ਸੁਨਹਿਰੀ ਭਵਿੱਖ ਦੀ ਤਾਲਾਸ਼ ''ਚ ਦੁਬਈ ਗਏ ਨੌਜਵਾਨ ਦੀ ਭੇਤਭਰੇ ਹਾਲਾਤ ''ਚ ਮੌਤ

Sunday, May 05, 2019 - 09:53 AM (IST)

ਸੁਨਹਿਰੀ ਭਵਿੱਖ ਦੀ ਤਾਲਾਸ਼ ''ਚ ਦੁਬਈ ਗਏ ਨੌਜਵਾਨ ਦੀ ਭੇਤਭਰੇ ਹਾਲਾਤ ''ਚ ਮੌਤ

ਬਟਾਲਾ (ਮਠਾਰੂ) : ਆਪਣੇ ਤੇ ਪਰਿਵਾਰ ਦੇ ਸੁਨਹਿਰੀ ਭਵਿੱਖ ਦੀ ਤਾਲਾਸ਼ 'ਚ ਵਿਦੇਸ਼ ਦੀ ਧਰਤੀ ਉਪਰ ਪਹੁੰਚੇ ਇਕ 23 ਸਾਲਾ ਨੌਜਵਾਨ ਦੀ ਭੇਤਭਰੇ ਹਾਲਤ 'ਚ ਦੁਬਈ 'ਚ ਮੌਤ ਹੋ ਜਾਣ ਦੀ ਖਬਰ ਹੈ। ਇਸ ਸਬੰਧੀ ਪਿੰਡ ਲੇਹਲ ਦੇ ਰਹਿਣ ਵਾਲੇ ਕਸ਼ਮੀਰ ਸਿੰਘ ਨੇ ਦੱਸਿਆ ਕਿ ਉਸ ਦਾ 23 ਸਾਲਾ ਹੋਣਹਾਰ ਪੁੱਤਰ ਦਵਿੰਦਰ ਸਿੰਘ ਅੱਜ ਤੋਂ ਪੌਣੇ ਕੁ ਤਿੰਨ ਸਾਲ ਪਹਿਲਾਂ ਆਪਣੇ ਪਰਿਵਾਰ ਦੇ ਪਾਲਣ-ਪੋਸ਼ਣ ਤੇ ਸੁਨਹਿਰੀ ਭਵਿੱਖ ਨੂੰ ਲੈ ਕੇ ਦੁਬਈ ਦੀ ਇਕ ਕੰਪਨੀ ਦੇ 'ਚ ਕੰਮ ਕਰਨ ਲਈ ਗਿਆ ਸੀ। ਪੀੜਤ ਪਿਤਾ ਨੇ ਦੱਸਿਆ ਕਿ ਅੱਜ ਤੋਂ ਇਕ ਮਹੀਨਾਂ ਪਹਿਲਾਂ ਉਨ੍ਹਾਂ ਨੂੰ ਦੁਬਈ ਤੋਂ ਸੂਚਨਾ ਮਿਲੀ ਸੀ ਕਿ ਉਨ੍ਹਾਂ ਦੇ ਪੁੱਤਰ ਦਵਿੰਦਰ ਸਿੰਘ ਦੀ ਮੌਤ ਹੋ ਗਈ ਹੈ, ਜਿਸ ਤੋਂ ਬਾਅਦ ਆਪਣੇ ਪੁੱਤਰ ਦੀ ਦੇਹ ਨੂੰ ਭਾਰਤ ਆਪਣੇ ਜੱਦੀ ਪਿੰਡ ਲਿਆਉਣ ਦੇ ਵਾਸਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਤੇ ਸਮਾਜਸੇਵੀ ਸ਼ਖਸੀਅਤ ਡਾ. ਐੱਸ.ਪੀ. ਸਿੰਘ ਉਬਰਾਏ ਨੂੰ ਬੇਨਤੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲਾ ਪ੍ਰਧਾਨ ਰਵਿੰਦਰ ਸਿੰਘ ਦੇ ਨਾਲ ਸੰਪਰਕ ਕਰਦਿਆਂ ਆਪਣੇ ਲੜਕੇ ਦਵਿੰਦਰ ਸਿੰਘ ਦੇ ਸਾਰੇ ਜ਼ਰੂਰੀ ਕਾਗਜ਼ ਪੱਤਰ ਦਿੱਤੇ ਗਏ, ਜਿਨ੍ਹਾਂ ਨੇ ਪਿੱਛਲੇ ਇਕ ਮਹੀਨੇ ਤੋਂ ਭਾਰੀ ਜੱਦੋ-ਜਹਿਦ ਦੇ ਤਹਿਤ ਜਿੱਥੇ ਦੁਬਈ ਵਿਖੇ ਸਰਬੱਤ ਦਾ ਭਲਾ ਟਰੱਸਟ ਦੇ ਸੀਨੀਅਰ ਅਹੁਦੇਦਾਰ ਤੇ ਡਾ. ਓਬਰਾਏ ਦੇ ਨਿੱਜੀ ਸਕੱਤਰ ਬਲਦੀਪ ਸਿੰਘ ਚਾਹਲ ਨਾਲ ਮਿਲ ਕੇ ਮ੍ਰਿਤਕ ਨੌਜਵਾਨ ਦਵਿੰਦਰ ਸਿੰਘ ਦੀ ਦੇਹ ਨੂੰ ਜੱਦੀ ਪਿੰਡ ਲਿਆਊਣ ਲਈ ਯਤਨ ਕੀਤੇ, ਉਥੇ ਨਾਲ ਹੀ ਪਰਿਵਾਰ ਨਾਲ ਵੀ ਦੁੱਖ ਜਾਹਿਰ ਕੀਤਾ। 

ਇਸ ਦੌਰਾਨ ਟਰੱਸਟ ਦੇ ਜ਼ਿਲਾ ਪ੍ਰਧਾਨ ਰਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਰਿਪੋਰਟ ਆ ਚੁੱਕੀ ਹੈ ਤੇ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਲਈ ਕਾਗਜ਼ੀ ਕਾਰਵਾਈ ਚੱਲ ਰਹੀ ਹੈ, ਜਦ ਕਿ ਦੁਬਈ ਵਿਖੇ ਟਰੱਸਟ ਦੇ ਆਗੂ ਬਲਦੀਪ ਸਿੰਘ ਚਾਹਲ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਸਾਹਮਣੇ ਆਇਆ ਹੈ ਕਿ ਇੱਕ-ਦੋ ਦਿਨਾਂ 'ਚ ਮ੍ਰਿਤਕ ਨੌਜਵਾਨ ਦਵਿੰਦਰ ਸਿੰਘ ਦੀ ਦੇਹ ਦੁਬਈ ਤੋਂ ਹਵਾਈ ਜਹਾਜ ਰਾਹੀਂ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡੇ 'ਤੇ ਪਹੁੰਚਣ ਤੋਂ ਬਾਅਦ ਜੱਦੀ ਪਿੰਡ ਲੇਹਲ ਵਿਖੇ ਲਿਆਂਦੀ ਜਾਵੇਗੀ।


author

Baljeet Kaur

Content Editor

Related News