ਬਟਾਲਾ ਦਾ ਫਰਦ ਕੇਂਦਰ ਜ਼ਿਲੇ ''ਚੋਂ ਪਹਿਲੇ ਨੰਬਰ ''ਤੇ
Wednesday, Feb 21, 2018 - 10:43 AM (IST)

ਬਟਾਲਾ (ਸੈਂਡੀ, ਬੇਰੀ, ਕਲਸੀ, ਸਾਹਿਲ) - ਜ਼ਮੀਨ-ਜਾਇਦਾਦ ਨਾਲ ਸੰਬੰਧਤ ਜਮ੍ਹਾਬੰਦੀਆਂ ਦੀਆਂ ਨਕਲਾਂ ਤੇ ਫਰਦਾਂ ਦੇਣ ਦੇ ਮਾਮਲੇ ਵਿਚ ਬਟਾਲਾ ਦਾ ਫਰਦ ਕੇਂਦਰ ਜ਼ਿਲਾ ਗੁਰਦਾਸਪੁਰ 'ਚੋਂ ਪਹਿਲੇ ਸਥਾਨ 'ਤੇ ਹੈ। ਸਾਲ 2011 ਵਿਚ ਬਟਾਲਾ ਤਹਿਸੀਲ ਕੰਪਲੈਕਸ 'ਚ ਸ਼ੁਰੂ ਹੋਏ ਇਸ ਫਰਦ ਕੇਂਦਰ ਨੇ ਜਿਥੇ ਲੋਕਾਂ ਨੂੰ ਸਭ ਤੋਂ ਬਿਹਤਰ ਸੇਵਾਵਾਂ ਦਿੱਤੀਆਂ, ਉਥੇ ਹੀ ਇਸ ਨੇ ਸਰਕਾਰੀ ਖਜ਼ਾਨੇ ਵਿਚ ਵੀ ਆਪਣਾ ਸਭ ਤੋਂ ਵੱਧ ਯੋਗਦਾਨ ਪਾਇਆ।
ਬਟਾਲਾ ਦੇ ਫਰਦ ਕੇਂਦਰ ਦੀ ਰਿਕਾਰਡ ਕਾਰਗੁਜ਼ਾਰੀ ਬਾਰੇ ਐੱਸ. ਡੀ. ਐੱਮ. ਬਟਾਲਾ ਰੋਹਿਤ ਗੁਪਤਾ ਨੇ ਦੱਸਿਆ ਕਿ ਕੋਈ ਵੀ ਵਿਅਕਤੀ ਆਪਣੀ ਜ਼ਮੀਨ ਜਾਇਦਾਦ ਦੀ ਜਮ੍ਹਾਬੰਦੀ ਦੀ ਨਕਲ ਤੇ ਫਰਦ 5 ਤੋਂ 10 ਮਿੰਟਾਂ ਵਿਚ ਪ੍ਰਾਪਤ ਕਰ ਸਕਦਾ ਹੈ। ਕੇਂਦਰ ਵੱਲੋਂ ਲੋਕਾਂ ਨੂੰ ਇਹ ਸੇਵਾਵਾਂ 'ਸੇਵਾ ਦਾ ਅਧਿਕਾਰ ਕਾਨੂੰਨ 2011' ਤਹਿਤ ਬਿਨਾਂ ਖੱਜਲ-ਖੁਆਰੀ ਦੇ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਮ੍ਹਾਬੰਦੀ ਦੇ ਇਕ ਪੇਜ ਦੀ ਫੀਸ 20 ਰੁਪਏ ਵਸੂਲੀ ਜਾਂਦੀ ਹੈ।
ਪਿਛਲੇ ਸਾਲ 1 ਅਪ੍ਰੈਲ ਤੋਂ 31 ਦਸੰਬਰ 2017 ਤੱਕ ਬਟਾਲਾ ਦੇ ਫਰਦ ਕੇਂਦਰ ਨੇ 16330 ਫਰਦਾਂ ਦੀਆਂ ਨਕਲਾਂ ਜਾਰੀ ਕੀਤੀਆਂ ਤੇ 20,40,460 ਰੁਪਏ ਸਰਕਾਰੀ ਖਜ਼ਾਨੇ ਵਿਚ ਜਮ੍ਹਾ ਕਰਵਾਏ। ਫਰਦ ਕੇਂਦਰ ਦੀ ਇਹ ਕਾਰਗੁਜ਼ਾਰੀ ਪੂਰੇ ਜ਼ਿਲੇ 'ਚੋਂ ਪਹਿਲੇ ਨੰਬਰ 'ਤੇ ਰਹੀ ਹੈ। ਬਟਾਲਾ ਤਹਿਸੀਲ ਦਾ ਮਾਲ ਵਿਭਾਗ ਨਾਲ ਸੰਬੰਧਤ ਸਾਰਾ ਜ਼ਮੀਨੀ ਰਿਕਾਰਡ ਆਨਲਾਈਨ ਹੋ ਗਿਆ ਹੈ ਅਤੇ ਕੋਈ ਵੀ ਵਿਅਕਤੀ ਭਾਵੇਂ ਉਹ ਵਿਦੇਸ਼ 'ਚ ਬੈਠਾ ਹੋਵੇ, ਆਨਲਾਈਨ ਵਿਭਾਗ ਦੀ ਵੈੱਬਸਾਈਟ 'ਤੇ ਆਪਣੀ ਜ਼ਮੀਨ ਦਾ ਰਿਕਾਰਡ ਚੈੱਕ ਕਰ ਸਕਦਾ ਹੈ।