ਬਰਨਾਲਾ : ਕਿਸਾਨ ਜਥੇਬੰਦੀਆਂ ਨੇ 1 ਜੂਨ ਤੋਂ ਕੀਤਾ ਝੋਨਾ ਲਾਉਣ ਦਾ ਐਲਾਨ

Friday, May 31, 2019 - 04:16 PM (IST)

ਬਰਨਾਲਾ : ਕਿਸਾਨ ਜਥੇਬੰਦੀਆਂ ਨੇ 1 ਜੂਨ ਤੋਂ ਕੀਤਾ ਝੋਨਾ ਲਾਉਣ ਦਾ ਐਲਾਨ

ਬਰਨਾਲਾ (ਪੁਨੀਤ ਮਾਨ) : ਪੰਜਾਬ ਵਿਚ ਝੋਨੇ ਦੀ ਬਿਜਾਈ 1 ਜੂਨ ਤੋਂ ਕਰਨ ਅਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਅੱਜ ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ, ਜਿਨ੍ਹਾਂ ਵਿਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾ), ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ), ਕਿਰਤੀ ਕਿਸਾਨ ਯੂਨੀਅਨ , ਭਾਰਤੀ ਕਿਸਾਨ ਯੂਨੀਅਨ (ਕ੍ਰਾਂਤੀਵਾਦੀ), ਕਿਸਾਨ ਸੰਘਰਸ਼ ਕਮੇਟੀ ਪੰਜਾਬ, ਕ੍ਰਾਂਤੀਵਾਦੀ ਕਿਸਾਨ ਯੂਨੀਅਨ (ਪੰਜਾਬ), ਕਿਸਾਨ ਸੰਘਰਸ਼ ਕਮੇਟੀ (ਆਜ਼ਾਦ) ਵਲੋਂ ਪੂਰੇ ਪੰਜਾਬ ਦੇ ਜ਼ਿਲਾ ਹੈਡਕੁਆਰਟਰਾਂ 'ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ। ਇਸੇ ਕੜੀ ਤਹਿਤ ਬਰਨਾਲੇ ਦੇ ਜ਼ਿਲਾ ਹੈਡਕੁਆਰਟਰ ਦੇ ਸਾਹਮਣੇ ਧਰਨਾ ਪ੍ਰਦਰਸ਼ਨ ਕਰਦੇ ਹੋਏ ਕਿਸਾਨਾਂ ਨੇ ਆਪਣੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਨਾਅਰੇਬਾਜੀ ਕੀਤੀ। ਇਸ ਮੌਕੇ ਕਿਸਾਨ ਯੂਨੀਅਨ ਪ੍ਰਦਰਸ਼ਨਕਾਰੀਆਂ ਨੇ ਆਪਣਾ ਰੋਸ ਪ੍ਰਗਟ ਕਰਦੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰਦੇ ਆ ਰਹੇ ਹਨ ਪਰ ਸਰਕਾਰ ਵੱਲੋਂ ਉਨ੍ਹਾਂ ਦੀ ਕਿਸੇ ਵੀ ਮੰਗ ਨੂੰ ਪੂਰਾ ਨਹੀਂ ਕੀਤਾ ਗਿਆ। ਉਹ ਚਾਹੇ ਕਿਸਾਨ ਦਾ ਕਰਜ਼ਾ ਮੁਆਫੀ ਹੋਵੇ ਜਾਂ ਫਿਰ ਫਸਲਾਂ ਦਾ ਠੀਕ ਮੁੱਲ।

ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਕਿਹਾ ਪੰਜਾਬ ਸਰਕਾਰ ਉਨ੍ਹਾਂ 'ਤੇ 13 ਜੂਨ ਨੂੰ ਬਿਜਾਈ ਕਰਨ ਦਾ ਦਬਾਅ ਪਾ ਰਹੀ ਹੈ ਪਰ ਪੰਜਾਬ ਦੇ ਸਾਰੇ ਕਿਸਾਨ ਝੋਨੇ ਦੀ ਬਿਜਾਈ 1 ਜੂਨ ਨੂੰ ਹੀ ਕਰਨਗੇ। ਜੇਕਰ ਸਰਕਾਰ ਵੱਲੋਂ ਕੋਈ ਵੀ ਧੱਕੇਸ਼ਾਹੀ ਹੁੰਦੀ ਹੈ ਜਾਂ ਕਿਸੇ ਵੀ ਕਿਸਾਨ 'ਤੇ ਮੁਕੱਦਮਾ ਦਰਜ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਕਿਸਾਨਾਂ ਦਾ ਇਹ ਸੰਘਰਸ਼ ਹੋਰ ਤੇਜ਼ ਹੋਵੇਗਾ ਅਤੇ ਕਿਸੇ ਵੀ ਕਿਸਾਨ ਉੱਤੇ ਮੁਕੱਦਮਾ ਦਰਜ ਹੋਣ ਨਹੀਂ ਦਿੱਤਾ ਜਾਵੇਗਾ।


author

cherry

Content Editor

Related News