ਕੋਰੋਨਾ ਮੁਸੀਬਤ: ਮਰਨ ਤੋਂ ਬਾਅਦ ਵੀ ਲਾਸ਼ਾਂ ਦੇ ਅੰਤਿਮ ਸੰਸਕਾਰ ਲਈ ਕਰਨਾ ਪੈ ਰਿਹੈ ਸੰਘਰਸ਼

Wednesday, Apr 29, 2020 - 04:36 PM (IST)

ਕੋਰੋਨਾ ਮੁਸੀਬਤ: ਮਰਨ ਤੋਂ ਬਾਅਦ ਵੀ ਲਾਸ਼ਾਂ ਦੇ ਅੰਤਿਮ ਸੰਸਕਾਰ ਲਈ ਕਰਨਾ ਪੈ ਰਿਹੈ ਸੰਘਰਸ਼

ਬੱਸੀ ਪਠਾਣਾ (ਰਾਜਕਮਲ): ਇਨਸਾਨ ਜਿੱਥੇ ਪੂਰੀ ਜ਼ਿੰਦਗੀ ਸੰਘਰਸ਼ ਕਰਦਾ ਰਹਿ ਜਾਂਦਾ ਹੈ ਜੇਕਰ ਉਸ ਨੂੰ ਮਰਨ ਤੋਂ ਬਾਅਦ ਵੀ ਇਸ ਸੰਘਰਸ਼ ਨੂੰ ਜਾਰੀ ਰੱਖਣਾ ਪਵੇ ਤਾਂ ਇਹ ਬਹੁਤ ਹੀ ਨਾਜੁਕ ਸਮੇਂ ਦੀ ਹਾਮੀ ਭਰਦਾ ਹੈ। ਅਜਿਹਾ ਹੀ ਕੁਝ ਅਜੋਕੇ ਸਮਾਜ ਅੰਦਰ ਹੋ ਰਿਹਾ ਹੈ ਅਤੇ ਕੋਰੋਨਾ ਵਾਇਰਸ ਨੇ ਲੋਕਾਂ ਅੰਦਰੋਂ ਇਨਸਾਨੀਅਤ ਦਾ ਖਾਤਮਾ ਕਰਨਾ ਵੀ ਆਰੰਭ ਕਰ ਦਿੱਤਾ ਹੈ ਜੋ ਸਾਡੇ ਸਮਾਜ ਲਈ ਚਿੰਤਾ ਦਾ ਵਿਸ਼ਾ ਹੈ। ਕੋਰੋਨਾ ਮਹਾਮਾਰੀ ਨਾਲ ਅੱਜ ਪੂਰੀ ਦੁਨੀਆ ਪ੍ਰਭਾਵਿਤ ਹੈ ਅਤੇ ਜੋ ਕੋਰੋਨਾ ਪੀੜਤ ਇਸ ਬੀਮਾਰੀ ਦਾ ਪੂਰੀ ਦ੍ਰਿੜਤਾ ਨਾਲ ਮੁਕਾਬਲਾ ਕਰ ਰਹੇ ਹਨ, ਉਹ ਠੀਕ ਹੋ ਕੇ ਘਰ ਵਾਪਸੀ ਕਰਨ ਵਿਚ ਸਫ਼ਲ ਹੋ ਰਹੇ ਹਨ ਤੇ ਜੋ ਜ਼ਿੰਦਗੀ ਦੀ ਇਹ ਜੰਗ ਹਾਰ ਜਾਂਦੇ ਹਨ, ਉਨ੍ਹਾਂ ਨੂੰ ਮਰਨ ਤੋਂ ਬਾਅਦ ਮੁਕਤੀ ਨਹੀਂ ਮਿਲਦੀ ਜਿਨ੍ਹਾਂ ਦੀਆਂ ਲਾਸ਼ਾਂ ਨੂੰ ਅੰਤਿਮ ਸੰਸਕਾਰ ਲਈ ਕਾਫ਼ੀ ਜੱਦੋ ਜ਼ਹਿਦ ਕਰਨੀ ਪੈਂਦੀ ਹੈ ਅਤੇ ਜੇਕਰ ਅੰਤਿਮ ਸੰਸਕਾਰ ਹੋ ਵੀ ਜਾਂਦਾ ਹੈ ਤਾਂ ਮ੍ਰਿਤਕ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਸਾਡਾ ਸਮਾਜ ਵਿਤਕਰਾ ਕਰ ਰਿਹਾ ਹੈ।

ਇਹ ਵੀ ਪੜ੍ਹੋ: ਗੇਟ ਮੂਹਰੇ ਡਿੱਗੇ ਪਏ 10-10 ਦੇ ਨੋਟਾਂ ਨੇ ਘਰ ਵਾਲਿਆਂ ਨੂੰ ਪਾਈਆਂ ਭਾਜੜਾਂ

ਅਜਿਹੀਆਂ ਘਟਨਾਵਾਂ ਅੱਜ ਸਾਡੇ ਦੇਸ਼ ਅੰਦਰ ਵੱਖ-ਵੱਖ ਥਾਵਾਂ 'ਤੇ ਦੇਖਣ ਨੂੰ ਮਿਲ ਰਹੀਆਂ ਹਨ।ਇੱਥੇ ਸਮਾਜ ਇੱਕ ਸਿੱਕੇ ਦੀ ਤਰ੍ਹਾਂ ਨਜ਼ਰ ਆਉਂਦਾ ਹੈ, ਜਿਸ ਦੇ ਦੋ ਪਹਿਲੂ ਹਨ। ਇਕ ਤਾਂ ਜਦੋਂ ਕੋਰੋਨਾ ਮਰੀਜ਼ ਠੀਕ ਹੋ ਕੇ ਘਰ ਆਉਂਦਾ ਹੈ ਤਾਂ ਉਸ ਦਾ ਤਾਲੀਆਂ ਨਾਲ ਸਵਾਗਤ ਕੀਤਾ ਜਾਂਦਾ ਹੈ ਪ੍ਰੰਤੂ ਜੇਕਰ ਕੋਰੋਨਾ ਮਰੀਜ਼ ਦੀ ਮੌਤ ਹੋ ਜਾਂਦੀ ਹੈ ਤਾਂ ਪੂਰਾ ਇਲਾਕਾ ਦੁੱਖੀ ਪਰਿਵਾਰ ਦਾ ਸਾਥ ਦੇਣ ਦੀ ਬਜਾਏ ਮ੍ਰਿਤਕ ਦੇ ਅੰਤਿਮ ਸੰਸਕਾਰਾਂ ਵਿਚ ਅੜਿੰਗਾ ਪਾਉਣਾ ਸ਼ੁਰੂ ਕਰ ਦਿੰਦਾ ਹੈ ਅਤੇ ਇੱਥੋਂ ਸ਼ੁਰੂ ਹੋ ਜਾਂਦੀ ਹੈ ਮ੍ਰਿਤਕ ਦੇ ਪਰਿਵਾਰ ਮੈਂਬਰਾਂ ਨਾਲ ਦੂਰੀ ਤੇ ਭੇਦਭਾਵ ਦੀ ਭਾਵਨਾ। ਕੋਰੋਨਾ ਤੋਂ ਪਹਿਲਾਂ ਜੋ ਮੁਹੱਲਾ ਵਾਸੀ ਇਕ ਦੂਜੇ ਨਾਲ ਇਕੱਠੇ ਸਮਾਂ ਵਤੀਤ ਕਰਦੇ ਸੀ, ਜੇਕਰ ਉਸੇ ਮੁਹੱਲੇ 'ਚ ਕਿਸੇ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਜਾਵੇ ਤਾਂ ਉਸ ਦੇ ਪਰਿਵਾਰ ਨਾਲ ਮੁਹੱਲਾ ਵਾਸੀ ਹਰ ਤਰ੍ਹਾਂ ਦਾ ਨਾਤਾ ਤੋੜ ਲੈਂਦੇ ਹਨ। ਅਜਿਹੀਆਂ ਘਟਨਾਵਾਂ ਹੋਣ ਕਾਰਨ ਕਈ ਚਿੰਤਤ ਲੋਕ ਕੋਰੋਨਾ ਟੈਸਟ ਕਰਵਾਉਣ ਤੋਂ ਵੀ ਗੁਰੇਜ ਕਰ ਰਹੇ ਹਨ, ਕਿਉਂਕਿ ਜੇਕਰ ਉਹ ਪਾਜ਼ੀਟਿਵ ਪਾਏ ਗਏ ਤਾਂ ਸਮਾਜ ਤੇ ਰਿਸ਼ਤੇਦਾਰ ਉਨ੍ਹਾਂ ਨਾਲ ਦੂਰੀ ਬਣਾ ਲੈਣਗੇ। ਅਜਿਹਾ ਕਰਕੇ ਉਹ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਖਤਰੇ ਵਿਚ ਪਾ ਰਹੇ ਹਨ। ਇਸ ਲਈ ਹਰ ਇਨਸਾਨ ਨੂੰ ਇਹ ਗੱਲ ਯਾਦ ਰੱਖਣੀ ਚਾਹੀਦੀ ਹੈ ਕਿ ਕੋਰੋਨਾ ਮਹਾਮਾਰੀ ਕਿਸੇ ਵੀ ਵਿਅਕਤੀ ਨੂੰ ਆਪਣੀ ਜਕੜ ਵਿਚ ਲੈ ਸਕਦੀ ਹੈ ਅਤੇ ਪੱਖਪਾਤ ਉਨ੍ਹਾਂ ਨਾਲ ਵੀ ਹੋ ਸਕਦਾ ਹੈ।


author

Shyna

Content Editor

Related News