ਝੋਟਾ ਦੇ ਪਰਿਵਾਰ ਨੂੰ ਮਿਲਣਗੇ ਕਾਰੋਬਾਰੀ, ਬਾਜ਼ਾਰ ਵੱਲ ਆਉਂਦਾ ਇਕ ਰਸਤਾ ਖੁੱਲ੍ਹਵਾਉਣ ਦੀ ਕਰਨਗੇ ਮੰਗ
Monday, Oct 26, 2026 - 04:49 PM (IST)
ਮਾਨਸਾ (ਸੰਦੀਪ ਮਿੱਤਲ) : ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਮਾਨਸਾ ਦੇ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਨੇੜੇ ਸਿਰਸਾ-ਲੁਧਿਆਣਾ ਮੁੱਖ ਮਾਰਗ ’ਤੇ ਚੱਲ ਰਹੇ ਧਰਨੇ ਕਾਰਨ ਸ਼ਹਿਰ ਦੇ ਬਾਜ਼ਾਰੀ ਕਾਰੋਬਾਰ ’ਤੇ ਪੈ ਰਹੇ ਪ੍ਰਭਾਵ ਨੂੰ ਦੇਖਦਿਆਂ ਸ਼ਹਿਰ ਦੇ ਕਾਰੋਬਾਰੀਆਂ ਨੇ ਸੋਮਵਾਰ ਨੂੰ ਐਕਸ਼ਨ ਕਮੇਟੀ ਅਤੇ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਕ ਮੈਂਬਰਾਂ ਨੂੰ ਮਿਲਣ ਦਾ ਫ਼ੈਸਲਾ ਕੀਤਾ ਹੈ। ਕਾਰੋਬਾਰੀ ਤਿੰਨਕੋਣੀ ਤੋਂ ਬਾਜ਼ਾਰ ਵੱਲ ਆਉਣ ਵਾਲਾ ਇਕ ਰਸਤਾ ਖੁੱਲ੍ਹਵਾਉਣ ਦੀ ਅਪੀਲ ਕਰਨਗੇ, ਤਾਂ ਜੋ ਦੁਕਾਨਦਾਰਾਂ ਦੇ ਕੰਮਕਾਜ ਨੂੰ ਕੁੱਝ ਰਾਹਤ ਮਿਲ ਸਕੇ। ਇਸ ਸਬੰਧੀ ਲਕਸ਼ਮੀ ਨਾਰਾਇਣ ਮੰਦਿਰ ਵਿਖੇ ਦੁਕਾਨਦਾਰਾਂ ਦੀ ਇਕ ਮੀਟਿੰਗ ਹੋਈ, ਜਿਸ ’ਚ ਬਾਜ਼ਾਰ ਦੇ ਮੌਜੂਦਾ ਹਾਲਾਤ ਅਤੇ ਕਾਰੋਬਾਰੀਆਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ’ਚ ਬੋਲਦਿਆਂ ਸਨਾਤਨ ਧਰਮ ਸਭਾ ਦੇ ਪ੍ਰਧਾਨ ਵਿਨੋਦ ਭੰਮਾ, ਰੈਡੀਮੇਡ ਯੂਨੀਅਨ ਦੇ ਪ੍ਰਧਾਨ ਮਨੋਜ ਗੋਇਲ ਅਤੇ ਪ੍ਰਵੀਨ ਗੋਇਲ ਨੇ ਕਿਹਾ ਕਿ ਪਿਛਲੇ ਕਰੀਬ 13 ਦਿਨਾਂ ਤੋਂ ਚੱਲ ਰਹੇ ਧਰਨੇ ਕਾਰਨ ਬਾਜ਼ਾਰ ਵੱਲ ਆਉਣ-ਜਾਣ ਵਾਲੇ ਰਸਤੇ ਪ੍ਰਭਾਵਿਤ ਹੋਏ ਹਨ, ਜਿਸ ਨਾਲ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ।
ਉਨ੍ਹਾਂ ਕਿਹਾ ਕਿ ਇਨ੍ਹੀਂ ਦਿਨੀਂ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ, ਜੋ ਕਾਰੋਬਾਰੀਆਂ ਲਈ ਸਾਲ ਦਾ ਮਹੱਤਵਪੂਰਨ ਸਮਾਂ ਹੁੰਦਾ ਹੈ। ਇਸ ਦੌਰਾਨ ਦੁਕਾਨਦਾਰ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਵਿਸ਼ੇਸ਼ ਤਿਆਰੀਆਂ ਕਰਦੇ ਹਨ ਅਤੇ ਦੁਕਾਨਾਂ ਨੂੰ ਸਾਮਾਨ ਨਾਲ ਸਜਾਇਆ ਜਾਂਦਾ ਹੈ ਪਰ ਮੌਜੂਦਾ ਹਾਲਾਤ ਕਾਰਨ ਦੁਕਾਨਦਾਰਾਂ ਨੂੰ ਆਪਣਾ ਸਾਮਾਨ ਨਾ ਵਿਕਣ ਦੀ ਚਿੰਤਾ ਸਤਾ ਰਹੀ ਹੈ। ਕਈ ਦੁਕਾਨਦਾਰ ਤਾਂ ਤਿਉਹਾਰਾਂ ਨੂੰ ਧਿਆਨ ’ਚ ਰੱਖਦਿਆਂ ਨਵਾਂ ਸਮਾਨ ਤਿਆਰ ਕਰਨ ਤੋਂ ਵੀ ਗੁਰੇਜ਼ ਕਰ ਰਹੇ ਹਨ। ਕਾਰੋਬਾਰੀਆਂ ਨੇ ਕਿਹਾ ਕਿ ਉਹ ਪਰਵਿੰਦਰ ਸਿੰਘ ਝੋਟਾ ਦੇ ਮਾਮਲੇ ’ਚ ਇਨਸਾਫ਼ ਦੀ ਮੰਗ ਨੂੰ ਸਮਝਦੇ ਹਨ ਪਰ ਇਸ ਦੇ ਨਾਲ ਹੀ ਸ਼ਹਿਰ ਦੇ ਕਾਰੋਬਾਰੀਆਂ ਅਤੇ ਆਮ ਲੋਕਾਂ ਦੀਆਂ ਮੁਸ਼ਕਲਾਂ ਵੱਲ ਵੀ ਧਿਆਨ ਦਿੱਤਾ ਜਾਣਾ ਚਾਹੀਦਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਐਕਸ਼ਨ ਕਮੇਟੀ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸਮਝਦਿਆਂ ਬਾਜ਼ਾਰ ਵੱਲ ਆਉਣ ਵਾਲਾ ਇਕ ਰਸਤਾ ਖੋਲ੍ਹਣ ਲਈ ਸਹਿਯੋਗ ਕਰਨਗੇ। ਇਸ ਤੋਂ ਇਲਾਵਾ ਕਾਰੋਬਾਰੀਆਂ ਨੇ ਧਰਨੇ ਦੌਰਾਨ ਹਸਪਤਾਲ ਨੇੜੇ ਚੱਲ ਰਹੇ ਸਪੀਕਰ ਨੂੰ ਬੰਦ ਕਰਨ ਦੀ ਮੰਗ ਵੀ ਕੀਤੀ।
ਉਨ੍ਹਾਂ ਕਿਹਾ ਕਿ ਸਪੀਕਰ ਦੀ ਆਵਾਜ਼ ਕਾਰਨ ਹਸਪਤਾਲ ’ਚ ਦਾਖ਼ਲ ਮਰੀਜ਼ਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਮੀਟਿੰਗ ’ਚ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਸਾਬਕਾ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸੇਵਾਦਾਰ ਪ੍ਰੇਮ ਅਰੋੜਾ, ਵਪਾਰ ਮੰਡਲ ਦੇ ਪ੍ਰਧਾਨ ਮੁਨੀਸ਼ ਕੁਮਾਰ ਬੱਬੀ ਦਾਨੇਵਾਲੀਆ, ਕਰਿਆਨਾ ਯੂਨੀਅਨ ਪੰਜਾਬ ਦੇ ਚੇਅਰਮੈਨ ਸੁਰੂਸ਼ ਨੰਦਗੜ੍ਹੀਆ, ਨੇਮ ਚੰਦ, ਰੁਲਦੂ ਨੰਦਗੜ੍ਹੀਆ, ਤਰਸੇਮ ਮਿੱਢਾ, ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਨਿਰਮਲ ਸਿੰਘ ਝੰਡੂਕੇ, ਕਾਮਰੇਡ ਕ੍ਰਿਸ਼ਨ ਚੌਹਾਨ, ਬਲਜੀਤ ਸਿੰਘ, ਮਨਦੀਪ ਸਿੰਘ ਗੋਰਾ, ਗੋਲਡੀ ਗਾਂਧੀ, ਬਲਜੀਤ ਕੜਵਲ, ਆਤਮਾ ਰਾਮ ਬੀਟਾ, ਸਮੀਰ ਛਾਬੜਾ, ਅਮਨ ਗੋਇਲ, ਵਿਸ਼ਾਲ ਗੋਲਡੀ, ਲਖਵਿੰਦਰ ਮੂਸਾ ਅਤੇ ਰਾਜੇਸ਼ ਕੁਮਾਰ ਸਮੇਤ ਹੋਰ ਕਾਰੋਬਾਰੀ ਅਤੇ ਸ਼ਹਿਰ ਵਾਸੀ ਹਾਜ਼ਰ ਸਨ।
