'ਬਰਗਾੜੀ ਇਨਸਾਫ ਮੋਰਚੇ' ਤੋਂ ਬਾਅਦ ਦੂਜੇ ਪੜਾਅ ਦੀ ਭਲਕੇ ਹੋਵੇਗੀ ਸ਼ੁਰੂਆਤ

04/16/2019 10:12:13 AM

ਫ਼ਰੀਦਕੋਟ (ਹਾਲੀ) - 'ਬਰਗਾੜੀ ਇਨਸਾਫ ਮੋਰਚੇ' ਦੇ ਪਹਿਲੇ ਪੜਾਅ ਤੋਂ ਬਾਅਦ ਉਸ ਦੇ ਦੂਜੇ ਪੜਾਅ ਦੀ ਸ਼ੁਰੂਆਤ ਭਲਕੇ ਹੋਣ ਜਾ ਰਹੀ ਹੈ, ਜਿਸ ਦੇ ਸਬੰਧ 'ਚ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਸਾਲ 2015 'ਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਦੇ ਰੋਸ ਵਜੋਂ ਆਪਣਾ ਰੋਸ ਪ੍ਰਗਟ ਕਰ ਰਹੀਆਂ ਸੰਗਤਾਂ 'ਤੇ ਪੁਲਸ ਵਲੋਂ ਲਾਠੀਚਾਰਜ, ਪਾਣੀ ਦੀਆਂ ਬੁਛਾੜਾਂ ਅਤੇ ਗੋਲੀਬਾਰੀ ਕੀਤੀ ਗਈ ਸੀ, ਜਿਸ ਦੌਰਾਨ 2 ਸਿੱਖ ਨੌਜਵਾਨ ਮਾਰੇ ਗਏ ਸਨ। ਇਸ ਘਟਨਾ ਨੇ ਪੂਰੇ ਪੰਜਾਬ ਨੂੰ ਜਿੱਥੇ ਹਿਲਾਅ ਕੇ ਰੱਖ ਦਿੱਤਾ ਸੀ, ਉੱਥੇ ਹੀ ਦੂਜੇ ਪਾਸੇ ਸਿਆਸੀ ਪਾਰਟੀਆਂ ਵਲੋਂ ਵੀ ਇਸ ਮੁੱਦੇ ਨੂੰ ਉਛਾਲਿਆ ਗਿਆ ਸੀ। ਇਸ ਘਟਨਾ ਤੋਂ ਬਾਅਦ ਕਈ ਕਮਿਸ਼ਨ ਬਣੇ ਅਤੇ ਨਾਲ ਹੀ ਇਸ ਕੇਸ ਦੀ ਸੀ. ਬੀ. ਆਈ. ਜਾਂਚ ਲਗਾਤਾਰ ਚੱਲ ਰਹੀ ਹੈ। ਸਿੱਖ ਸੰਗਤਾਂ ਵਲੋਂ ਇਨਸਾਫ ਨਾ ਮਿਲਦਾ ਦੇਖ ਜਥੇਦਾਰ ਧਿਆਨ ਸਿੰਘ ਮੰਡ ਦੀ ਅਗਵਾਈ ਹੇਠ ਬਰਗਾੜੀ ਵਿਖੇ 'ਇਨਸਾਫ ਮੋਰਚਾ' ਸ਼ੁਰੂ ਕੀਤਾ ਗਿਆ, ਜੋ ਕਰੀਬ 6 ਮਹੀਨਿਆਂ ਤੱਕ ਚੱਲਿਆ।

ਦੂਜੇ ਪਾਸੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਨੂੰ ਪੂਰਾ ਕਰਨ ਲਈ ਇਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਹੈ, ਜਿਸ ਵਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।21 ਮੈਂਬਰੀ ਕਮੇਟੀ ਵਲੋਂ ਨਕੋਦਰ, ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ, ਮੌੜ ਬੰਬ ਧਮਾਕੇ ਦੇ ਦੋਸ਼ੀਆਂ, ਬੰਦੀ ਸਿੱਖਾਂ ਦੀ ਰਿਹਾਈ ਅਤੇ ਮਾਰੇ ਗਏ ਨੌਜਵਾਨਾਂ ਦੇ ਕਾਤਲਾਂ ਨੂੰ ਸਜ਼ਾਵਾਂ ਦਿਵਾਉਣ ਲਈ 'ਇਨਸਾਫ ਮੋਰਚੇ' ਦਾ ਅਗਲਾ ਪੜਾਅ ਖਾਲਸਾਈ ਰੋਸ ਫਰੀਦਕੋਟ ਜ਼ਿਲੇ ਦੇ ਪਿੰਡ ਬਹਿਬਲ ਕਲਾਂ ਦੇ ਗੁਰਦੁਆਰਾ ਟਿੱਬੀ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰ ਕੇ ਸ਼ੁਰੂ ਕੀਤਾ ਗਿਆ। 17 ਅਪ੍ਰੈਲ ਨੂੰ ਗੁਰਦੁਆਰਾ ਬੁਰਜ ਜਵਾਹਰ ਸਿੰਘ ਵਾਲਾ (ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋਏ ਸਨ) ਤੋਂ ਬਹਿਬਲ ਕਲਾਂ ਤੱਕ (ਜਿੱਥੇ 2 ਸਿੱਖ ਨੌਜਵਾਨ ਮਾਰੇ ਗਏ ਸਨ) ਸ਼ਾਂਤਮਈ ਢੰਗ ਨਾਲ ਮੋਟਰਸਾਈਕਲਾਂ 'ਤੇ ਖਾਲਸਾਈ ਮਾਰਚ ਕੀਤਾ ਜਾਵੇਗਾ।

ਇਸ ਮੌਕੇ ਕਮੇਟੀ ਦੇ ਮੈਂਬਰ ਪ੍ਰੋ. ਬਲਜਿੰਦਰ ਸਿੰਘ ਅਤੇ ਭਾਈ ਨਰੈਣ ਸਿੰਘ ਚੌੜਾ ਨੇ ਦੱਸਿਆ ਕਿ ਜਗਤਾਰ ਹਵਾਰਾ ਵਲੋਂ ਗਠਿਤ ਕੀਤੀ ਗਈ ਕਮੇਟੀ ਵਲੋਂ ਬਰਗਾੜੀ ਇਨਸਾਫ ਮੋਰਚੇ ਦੀ ਸਮਾਪਤੀ ਤੋਂ ਬਾਅਦ ਜੇਲਾਂ 'ਚ ਨਜ਼ਰਬੰਦ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਜੇਲਾਂ ਦੇ ਬਾਹਰ ਰੋਸ ਮਾਰਚ ਕੀਤਾ ਗਿਆ ਸੀ। ਇਸੇ ਤਰ੍ਹਾਂ ਇਨਸਾਫ ਮੋਰਚੇ ਦੇ ਅਗਲੇ ਪੜਾਅ ਤਹਿਤ 17 ਅਪ੍ਰੈਲ ਨੂੰ ਬੁਰਜ ਜਵਾਹਰ ਸਿੰਘ ਵਾਲਾ ਤੋਂ ਸਵੇਰੇ 9:00 ਵਜੇ ਖਾਲਸਾਈ ਰੋਸ ਮਾਰਚ ਬਹਿਬਲ ਕਲਾਂ ਤੱਕ ਕੱਢਿਆ ਜਾਵੇਗਾ। ਗੁਰਦੁਆਰਾ ਟਿੱਬੀ ਸਾਹਿਬ (ਪਾਤਸ਼ਾਹੀ ਦਸਵੀਂ) ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭਤਾ ਕਰ ਦਿੱਤੀ ਗਈ ਹੈ ਅਤੇ ਖਾਲਸਾਈ ਰੋਸ ਮਾਰਚ ਪਹੁੰਚਣ ਤੋਂ ਬਾਅਦ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ ਅਤੇ ਸਮੂਹ ਸੰਗਤਾਂ ਦੀ ਸਹਿਮਤੀ ਤੋਂ ਬਾਅਦ ਅਗਲੇ ਸੰਘਰਸ਼ ਦਾ ਐਲਾਨ ਕਰ ਦਿੱਤਾ ਜਾਵੇਗਾ।  


rajwinder kaur

Content Editor

Related News