ਫਿਲਮੀ ਸਟਾਈਲ ''ਚ ਕੋਠੀ ''ਚੋਂ ਚੋਰੀ ਕੀਤਾ ਸਾਮਾਨ (ਤਸਵੀਰਾਂ)
Saturday, Jan 19, 2019 - 12:43 PM (IST)

ਬਟਾਲਾ (ਬੇਰੀ) : ਪੁਰਾਣੀ ਅਨਾਜ ਮੰਡੀ ਵਿਖੇ ਸਥਿਤ ਇਕ ਬੰਦ ਪਈ ਕੋਠੀ 'ਚੋਂ ਫਿਲਮੀ ਸਟਾਈਲ 'ਚ ਚੋਰਾਂ ਵਲੋਂ ਦਿਨ-ਦਿਹਾੜੇ ਸਾਮਾਨ ਹੌਲੀ ਹੌਲੀ ਚੋਰੀ ਕਰਕੇ ਲਿਜਾਣ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਬਟਾਲਾ ਦੀ ਅਨਾਜ ਮੰਡੀ 'ਚ ਰਹਿਣ ਵਾਲੇ ਬੰਟੀ ਬਾਜਵਾ ਪੁੱਤਰ ਅਮਰਜੀਤ ਸਿੰਘ ਵਾਸੀ ਜੋ ਹੁਣ ਮਾਡਰਨ ਅਸਟੇਟ ਕਾਲੋਨੀ 'ਚ ਰਹਿ ਰਹੇ ਹਨ, ਦੀ ਬੰਦ ਪਈ ਕੋਠੀ 'ਚੋਂ ਚੋਰ ਫਿਲਮੀ ਸਟਾਈਲ 'ਚ ਆ ਕੇ ਹੌਲੀ ਹੌਲੀ ਸਾਮਾਨ ਚੋਰੀ ਕਰਕੇ ਲੈ ਜਾਂਦੇ ਰਹੇ। ਜਿਸ ਬਾਰੇ ਕਿਸੇ ਨੂੰ ਵੀ ਕੋਈ ਭਿਣਕ ਨਹੀਂ ਲੱਗੀ।
ਇਸ ਬਾਰੇ ਕੋਠੀ ਦੇ ਮਾਲਕ ਬੰਟੀ ਬਾਜਵਾ ਨੂੰ ਉਸ ਵੇਲੇ ਪਤਾ ਚੱਲਿਆ ਜਦੋਂ ਉਹ ਪੁਰਾਣੇ ਘਰ ਦਾਣਾ ਮੰਡੀ 'ਚ ਪਹੁੰਚਿਆ ਤਾਂ ਦੇਖਿਆ ਕਿ ਉਸ ਵਲੋਂ ਲਾਇਆ ਗਿਆ ਤਾਲਾ ਕਿਸੇ ਵਲੋਂ ਬਦਲਿਆ ਪਿਆ ਹੈ, ਜਿਸ ਤੋਂ ਬਾਅਦ ਆਸੇ ਪਾਸੇ ਦੇ ਲੋਕਾਂ ਨੇ ਬੰਟੀ ਬਾਜਵਾ ਨੂੰ ਦੱਸਿਆ ਕਿ ਤੁਹਾਡੇ ਘਰੋਂ ਕੁਝ ਵਿਅਕਤੀ ਰਿਕਸ਼ਾ ਅਤੇ ਸਕੂਟਰੀ 'ਤੇ ਸਾਮਾਨ ਰੱਖ ਕੇ ਲੈ ਜਾ ਰਹੇ ਹਨ ਅਤੇ ਉਹ ਸਮਝਦੇ ਰਹੇ ਕਿ ਤੁਸੀਂ ਆਪਣੇ ਵਿਅਕਤੀ ਭੇਜ ਕੇ ਸਾਮਾਨ ਸ਼ਿਫਟ ਕਰਵਾ ਰਹੇ ਹੋ, ਜਿਸ ਕਰਕੇ ਚੋਰਾਂ ਨੇ ਉਕਤ ਬੰਦ ਪਈ ਕੋਠੀ 'ਚੋਂ ਸਾਮਾਨ ਚੋਰੀ ਕਰ ਲਿਆ ਤੇ ਫਰਾਰ ਹੋ ਗਏ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੰਟੀ ਬਾਜਵਾ ਨੇ ਕਿਹਾ ਕਿ ਚੋਰਾਂ ਨੇ ਕੋਠੀ 'ਚ ਬਣੇ ਸਾਰੇ ਕਮਰਿਆਂ 'ਚ ਪਏ ਸਾਮਾਨ ਦੀ ਚੰਗੀ ਤਰ੍ਹਾਂ ਫਰੋਲਾ-ਫਰਾਲੀ ਕੀਤੀ ਹੈ ਕਿਉਂਕਿ ਕਮਰਿਆਂ 'ਚ ਸਾਮਾਨ ਖਿੱਲਰਿਆ ਪਿਆ ਸੀ ਅਤੇ ਡੀ.ਵੀ.ਆਰ. ਦੇ ਤਾਰ ਕੱਟੇ ਪਏ ਸਨ। ਇਸ ਸਬੰਧੀ ਥਾਣਾ ਸਿਟੀ ਦੀ ਪੁਲਸ ਨੂੰ ਦੋ ਵਾਰ ਸੂਚਨਾ ਦਿੱਤੀ ਗਈ ਹੈ, ਪਹਿਲੀ ਵਾਰ 13 ਜਨਵਰੀ ਨੂੰ ਅਤੇ ਦੂਜੀ ਵਾਰ 18 ਜਨਵਰੀ ਨੂੰ। ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਸਿਟੀ ਦੇ ਪੁਲਸ ਮੁਲਾਜ਼ਮਾਂ ਨੇ ਮੌਕੇ 'ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲੈ ਲਿਆ ਹੈ।