਦੇ ਗਾਂਧੀ ਚੌਕ 'ਚ ਪੁਤਲੇ ਸਾੜ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਜਾਣਕਾਰੀ ਅਨੁਸਾਰ ਇਸ ਤੋਂ ਪਹਿਲਾਂ ਸੰਗਠਨ ਵਲੋਂ ਸ਼ਹਿਰ 'ਚ ਰੋਸ ਮਾਰਚ ਕੱਢਿਆ ਗਿਆ, ਜੋ ਨਹਿਰੂ ਗੇਟ ਤੋਂ ਸ਼ੁਰੂ ਹੋ ਕੇ ਗਾਂਧੀ ਚੌਕ 'ਚ ਸਮਾਪਤ ਹੋਇਆ। ਧਰਨਾ ਦੇ ਰਹੇ ਸਿਟੀ ਕਾਂਗਸਰ ਕਮੇਟੀ ਦੇ ਪ੍ਰਧਾਨ ਸਵਰਣ ਮੁੱਢ ਨੇ ਕਿਹਾ ਕਿ ਦਿੱਲੀ 'ਚ ਗੁਰੂ ਰਵਿਦਾਸ ਜੀ ਦਾ ਮੰਦਰ ਢਾਹੁਣ 'ਤੇ ਰਵਿਦਾਸ ਸੰਗਠਨਾਂ ਅਤੇ ਸੰਗਤ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ, ਜਿਸ ਕਾਰਨ ਅੱਜ ਪੰਜਾਬ ਬੰਦ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਦਿੱਲੀ 'ਚ ਗੁਰੂ ਰਵਿਦਾਸ ਮੰਦਰ ਢਾਹੁਣ ਦਾ ਫੈਸਲਾ ਲੈ ਕੇ ਮੋਦੀ ਸਰਕਾਰ ਨੇ ਪੱਖ-ਪਾਤ ਵਾਲੀ ਨੀਤੀ ਅਪਣਾਈ ਹੈ। ਉਨ੍ਹਾਂ ਮੰਗ ਕੀਤੀ ਕਿ ਗੁਰੂ ਰਵੀਦਾਸ ਮੰਦਰ ਜਿਵੇਂ ਪਹਿਲਾਂ ਸੀ, ਉਸੇ ਤਰ੍ਹਾਂ ਬਣਾਇਆ ਜਾਵੇ ਨਹੀਂ ਤਾਂ ਉਨ੍ਹਾਂ ਵਲੋਂ ਅਗਲੀ ਰਣਨੀਤੀ ਬਣਾ ਕੇ ਲੰਬੇ ਸਮੇਂ ਲਈ ਸੰਘਰਸ਼ ਕੀਤਾ ਜਾਵੇਗਾ।
ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਦਾ ਬੰਦ ਦੀ ਕਾਲ ਨੂੰ ਸਫਲ ਬਣਾਉਣ ਲਈ ਧੰਨਵਾਦ ਕੀਤਾ। ਇਸ ਮੌਕੇ ਵੱਖ-ਵੱਖ ਸੰਗਠਨਾਂ ਐੱਸ.ਸੀ, ਬੀ.ਸੀ, ਓ.ਬੀ.ਸੀ, ਵਾਲਮੀਕਿ ਸੰਗਠਨ, ਸਰਵ ਸਾਂਝੀ ਸੋਸਾਇਟੀ ਬਟਾਲਾ, ਐੱਸ.ਜੀ.ਪੀ.ਸੀ, ਅਕਾਲੀ ਦਲ ਵਲੋਂ ਪੰਜਾਬ ਸਰਕਾਰ, ਪੁਲਸ ਪ੍ਰਸ਼ਾਸਨ ਅਤੇ ਐੱਸ.ਡੀ.ਐੱਮ ਦਾ ਧੰਨਵਾਦ ਕੀਤਾ। ਇਸ ਮੌਕੇ ਬਟਾਲਾ ਦੇ ਬਾਜ਼ਾਰਾਂ 'ਚ ਸੁੰਨ ਪੱਸਰੀ ਹੋਈ ਹੈ ਅਤੇ ਸਕੂਲ-ਕਾਲਜ, ਦਫਤਰਾਂ ਨੂੰ ਪੂਰਨ ਤੌਰ 'ਤੇ ਬੰਦ ਕੀਤੇ ਗਏ ਹਨ।