ਬਰਨਾਲਾ : ਨਸ਼ੇ ਕਾਰਨ ਵੱਡੀ ਗਿਣਤੀ ''ਚ ਨੌਜਵਾਨ ਕਾਲੇ ਪੀਲੀਏ ਦੇ ਸ਼ਿਕਾਰ, ਦੇਖੋ ਅੰਕੜੇ

Monday, Feb 17, 2020 - 10:05 AM (IST)

ਬਰਨਾਲਾ : ਨਸ਼ੇ ਕਾਰਨ ਵੱਡੀ ਗਿਣਤੀ ''ਚ ਨੌਜਵਾਨ ਕਾਲੇ ਪੀਲੀਏ ਦੇ ਸ਼ਿਕਾਰ, ਦੇਖੋ ਅੰਕੜੇ

ਬਰਨਾਲਾ (ਵਿਵੇਕ ਸਿੰਧਵਾਨੀ, ਰਵੀ) : ਜ਼ਿਲਾ ਬਰਨਾਲਾ ਦੇ ਵੱਡੀ ਗਿਣਤੀ 'ਚ ਨੌਜਵਾਨ ਨਸ਼ੇ ਦੀ ਦਲਦਲ 'ਚ ਫਸ ਕੇ ਕਾਲੇ ਪੀਲੀਏ ਦੀ ਲਪੇਟ ਵਿਚ ਆ ਰਹੇ ਹਨ। ਇਨ੍ਹਾਂ ਨੌਜਵਾਨਾਂ ਵਿਚ ਤੇਜ਼ੀ ਨਾਲ ਕਾਲੇ ਪੀਲੀਏ ਦੀ ਬੀਮਾਰੀ ਫੈਲ ਰਹੀ ਹੈ। ਇਕ ਟੀਕੇ ਦੀ ਸਰਿੰਜ ਕਈ ਕਈ ਨੌਜਵਾਨ ਵਰਤ ਰਹੇ ਹਨ, ਜਿਸ ਕਾਰਨ ਕਾਲੇ ਪੀਲੀਏ ਦੀ ਬੀਮਾਰੀ ਇਨ੍ਹਾਂ ਨੌਜਵਾਨਾਂ ਵਿਚ ਫੈਲ ਰਹੀ ਹੈ। ਕਾਲੇ ਪੀਲੀਏ ਦੀ ਬੀਮਾਰੀ ਦਾ ਭਿਆਨਕ ਰੂਪ ਸਾਹਮਣੇ ਆਇਆ ਹੈ। 2019 ਤੋਂ ਲੈ ਕੇ ਹੁਣ ਤੱਕ 852 ਮਰੀਜ਼ ਕਾਲੇ ਪੀਲੀਏ ਦੇ ਬਰਨਾਲਾ ਜ਼ਿਲੇ 'ਚ ਸਾਹਮਣੇ ਆ ਚੁੱਕੇ ਹਨ, ਜਿਸ ਵਿਚ 80 ਪ੍ਰਤੀਸ਼ਤ ਉਹ ਨੌਜਵਾਨ ਹਨ ਜੋ ਨਸ਼ਿਆਂ ਕਾਰਨ ਕਾਲੇ ਪੀਲੀਏ ਦੀ ਲਪੇਟ ਵਿਚ ਆਏ ਹਨ। ਵੱਡੀ ਗਿਣਤੀ 'ਚ ਨੌਜਵਾਨਾਂ ਦਾ ਰੁਝਾਨ ਨਸ਼ੇ ਵੱਲ ਵਧਣ ਨਾਲ ਜਿਥੇ ਉਨ੍ਹਾਂ ਦੇ ਮਾਪਿਆਂ ਵਿਚ ਭਾਰੀ ਚਿੰਤਾ ਪਾਈ ਜਾ ਰਹੀ ਹੈ, ਉਥੇ ਆਮ ਲੋਕ ਵੀ ਇਨ੍ਹਾਂ ਅੰਕੜਿਆਂ 'ਤੇ ਭਾਰੀ ਚਿੰਤਾ ਜ਼ਾਹਰ ਕਰ ਰਹੇ ਹਨ। ਨਸ਼ੇ ਦੀ ਓਵਰਡੋਜ਼ ਕਾਰਨ ਜ਼ਿਲਾ ਬਰਨਾਲਾ ਵਿਚ ਕਈ ਨੌਜਵਾਨਾਂ ਦੀ ਮੌਤ ਵੀ ਹੋ ਚੁੱਕੀ ਹੈ।

ਕੀ ਹਨ ਕਾਲੇ ਪੀਲੀਏ ਦੇ ਲੱਛਣ
ਸਿਵਲ ਹਸਪਤਾਲ ਦੇ ਡਾਕਟਰ ਮਨਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਜਿਹੜੇ ਮਰੀਜ਼ ਕਾਲੇ ਪੀਲੀਏ ਨਾਲ ਪੀੜਤ ਹੋ ਜਾਂਦੇ ਹਨ, ਨੂੰ ਭੁੱਖ ਬਹੁਤ ਘੱਟ ਲੱਗਦੀ ਹੈ। ਅੱਖਾਂ ਪੀਲੀਆਂ ਹੋ ਜਾਂਦੀਆਂ ਹਨ। ਸਰੀਰ 'ਚ ਕਮਜ਼ੋਰੀ ਮਹਿਸੂਸ ਹੋਣ ਲੱਗ ਜਾਂਦੀ ਹੈ। ਕਾਲੇ ਪੀਲੀਏ ਦੀ ਬੀਮਾਰੀ ਜ਼ਿਆਦਾਤਰ ਉਨ੍ਹਾਂ ਲੋਕਾਂ 'ਚ ਫੈਲਦੀ ਹੈ ਜੋ ਇਕ ਟੀਕੇ ਦੀ ਸਰਿੰਜ ਦਾ ਦੂਸਰੇ ਲੋਕਾਂ 'ਤੇ ਪ੍ਰਯੋਗ ਕਰਦੇ ਹਨ। ਇਹ ਬੀਮਾਰੀ ਬਹੁਤ ਖਤਰਨਾਕ ਹੈ। ਇਸ ਨਾਲ ਪੇਟ ਵਿਚ ਪਾਣੀ ਵੀ ਭਰ ਜਾਂਦਾ ਹੈ ਅਤੇ ਕੈਂਸਰ ਹੋਣ ਦਾ ਖਤਰਾ ਵੀ ਵਧ ਜਾਂਦਾ ਹੈ। ਕਾਲੇ ਪੀਲੀਏ ਦੀ ਬੀਮਾਰੀ ਦਾ ਲੱਛਣ ਪਾਉਣ 'ਤੇ ਤੁਰੰਤ ਇਲਾਜ ਕਰਵਾਉਣਾ ਚਾਹੀਦਾ ਹੈ। ਸਰਕਾਰ ਵੱਲੋਂ ਇਸਦਾ ਇਲਾਜ ਫ੍ਰੀ ਕੀਤਾ ਜਾਂਦਾ ਹੈ।

ਨਸ਼ਾ ਸਮੱਗਲਰਾਂ 'ਤੇ ਸਖਤੀ ਨਾਲ ਕੱਸਣੀ ਚਾਹੀਦੀ ਹੈ ਨਕੇਲ
ਵਪਾਰੀ ਆਗੂ ਸੁਖਦਰਸ਼ਨ ਗਰਗ ਨੇ ਕਿਹਾ ਕਿ ਜ਼ਿਲਾ ਬਰਨਾਲਾ ਵਿਚ ਭਾਰੀ ਗਿਣਤੀ 'ਚ ਨੌਜਵਾਨ ਨਸ਼ੇ ਦੀ ਦਲਦਲ 'ਚ ਫਸ ਰਹੇ ਹਨ। ਖਾਸ ਕਰਕੇ ਮੈਡੀਕਲ ਨਸ਼ਾ ਲੈਣ ਵਾਲਿਆਂ ਦੀ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ। ਚਿੱਟੇ ਦੇ ਨਸ਼ਾ ਸਮੱਗਲਰ ਵੀ ਜ਼ਿਲੇ 'ਚ ਭਾਰੀ ਗਿਣਤੀ ਵਿਚ ਮੌਜੂਦ ਹਨ ਜੋ ਨਸ਼ੇ ਦੀ ਖੇਪ ਇਨ੍ਹਾਂ ਨੌਜਵਾਨਾਂ ਨੂੰ ਸਪਲਾਈ ਕਰਦੇ ਹਨ। ਨੌਜਵਾਨ ਨਸ਼ੇ ਦੇ ਆਦੀ ਹੋਣ ਤੋਂ ਇਲਾਵਾ ਕਾਲੇ ਪੀਲੀਏ ਦੀ ਲਪੇਟ ਵਿਚ ਵੀ ਆ ਰਹੇ ਹਨ ਜੋ ਕਿ ਚਿੰਤਾਜਨਕ ਗੱਲ ਹੈ। ਇਨ੍ਹਾਂ ਨਸ਼ਾ ਸਮੱਗਲਰਾਂ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਕਿ ਜ਼ਿਲੇ 'ਚ ਨਸ਼ੇ ਦੀ ਚੇਨ ਨੂੰ ਤੋੜਿਆ ਜਾ ਸਕੇ।

ਨਸ਼ਿਆਂ ਕਾਰਣ ਵੀ ਨੌਜਵਾਨ ਆ ਰਹੇ ਹਨ ਭਿਆਨਕ ਬੀਮਾਰੀਆਂ ਦੀ ਲਪੇਟ ਵਿਚ
ਸਮਾਜ ਸੇਵੀ ਕ੍ਰਿਸ਼ਨ ਬਿੱਟੂ ਨੇ ਕਿਹਾ ਕਿ ਭਾਰੀ ਗਿਣਤੀ 'ਚ ਨੌਜਵਾਨ ਨਸ਼ਿਆਂ ਦੀ ਦਲਦਲ 'ਚ ਫਸ ਚੁੱਕੇ ਹਨ। ਇਹ ਨੌਜਵਾਨ ਨਸ਼ਿਆਂ ਦੀ ਦਲਦਲ ਵਿਚ ਤਾਂ ਫਸ ਰਹੇ ਹਨ ਇਸ ਦੇ ਨਾਲ-ਨਾਲ ਭਿਆਨਕ ਬੀਮਾਰੀਆਂ ਦੀ ਲਪੇਟ ਵਿਚ ਵੀ ਆ ਰਹੇ ਹਨ, ਜਿਸ ਕਾਰਣ ਕਈ ਨੌਜਵਾਨਾਂ ਦੀ ਮੌਤ ਵੀ ਹੋ ਚੁੱਕੀ ਹੈ। ਆਮ ਤੌਰ 'ਤੇ ਦੇਖਣ 'ਚ ਆਉਂਦਾ ਹੈ ਕਿ ਜੋ ਨੌਜਵਾਨ ਨਸ਼ਾ ਕਰਦੇ ਹਨ, ਉਹ ਇਕੋ ਸਰਿੰਜ ਲੈ ਕੇ ਇਕ ਦੂਸਰੇ ਨੂੰ ਟੀਕੇ ਲਾਉਂਦੇ ਹਨ, ਜਿਸ ਕਾਰਣ ਉਨ੍ਹਾਂ ਨੂੰ ਬੀਮਾਰੀਆਂ ਵੀ ਲੱਗ ਰਹੀਆਂ ਹਨ। ਸਰਕਾਰ ਨੂੰ ਇਸ ਪਾਸੇ ਵਿਸ਼ੇਸ਼ ਧਿਆਨ ਦੇਣ ਦੀ ਜ਼ਰੂਰਤ ਹੈ ਤਾਂ ਕਿ ਨੌਜਵਾਨ ਪੀੜ੍ਹੀ ਨੂੰ ਬਚਾਇਆ ਜਾ ਸਕੇ।

ਨੌਜਵਾਨਾਂ ਨੂੰ ਸੁਚੇਤ ਕਰਨ ਲਈ ਵੱਡੀ ਮੁਹਿੰਮ ਚਲਾਉਣ ਦੀ ਜ਼ਰੂਰਤ
ਕਾਂਗਰਸੀ ਆਗੂ ਸਤੀਸ਼ ਜੱਜ ਨੇ ਕਿਹਾ ਕਿ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸ ਕੇ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਚੜ੍ਹਦੀ ਜਵਾਨੀ ਕਾਰਣ ਨੌਜਵਾਨਾਂ ਨੂੰ ਆਪਣੇ ਬੁਰੇ ਭਲੇ ਦਾ ਖਿਆਲ ਨਹੀਂ ਰਹਿੰਦਾ। ਮਾੜੀ ਸੰਗਤ ਵਿਚ ਪੈ ਕੇ ਨੌਜਵਾਨ ਨਸ਼ੇ ਦੀ ਦਲਦਲ ਵਿਚ ਫਸ ਕੇ ਬੀਮਾਰੀਆਂ ਦੀ ਲਪੇਟ ਵਿਚ ਆ ਰਹੇ ਹਨ। ਇਨ੍ਹਾਂ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵੱਡੀ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ। ਪਿੰਡ-ਪਿੰਡ, ਮੁਹੱਲੇ-ਮੁਹੱਲੇ ਜਾ ਕੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਇਸ ਨਾਲ ਹੋਣ ਵਾਲੀਆਂ ਬੀਮਾਰੀਆਂ ਵਿਰੁੱਧ ਸੁਚੇਤ ਕੀਤਾ ਜਾਵੇ, ਇਸ ਲਈ ਜ਼ਿਲਾ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਹੈ।

ਬੇਰੋਜ਼ਗਾਰੀ ਕਾਰਣ ਨਸ਼ੇ ਦੀ ਦਲਦਲ 'ਚ ਫਸਕੇ ਨੌਜਵਾਨ ਆ ਰਹੇ ਬੀਮਾਰੀਆਂ ਦੀ ਚਪੇਟ ਵਿਚ
ਭਾਜਪਾ ਆਗੂ ਸੋਮਨਾਥ ਸ਼ਹੌਰੀਆ ਨੇ ਕਿਹਾ ਕਿ ਨੌਜਵਾਨਾਂ ਦਾ ਨਸ਼ੇ ਦੀ ਦਲਦਲ ਵਿਚ ਫਸਣਾ ਬੇਰੋਜ਼ਗਾਰੀ ਇਕ ਸਭ ਤੋਂ ਵੱਡਾ ਮੁੱਦਾ ਹੈ। ਬੇਰੋਜ਼ਗਾਰ ਹੋਣ ਕਾਰਣ ਨੌਜਵਾਨ ਆਪਣਾ ਟਾਈਮ ਪਾਸ ਕਰਨ ਲਈ ਬੁਰੀ ਸੰਗਤ ਵਿਚ ਪੈ ਜਾਂਦੇ ਹਨ ਅਤੇ ਫਿਰ ਉਹ ਨਸ਼ੇ ਦੀ ਦਲਦਲ ਵਿਚ ਫਸ ਜਾਂਦੇ ਹਨ ਅਤੇ ਭਿਆਨਕ ਬੀਮਾਰੀਆਂ, ਖਾਸ ਕਰਕੇ ਕਾਲੇ ਪੀਲੀਏ ਵਰਗੀ ਭਿਆਨਕ ਬੀਮਾਰੀ ਦੀ ਲਪੇਟ ਵਿਚ ਆ ਜਾਂਦੇ ਹਨ। ਇਨ੍ਹਾਂ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ 'ਚੋਂ ਕੱਢਣ ਲਈ ਸਰਕਾਰ ਨੂੰ ਰੋਜ਼ਗਾਰ ਦੇਣਾ ਚਾਹੀਦਾ ਹੈ ਅਤੇ ਨਸ਼ੇ ਦੇ ਭਿਆਨਕ ਨਤੀਜੇ 'ਤੇ ਕਾਊਂਸਲਿੰਗ ਕਰ ਕੇ ਇਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਣਾ ਦਿੱਤੀ ਜਾਣੀ ਚਾਹੀਦੀ ਹੈ।

ਨਸ਼ਾ ਹੈ ਸਮਾਜ ਲਈ ਕੌਹੜ, ਨਸ਼ਾ ਸਮੱਗਲਰਾਂ ਦਾ ਹੋਣਾ ਚਾਹੀਦੈ ਸਮਾਜਕ ਬਾਈਕਾਟ
ਬਰਨਾਲਾ ਕਲੱਬ ਦੇ ਸੈਕਟਰੀ ਰਾਜੀਵ ਲੂਬੀ ਨੇ ਕਿਹਾ ਕਿ ਇਸ ਵੇਲੇ ਸਭ ਤੋਂ ਵੱਡਾ ਮੁੱਦਾ ਸਮਾਜ ਦੇ ਲੋਕਾਂ ਲਈ ਨਸ਼ਾ ਹੈ ਕਿਉਂਕਿ ਕਈ ਨੌਜਵਾਨ ਇਸ ਦੀ ਲਪੇਟ ਵਿਚ ਆ ਰਹੇ ਹਨ। ਨਸ਼ਾ ਸਮਾਜ ਲਈ ਕੌਹੜ ਬਣ ਗਿਆ ਹੈ। ਇਸ ਲਈ ਨਸ਼ਾ ਸਮੱਗਲਰਾਂ ਵਿਰੁੱਧ ਸਖਤ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ, ਜੋ ਲੋਕ ਨਸ਼ਾ ਸਮੱਗਲਿੰਗ ਕਰਦੇ ਹਨ, ਦਾ ਸਮਾਜਕ ਬਾਈਕਾਟ ਵੀ ਹੋਣਾ ਚਾਹੀਦਾ ਹੈ। ਆਮ ਤੌਰ 'ਤੇ ਦੇਖਣ 'ਚ ਆਉਂਦਾ ਹੈ ਕਿ ਕੁਝ ਲੋਕ ਨਸ਼ਾ ਸਮੱਗਲਰਾਂ ਨੂੰ ਬਚਾਉਣ ਲਈ ਅੱਗੇ ਆ ਜਾਂਦੇ ਹਨ, ਜਿਸ ਦਾ ਲਾਭ ਇਹ ਨਸ਼ਾ ਸਮੱਗਲਰ ਉਠਾਉਂਦੇ ਹਨ। ਜੇਕਰ ਨਸ਼ਾ ਸਮੱਗਲਰਾਂ ਦਾ ਸਮਾਜਕ ਬਾਈਕਾਟ ਹੋ ਜਾਵੇ ਤਾਂ ਸਮਾਜ ਵਿਚੋਂ ਨਸ਼ਾ ਖਤਮ ਕਰਨ ਦੀ ਮੁਹਿੰਮ ਨੂੰ ਵੱਡੀ ਸਫਲਤਾ ਮਿਲੇਗੀ।

ਕਾਲਾ ਪੀਲੀਏ ਦਾ ਮੁੱਖ ਕਾਰਣ ਨਸ਼ਿਆਂ ਦਾ ਆਦੀ ਹੋਣਾ
ਵਰੁਣ ਬੱਤਾ ਨੇ ਕਿਹਾ ਕਿ ਕਾਲੇ ਪੀਲੀਏ ਦੀ ਬੀਮਾਰੀ ਜ਼ਿਲਾ ਬਰਨਾਲਾ ਵਿਚ ਬੜੀ ਤੇਜ਼ੀ ਨਾਲ ਫੈਲ ਰਹੀ ਹੈ। ਇਸ ਬੀਮਾਰੀ ਨਾਲ ਕਈ ਹੋਰ ਰੋਗ ਵੀ ਲੱਗ ਜਾਂਦੇ ਹਨ। ਇਸ ਨਾਲ ਸਰੀਰ ਕਾਲਾ ਪੈ ਜਾਂਦਾ ਹੈ। ਲੱਤਾਂ ਕਮਜ਼ੋਰ ਹੋ ਜਾਂਦੀਆਂ ਹਨ, ਸਰੀਰ ਸੁੱਕ ਜਾਂਦਾ ਹੈ, ਜਿਸ ਕਾਰਣ ਹੋਰ ਵੀ ਕਈ ਬੀਮਾਰੀਆਂ ਵੀ ਲੱਗ ਜਾਂਦੀਆਂ ਹਨ। ਹੁਣ ਕਾਲੇ ਪੀਲੀਏ ਦੇ ਉਹ ਮਰੀਜ਼ ਸਾਹਮਣੇ ਆ ਰਹੇ ਹਨ ਜੋ ਨਸ਼ਿਆਂ ਦੇ ਆਦੀ ਹਨ। ਨਸ਼ੇ ਅਤੇ ਕਾਲੇ ਪੀਲੀਏ ਵਿਰੁੱਧ ਇਕ ਮੁਹਿੰਮ ਚਲਾਉਣ ਦੀ ਜ਼ਰੂਰਤ ਹੈ।


author

cherry

Content Editor

Related News