ਸ਼ਰਮਨਾਕ : ਧਮਾਕਾ ਪੀੜਤ ਪਰਿਵਾਰ ਦੇ ਘਰ ਚੋਰੀ

09/06/2019 10:39:57 AM

ਬਟਾਲਾ (ਮਠਾਰੂ) - ਬਟਾਲਾ ਪਟਾਕਾ ਫੈਕਟਰੀ ਧਮਾਕੇ 'ਚ 2 ਸਾਲਾ ਮਾਸੂਮ ਬੱਚੇ ਅਤੇ ਉਸ ਦੀ ਮਾਂ ਦੀ ਜਾਨ ਗਵਾਉਣ ਵਾਲੇ ਪਰਿਵਾਰ ਨੂੰ ਦੋਹਰੀ ਮਾਰ ਵੱਜੀ ਹੈ। ਇਕ ਪਾਸੇ ਘਰ ਦੇ 2 ਜੀਅ ਧਮਾਕੇ 'ਚ ਮੌਤ ਦੇ ਮੂੰਹ 'ਚ ਚਲੇ ਗਏ ਅਤੇ ਦੂਜੇ ਪਾਸੇ ਜਦ ਪਰਿਵਾਰ ਦੇ ਬਾਕੀ ਮੈਂਬਰ ਜ਼ਖਮੀਆਂ ਅਤੇ ਆਂਢ-ਗੁਆਂਢ ਦੇ ਲੋਕਾਂ ਨੂੰ ਸੰਭਾਲ ਰਹੇ ਸਨ ਤਾਂ ਇਸੇ ਹੀ ਦੌਰਾਨ ਚੋਰਾਂ ਨੇ ਪੀੜਤ ਪਰਿਵਾਰ ਦੇ ਘਰੋਂ 15 ਤੋਲੇ ਤੋਂ ਵੀ ਵੱਧ ਸੋਨੇ ਦੇ ਗਹਿਣੇ, ਹਜ਼ਾਰਾਂ ਰੁਪਏ ਦੀ ਨਕਦੀ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ। ਇਸ ਧਮਾਕੇ 'ਚ ਫੈਕਟਰੀ ਦੇ ਪਿਛਲੇ ਪਾਸੇ ਪੈਂਦੀ ਗੁਰੂ ਰਾਮਦਾਸ ਕਾਲੋਨੀ 'ਚ ਰਹਿਣ ਵਾਲਾ ਸੰਧੂ ਪਰਿਵਾਰ ਜਿਨ੍ਹਾਂ ਦੀ ਨੂੰਹ ਰਮਨਦੀਪ ਕੌਰ ਪਤਨੀ ਅਸ਼ੀਸ਼ਪਾਲ ਸਿੰਘ ਲੱਕੀ ਸੰਧੂ ਅਤੇ 2 ਸਾਲਾ ਮਾਸੂਮ ਬੱਚਾ ਪਾਹੁਲਪ੍ਰੀਤ ਸਿੰਘ ਪੁੱਤਰ ਅਸ਼ੀਸ਼ਪਾਲ ਸਿੰਘ ਲੱਕੀ ਸੰਧੂ ਮੌਤ ਦੀ ਮੌਤ ਹੋ ਗਈ। ਇਸੇ ਦੌਰਾਨ ਜਦ ਘਰ 'ਚ ਮੌਜੂਦ ਪਰਿਵਾਰਕ ਮੈਂਬਰ ਨਵ ਸੰਧੂ, ਲੱਕੀ ਸੰਧੂ ਅਤੇ ਹੋਰ ਮੈਂਬਰ ਹਫੜਾ-ਦਫ਼ੜੀ 'ਚ ਮਲਬੇ ਦੇ ਹੇਠਾਂ ਦੱਬੇ ਆਂਢ-ਗੁਆਂਢ ਦੇ ਲੋਕਾਂ ਨੂੰ ਬਚਾਉਣ 'ਚ ਲੱਗ ਗਏ, ਜਦ ਕਿ ਮੌਕੇ 'ਤੇ ਪਹੁੰਚੀ ਪੁਲਸ ਨੇ ਇਹ ਕਹਿ ਕੇ ਕਿ ਆਸਪਾਸ ਦੀਆਂ ਇਮਾਰਤਾਂ ਡਿੱਗਣ ਵਾਲੀਆਂ ਹਨ, ਇਸ ਲਈ ਸੰਧੂ ਪਰਿਵਾਰ ਦੇ ਮੈਂਬਰਾਂ ਨੂੰ ਆਪਣੇ ਘਰ 'ਚ ਦਾਖਲ ਨਹੀਂ ਹੋਣ ਦਿੱਤਾ ਗਿਆ।

ਇਸ ਮੌਕੇ ਨਵ ਸੰਧੂ ਅਤੇ ਲੱਕੀ ਸੰਧੂ ਨੇ ਦੱਸਿਆ ਕਿ ਜਦ ਅਸੀਂ ਆਪਣੇ ਘਰ ਤੋਂ ਬਾਹਰ ਸੀ ਤਾਂ ਧਮਾਕੇ ਦੌਰਾਨ ਹੀ ਕੁਝ ਚੋਰਾਂ ਵੱਲੋਂ ਕੋਠੀ ਦੇ ਵਿਚ ਦਾਖਲ ਹੋ ਕੇ ਉਪਰਲੀ ਮੰਜ਼ਿਲ ਦੇ ਵਿਚ ਪਏ 15 ਤੋਲੇ ਤੋਂ ਵੀ ਵੱਧ ਸੋਨੇ ਦੇ ਗਹਿਣੇ, ਹਜ਼ਾਰਾਂ ਦੀ ਨਕਦੀ ਅਤੇ ਹੋਰ ਸਾਮਾਨ ਚੋਰੀ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਮ੍ਰਿਤਕ ਰਮਨਦੀਪ ਕੌਰ ਨੇ ਆਪਣੀ ਤਨਖਾਹ ਲਿਆ ਕੇ ਘਰ ਅਲਮਾਰੀ ਵਿਚ ਰੱਖੀ ਸੀ, ਜੋ ਕਿ ਚੋਰੀ ਹੋ ਗਈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਇਸ ਸਮੇਂ ਪੁਲਸ ਮੁਲਾਜ਼ਮ ਵੀ ਸਾਡੀ ਕੋਠੀ ਦੇ ਗੇਟ ਦੇ ਅੱਗੇ ਮੌਜੂਦ ਸਨ ਪਰ ਪਤਾ ਨਹੀਂ ਲੱਗਾ ਕਿ ਚੋਰ ਕਿਸ ਵੇਲੇ ਕੋਠੀ ਵਿਚ ਦਾਖਲ ਹੋਏ ਅਤੇ ਉਨ੍ਹਾਂ ਨੇ ਇਸ ਭਿਆਨਕ ਹਾਦਸੇ ਦੇ ਦੌਰਾਨ ਹੀ ਆਪਣੀ ਵਾਰਦਾਤ ਨੂੰ ਅੰਜਾਮ ਦਿੱਤਾ।


Baljeet Kaur

Content Editor

Related News