ਬਟਾਲਾ ਫੈਕਟਰੀ ਧਮਾਕਾ ਪੀੜਤਾਂ ਦੀ ਖਾਲਸਾ ਏਡ ਨੇ ਫੜੀ ਬਾਂਹ
Friday, Dec 27, 2019 - 10:57 AM (IST)
ਬਟਾਲਾ (ਮਠਾਰੂ) : 4 ਸਤੰਬਰ ਨੂੰ ਬਟਾਲਾ ਵਿਖੇ ਹੋਏ ਪਟਾਕਾ ਫੈਕਟਰੀ ਧਮਾਕੇ ਦੌਰਾਨ ਜਿੱਥੇ 25 ਦੇ ਕਰੀਬ ਲੋਕਾਂ ਦੀ ਦਰਦਨਾਕ ਮੌਤ ਹੋ ਗਈ ਸੀ, ਉੱਥੇ ਹੀ ਫੈਕਟਰੀ ਦੇ ਆਲੇ-ਦੁਆਲੇ ਪੈਂਦੀਆਂ ਦੁਕਾਨਾਂ ਅਤੇ ਘਰ ਵੀ ਮਲਬੇ ਦੇ ਢੇਰ ਵਿਚ ਬਦਲ ਗਏ ਸਨ। ਇਨ੍ਹਾਂ ਹਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਕੌਮਾਂਤਰੀ ਪੱਧਰ ਦੀ ਸਮਾਜਸੇਵੀ ਸੰਸਥਾ ਖਾਲਸਾ ਏਡ ਦੇ ਮੁਖੀ ਭਾਈ ਰਵੀ ਸਿੰਘ ਦੀ ਅਗਵਾਈ ਹੇਠ ਉਨ੍ਹਾਂ ਦੀ ਟੀਮ ਵਲੋਂ ਧਮਾਕੇ ਵਿਚ ਢਹਿ ਢੇਰੀ ਹੋਈਆਂ 8 ਦੁਕਾਨਾਂ ਸਮੇਤ ਇਕ ਘਰ ਨੂੰ ਬਣਾਉਣ ਦੀ ਸੇਵਾ ਲਈ ਗਈ ਸੀ, ਜਿਸ ਤੋਂ ਬਾਅਦ ਖਾਲਸਾ ਏਡ ਦੇ ਏਸ਼ੀਆ ਦੇ ਹੈੱਡ ਅਮਰਪ੍ਰੀਤ ਸਿੰਘ, ਜੀਵਨਜੋਤ ਸਿੰਘ ਜੰਮੂ, ਤਜਿੰਦਰਪਾਲ ਸਿੰਘ ਜਲੰਧਰ ਅਤੇ ਦਲਜੀਤ ਸਿੰਘ ਕਾਹਲੋਂ 'ਤੇ ਆਧਾਰਿਤ ਟੀਮ ਮੈਂਬਰਾਂ ਵੱਲੋਂ ਅੱਜ ਮੌਕੇ 'ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਅਤੇ ਚੱਲ ਰਹੇ ਰਾਹਤ ਕਾਰਜਾਂ ਦਾ ਵੀ ਨਿਰੀਖਣ ਕੀਤਾ ਗਿਆ।
ਇਸ ਮੌਕੇ ਜ਼ਿਲਾ ਕਾਂਗਰਸ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਖਦੀਪ ਸਿੰਘ ਸੁੱਖ ਤੇਜਾ ਵੱਲੋਂ ਆਪਣੇ ਸਾਥੀਆਂ ਨਾਲ ਖਾਲਸਾ ਏਡ ਦੀ ਟੀਮ ਦੇ ਮੈਂਬਰਾਂ ਦਾ ਸਵਾਗਤ ਕਰਦਿਆਂ ਮਾਨਵਤਾ ਦੇ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਪਟਾਕਾ ਫੈਕਟਰੀ ਧਮਾਕੇ ਵਿਚ ਆਸ-ਪਾਸ ਦੇ ਦੁਕਾਨਦਾਰ ਪੂਰੀ ਤਰ੍ਹਾਂ ਨਾਲ ਉਜੜ ਗਏ ਸਨ, ਜਿਨ੍ਹਾਂ ਦਾ ਮੁੜ ਵਸੇਬਾ ਕਰਨ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਰੋਜ਼ਗਾਰ ਦਾ ਪ੍ਰਬੰਧ ਕਰਦਿਆਂ ਖਾਲਸਾ ਏਡ ਵੱਲੋਂ ਦੁਕਾਨਾਂ ਅਤੇ ਘਰਾਂ ਦਾ ਨਿਰਮਾਣ ਕਰਵਾਉਣਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਸੁੱਖ ਤੇਜਾ ਨੇ ਖਾਲਸਾ ਏਡ ਦੀ ਟੀਮ ਨੂੰ ਸਮੁੱਚੇ ਇਲਾਕੇ ਦਾ ਦੌਰਾ ਕਰਵਾਉਂਦਿਆਂ ਸਾਰੀ ਸਥਿਤੀ ਤੋਂ ਜਾਣੂ ਵੀ ਕਰਵਾਇਆ। ਇਸ ਮੌਕੇ ਚੇਅਰਮੈਨ ਕਸਤੂਰੀ ਲਾਲ ਸੇਠ, ਤਹਿਸੀਲਦਾਰ ਵਰਿਆਮ ਸਿੰਘ, ਕੌਂਸਲਰ ਸੁਨੀਲ ਸਰੀਨ, ਮਾ. ਜੋਗਿੰਦਰ ਸਿੰਘ ਅੱਚਲੀਗੇਟ, ਸੰਪੂਰਨ ਸਿੰਘ, ਮਾ. ਸ਼ਿਵਦੇਵ ਸਿੰਘ, ਰਾਜੂ ਦਿੱਲੀ ਮੋਟਰ, ਕਸਤੂਰੀ ਲਾਲ, ਸੁਰਿੰਦਰ ਸਿੰਘ ਗੋਪੀ, ਬਲਵਿੰਦਰ ਸਿੰਘ, ਸਵਰਣ ਸਿੰਘ, ਜਸਵਿੰਦਰ ਸਿੰਘ ਅਤੇ ਹੋਰ ਵੀ ਮੈਂਬਰ ਹਾਜ਼ਰ ਸਨ।