23 ਮੌਤਾਂ ਦਾ ਜ਼ਿੰਮੇਵਾਰ ਕੌਣ? ਨਿਯਮਾਂ ਨੂੰ ਮੰਨਦਾ ਫੈਕਟਰੀ ਮਾਲਕ ਤਾਂ ਜ਼ਿੰਦਾ ਨਾ ਸੜਦੇ ਬੇਗੁਨਾਹ ਲੋਕ
Thursday, Sep 05, 2019 - 12:39 PM (IST)

ਬਟਾਲਾ : ਬਟਾਲਾ ਦੇ ਜਲੰਧਰ ਰੋਡ 'ਤੇ ਹੰਸਲੀ ਨਾਲੇ ਦੇ ਨਜ਼ਦੀਕ ਸਥਿਤ ਇਕ ਪਟਾਕਾ ਬਨਾਉਣ ਵਾਲੀ ਫੈਕਟਰੀ ਵਿਚ ਬੁੱਧਵਾਰ ਦੁਪਹਿਰ ਜ਼ਬਰਦਸਤ ਧਮਾਕਾ ਹੋਇਆ। ਇਸ ਧਮਾਕੇ 'ਚ 23 ਲੋਕਾਂ ਦੀ ਮੌਤ ਹੋ ਜਦਕਿ 4 ਦਰਜਨ ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਕ ਮਿੰਟ 'ਚ ਹੀ ਦੋ ਮੰਜਲਾਂ ਬਿਲਡਿੰਗ ਮਲਬਾ ਬਣ ਗਈ ਤੇ 200 ਮੀਟਰ ਦੇ ਘੇਰੇ 'ਚ ਸਥਿਤ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ। ਇਸ ਧਮਾਕੇ ਨੇ ਦਰਜਨਾਂ ਪਰਿਵਾਰ ਉਜਾੜ ਕੇ ਰੱਖ ਦਿੱਤੇ। ਧਮਾਕੇ ਨੇ ਅਜਿਹੀ ਤਬਾਹੀ ਮਚਾਈ ਕਿ ਫੈਕਟਰੀ ਦੇ ਅੰਦਰ ਕੰਮ ਕਰਨ ਵਾਲੇ ਕਈ ਮਜ਼ਦੂਰਾਂ ਦੇ ਚਿੱਥੜੇ ਉੱਡ ਗਏ ਅਤੇ ਕਈਆਂ ਦੀਆਂ ਲਾਸ਼ਾਂ ਫੈਕਟਰੀ ਤੋਂ ਬਾਹਰ ਆ ਡਿੱਗੀਆਂ।
ਅੱਗ ਨਾਲ ਬੁਰੀ ਤਰ੍ਹਾਂ ਝੁਲਸੇ ਕਈ ਮਜ਼ਦੂਰ ਸੜਕ 'ਤੇ ਤੜਫ ਰਹੇ ਸਨ ਅਤੇ ਆਪਣਿਆਂ ਨੂੰ ਲੱਭ ਰਹੇ ਪਰਿਵਾਰ ਫੈਕਟਰੀ ਦੇ ਬਾਹਰ ਵਿਰਲਾਪ ਕਰ ਰਹੇ ਸਨ। ਦਿਲ ਕੰਬਾਅ ਦੇਣ ਵਾਲਾ ਇਹ ਮੰਜ਼ਰ ਜਿਸ ਨੇ ਵੀ ਦੇਖਿਆ ਉਸਦਾ ਕਾਲਜਾ ਮੂੰਹ ਨੂੰ ਆ ਗਿਆ। ਜੇਕਰ ਫੈਕਟਰੀ ਮਾਲਕ ਵਲੋਂ ਨਿਯਮਾਂ ਨੂੰ ਧਿਆਨ 'ਚ ਰੱਖ ਕੇ ਕੰਮ ਕੀਤਾ ਜਾਂਦਾ ਤਾਂ ਸ਼ਾਇਦ ਜ਼ਿੰਦਾ ਨਾ ਸਾੜਦੇ ਲੋਕ।
ਪਟਾਕਾ ਫੈਕਟਰੀ ਦੇ ਨਿਯਮ
* ਪਟਾਕਾ ਫੈਕਟਰੀ ਆਬਾਦੀ ਤੋਂ ਲਗਭਗ ਇਕ ਕਿਲੋਮੀਟਰ ਦੂਰ ਹੋਣੀ ਚਾਹੀਦੀ ਹੈ।
* ਬਿਜਲੀ ਸਪਲਾਈ ਲਈ ਹਾਈਟੈਂਸ਼ਨ ਤਾਰ, ਟਰਾਂਸਫਾਰਮਰ ਦੇ ਨੇੜੇ-ਤੇੜੇ ਫੈਕਟਰੀ ਨਹੀਂ ਹੋਣੀ ਚਾਹੀਦੀ।
* ਫਾਇਰ ਬ੍ਰਿਗੇਡ ਵਿਭਾਗ ਅਤੇ ਸਬੰਧਤ ਪੁਲਸ ਥਾਣੇ ਦੀ ਐੱਨ. ਓ. ਸੀ. ਦੇ ਬਾਅਦ ਹੀ ਫੈਕਟਰੀ ਸੰਚਾਲਿਤ ਹੁੰਦੀ ਹੈ।
* ਪਟਾਕਾ ਫੈਕਟਰੀ, ਨਿਰਮਾਤਾ ਜਾਂ ਦੁਕਾਨਦਾਰ ਦੇ ਕੋਲ ਲਾਇਸੈਂਸ ਹੋਣਾ ਜ਼ਰੂਰੀ ਹੈ।
* ਫੈਕਟਰੀ ਜਾਂ ਦੁਕਾਨ ਵਿਚ ਸਿਗਰਟ ਪੀਣੀ ਮਨ੍ਹਾ ਹੈ, ਦਾ ਸੂਚਨਾ ਬੋਰਡ, ਵਿਕਰੇਤਾ ਦਾ ਨਾਂ ਹੋਣਾ ਜ਼ਰੂਰੀ ਹੈ।
* ਅੱਗ ਬੁਝਾਊ ਯੰਤਰ ਹੋਣਾ, ਅੱਗ ਬੁਝਾਊਣ ਲਈ ਰੇਤ ਦੀਆਂ ਬਾਲਟੀਆਂ, ਪਾਣੀ ਆਦਿ ਹੋਣਾ ਚਾਹੀਦਾ ਹੈ।
* ਫੈਕਟਰੀ ਜਾਂ ਦੁਕਾਨ ਵਿਚ ਗੈਸ ਸਿਲੰਡਰ, ਲੈਂਪ, ਲਾਲਟੇਨ, ਅਗਰਬੱਤੀ ਸਮੇਤ ਜਲਣਸ਼ੀਲ ਪਦਾਰਥ 'ਤੇ ਪਾਬੰਦੀ ਹੋਣੀ ਚਾਹੀਦੀ ਹੈ।
* ਫੈਕਟਰੀ ਸੰਚਾਲਕ, ਦੁਕਾਨਦਾਰ ਦੇ ਕੋਲ ਆਤਿਸ਼ਬਾਜ਼ੀ ਦਾ ਤਜਰਬਾ ਸਰਟੀਫਿਕੇਟ ਹੋਣਾ ਚਾਹੀਦਾ ਹੈ।
* ਸੰਚਾਲਕ ਫੈਕਟਰੀ ਕਰਮਚਾਰੀਆਂ ਨੂੰ ਅੱਗ ਬੁਝਾਊ ਯੰਤਰ ਚਲਾਉਣ ਦੀ ਜਾਣਕਾਰੀ ਹੋਵੇ।
* ਮਜ਼ਦੂਰਾਂ ਲਈ ਦਸਤਾਨੇ, ਸਪੈਸ਼ਲ ਡਰੈੱਸ, ਮਾਸਕ ਸਮੇਤ ਹੋਰ ਸੁਰੱਖਿਆ ਦੇ ਯੰਤਰ ਹੋਣੇ ਚਾਹੀਦੇ ਹਨ।
* ਮੌਕੇ 'ਤੇ ਮੁੱਢਲਾ ਇਲਾਜ, ਫਸਟਏਡ ਬਾਕਸ ਹੋਣਾ ਚਾਹੀਦਾ ਹੈ