ਲਾਂਘੇ ਲਈ ਸਿੱਖ ਕੌਮ ਹਮੇਸ਼ਾ ਭਾਰਤ-ਪਾਕਿ ਸਰਕਾਰਾਂ ਦੀ ਰਹੇਗੀ ਰਿਣੀ
Wednesday, Nov 13, 2019 - 10:30 AM (IST)

ਬਟਾਲਾ (ਗੋਰਾਇਆ) : ਸ੍ਰੀ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰੇ ਕਰਵਾਉਣ ਲਈ ਸਿੱਖ ਕੌਮ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦੀ ਸਦਾ ਰਿਣੀ ਰਹੇਗੀ। ਇਹ ਵਿਚਾਰ ਸੀਨੀਅਰ ਅਕਾਲੀ ਆਗੂ ਹਲਕਾ ਬਟਾਲਾ ਸੁਖਜਿੰਦਰ ਸਿੰਘ ਰੰਧਾਵਾ ਨੇ 'ਜਗ ਬਾਣੀ' ਦਫਤਰ ਵਿਖੇ ਗੱਲਬਾਤ ਕਰਦਿਆਂ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ 72 ਸਾਲਾ ਦੀਆਂ ਅਰਦਾਸਾਂ ਬਾਅਦ ਗੁਰੂ ਨਾਨਕ ਪਾਤਸ਼ਾਹ ਨੇ ਸੰਗਤਾਂ ਨੂੰ ਦਰਸ਼ਨ ਕਰਵਾਉਣ ਲਈ ਲਾਂਘਾ ਭਾਰੀ ਕੁੜੱਤਣ ਦੇ ਬਾਵਜੂਦ ਵੀ ਦੋਵਾਂ ਸਰਕਾਰਾਂ ਨੂੰ ਲਾਂਘੇ ਖੋਲ੍ਹਣ ਲਈ ਮਜਬੂਰ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਦੇਸ਼ਾਂ-ਵਿਦੇਸ਼ਾਂ 'ਚ ਵੱਸਦੇ 14 ਕਰੋੜ ਸਿੱਖ ਇਸ ਲਾਂਘੇ ਦੇ ਖੁੱਲ੍ਹਣ ਨਾਲ ਖੁਸ਼ੀ 'ਚ ਖੀਵੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਲਾਂਘਾ ਖੁਲ੍ਹਵਾਉਣ ਲਈ ਕੇਂਦਰ ਸਰਕਾਰ 'ਤੇ ਦਬਾਅ ਬਣਾਇਆ ਗਿਆ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਆਖਿਰਕਾਰ ਸਿੱਖਾਂ ਦੀ ਇਸ ਜਾਇਜ਼ ਮੰਗ ਨੂੰ 9 ਨਵੰਬਰ ਨੂੰ ਪੂਰਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਮੁੱਚੀਆਂ ਨਾਨਕ ਨਾਮ ਲੇਵਾ ਸੰਗਤਾਂ ਗੁਰੂ ਨਾਨਕ ਦੇਵ ਜੀ ਦੇ 550ਵੇ ਪ੍ਰਕਾਸ਼ ਪੁਰਬ ਨੂੰ ਮਨਾਉਣ ਲਈ ਅਤੇ ਪਾਕਿਸਤਾਨ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਵਾਸਤੇ ਵਹੀਰਾਂ ਘੱਤ ਕੇ ਜਾ ਰਹੀਆਂ ਹਨ।