ਦੋਸਤ ਨੇ ਦੋਸਤ ਨੂੰ ਰਸਤੇ ''ਚ ਘੇਰ ਕੇ ਮਾਰੀਆਂ ਗੋਲੀਆਂ, ਹਾਲਤ ਗੰਭੀਰ
Tuesday, Sep 03, 2019 - 03:45 PM (IST)

ਬਰਨਾਲਾ (ਪੁਨੀਤ ਮਾਨ) : ਚੰਗੇ-ਮਾੜੇ ਸਮੇਂ 'ਚ ਸਾਥ ਦੇਣ ਦਾ ਨਾਂ ਦੋਸਤੀ ਹੈ ਪਰ ਦੋਸਤੀ 'ਚ ਫਿੱਕ ਪੈ ਜਾਵੇ ਤਾਂ ਦੁਸ਼ਮਣ ਬਣਦਿਆਂ ਵੀ ਦੇਰ ਨਹੀਂ ਲੱਗਦੀ। ਅਜਿਹਾ ਹੀ ਮਾਮਲਾ ਬਰਨਾਲਾ ਦੇ ਤਪਾ ਤੋਂ ਸਾਹਮਣੇ ਆਇਆ ਹੈ, ਜਿਥੇ ਦੋਸਤ ਨੇ ਦੋਸਤ ਨੂੰ ਹੀ ਗੋਲੀਆਂ ਮਾਰ ਦਿੱਤੀਆਂ। ਜ਼ਖ਼ਮੀ ਕਰਮਜੀਤ ਸਿੰਘ ਤੇ ਤਰਸੇਮ ਲਾਲ ਦੋਵੇਂ ਦੋਸਤ ਸਨ ਤੇ ਇਕੱਠੇ ਕਾਰਾਂ-ਜੀਪਾਂ ਦੀ ਸੇਲ ਪ੍ਰਚੇਜ ਦਾ ਕੰਮ ਕਰਦੇ ਸਨ। ਪਿਛਲੇ ਦਿਨਾਂ ਇਨ੍ਹਾਂ 'ਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ ਤੇ ਇਨ੍ਹਾਂ ਦੋਵਾਂ ਨੇ ਆਪਣਾ ਕੰਮ ਅਲੱਗ-ਅਲੱਗ ਤੋਂ ਕਰਨਾ ਸ਼ੁਰੂ ਕਰ ਦਿੱਤਾ। ਬੀਤੇ ਦਿਨੀਂ ਵੀ ਇਨ੍ਹਾਂ 'ਚ ਕਿਸੇ ਗੱਲ ਨੂੰ ਲੈ ਕੇ ਬਹਿਸਬਾਜੀ ਹੋਈ ਤੇ ਤਰਸੇਮ ਲਾਲ ਨੇ ਕਰਮਜੀਤ ਨੂੰ ਰਸਤੇ 'ਚ ਘੇਰ ਕੇ ਗੋਲੀਆਂ ਮਾਰ ਦਿੱਤੀਆਂ। ਕਰਮਜੀਤ ਦੇ 3 ਗੋਲੀਆਂ ਲੱਗੀਆਂ ਹਨ, ਜਿਸ ਨੂੰ ਤਪਾ ਤੋਂ ਲੁਧਿਆਣਾ ਰੈਫਰ ਕਰ ਦਿਤਾ ਗਿਆ ਹੈ, ਜਿਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਪੁਲਸ ਨੇ ਮਾਮਲਾ ਦਰਜ ਕਰਕੇ ਮੁਲਜ਼ਮ ਤਰਸੇਮ ਲਾਲ ਨੂੰ ਉਸ ਦੇ ਲਾਇਸੈਂਸੀ ਰਿਵਾਲਰ ਸਮੇਤ ਗ੍ਰਿਫਤਾਰ ਕਰ ਲਿਆ ਹੈ।