ਖਹਿਰਾ ਦੀ ਪ੍ਰਧਾਨਗੀ 'ਤੇ ਜਾਣੋ ਕੀ ਬੋਲੇ ਭਗਵੰਤ ਮਾਨ (ਵੀਡੀਓ)
Friday, Mar 08, 2019 - 05:08 PM (IST)
ਬਰਨਾਲਾ (ਪੁਨੀਤ)— ਜਗ ਬਾਣੀ ਵਲੋਂ ਪੰਜਾਬ ਏਕਤਾ ਪਾਰਟੀ ਦੇ ਅਸਲ ਪ੍ਰਧਾਨ ਦਾ ਖੁਲਾਸਾ ਕਰਨ ਤੋਂ ਬਾਅਦ ਸੁਖਪਾਲ ਖਹਿਰਾ ਦੇ ਧੁਰ ਵਿਰੋਧੀ ਆਮ ਆਦਮੀ ਪਾਰਟੀ ਦੇ ਐੱਮ.ਪੀ ਭਗਵੰਤ ਮਾਨ ਨੇ ਖਹਿਰਾ 'ਤੇ ਹਮਲਾ ਬੋਲਿਆ ਹੈ। ਬਰਨਾਲਾ ਪੁੱਜੇ ਭਗਵੰਤ ਨੇ ਖਹਿਰਾ 'ਤੇ ਵਰ੍ਹਦੇ ਹੋਏ ਕਿਹਾ ਕਿ ਕਾਗਜ਼ਾਂ ਵਿਚ ਉਨ੍ਹਾਂ ਦੀ ਪਾਰਟੀ ਦਾ ਪ੍ਰਧਾਨ ਅਤੇ ਜਰਨਲ ਸਕੱਤਰ ਕਿਸੇ ਹੋਰ ਵਿਅਕਤੀ ਨੂੰ ਦਿਖਾਇਆ ਗਿਆ ਹੈ ਜਦਕਿ ਖਹਿਰਾ ਖੁਦ ਨੂੰ ਪ੍ਰਧਾਨ ਦੱਸਦੇ ਹਨ। ਉਨ੍ਹਾਂ ਖਹਿਰਾ 'ਤੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਹ ਆਪਣੀ ਵਿਧਾਇਕੀ ਬਚਾਉਣ ਲਈ ਹਰ ਹੱਥਕੰਢੇ ਅਪਣਾ ਰਹੇ ਹਨ। ਇਸ ਤੋਂ ਇਲਾਵਾ ਅਕਾਲੀ ਦਲ ਟਕਸਾਲੀ ਨਾਲ ਗਠਜੋੜ ਨੂੰ ਲੈ ਕੇ ਭਗਵੰਤ ਮਾਨ ਦਾ ਕਹਿਣਾ ਹੈ ਕਿ ਜਲਦੀ ਹੀ ਗਠਜੋੜ ਹੋ ਜਾਵੇਗਾ ਅਤੇ ਆਉਣ ਵਾਲੇ ਦੋ ਚਾਰ ਦਿਨਾਂ ਵਿਚ ਦੋਵਾਂ ਪਾਰਟੀਆਂ ਦੇ ਲੀਡਰ ਬੈਠ ਕੇ 13 ਸੀਟਾਂ ਦੀ ਵੰਡ 'ਤੇ ਵਿਚਾਰ ਕਰਨਗੀਆਂ। ਉਥੇ ਹੀ ਉਨ੍ਹਾਂ ਕਿਹਾ ਕਿ ਬਹੁਜਨ ਸਮਾਜ ਪਾਰਟੀ ਅਤੇ ਹੋਰ ਕੁਝ ਦਲਾਂ ਨਾਲ ਵੀ ਆਮ ਆਦਮੀ ਪਾਰਟੀ ਦਾ ਗਠਜੋੜ ਹੋਣ ਦੀ ਸੰਭਾਵਨਾ ਹੈ।
ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕਾਂ ਦੀ ਜਗ੍ਹਾ 'ਤੇ ਕੁੱਝ ਹੋਰ ਹਲਕਾ ਇੰਚਾਰਜ ਲਗਾ ਦਿੱਤੇ ਗਏ ਹਨ ਅਤੇ ਬਾਕੀ ਹਲਕਿਆਂ ਵਿਚ ਵੀ ਜਲਦੀ ਹੀ ਹਲਕਾ ਇੰਚਾਰਜ ਲਗਾ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹਲਕਿਆਂ ਨੂੰ ਇਨ੍ਹਾਂ ਬਾਗੀ ਵਿਧਾਇਕਾਂ ਕਾਰਨ ਲਾਵਾਰਸ ਨਹੀਂ ਛੱਡਿਆ ਜਾ ਸਕਦਾ ਹੈ। ਉਨ੍ਹਾਂ ਨੇ ਬਾਗੀ ਵਿਧਾਇਕਾਂ ਦੇ ਬਾਰੇ ਵਿਚ ਕਿਹਾ ਕਿ ਇਹ ਵਿਧਾਇਕ ਬਾਗੀ ਨਹੀਂ ਹਨ, ਇਨ੍ਹਾਂ ਨੂੰ ਵਰਗਲਾਇਆ ਗਿਆ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਇਨ੍ਹਾਂ ਵਿਧਾਇਕਾਂ ਦੀ ਜਲਦੀ ਹੀ ਘਰ ਵਾਪਸੀ ਹੋਵੇਗੀ।