13 ਹਜ਼ਾਰ ਮਾਸਕ ਬਣਾਉਣ ਵਾਲੀਆਂ ਪੇਂਡੂ ਜਨਾਨੀਆਂ ਲਈ ਬੈਂਕਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਸੌਂਪੇ 1.25 ਲੱਖ ਰੁਪਏ ਦੇ ਡਰਾਫ

Saturday, May 23, 2020 - 05:45 PM (IST)

13 ਹਜ਼ਾਰ ਮਾਸਕ ਬਣਾਉਣ ਵਾਲੀਆਂ ਪੇਂਡੂ ਜਨਾਨੀਆਂ ਲਈ ਬੈਂਕਾਂ ਵੱਲੋਂ ਡਿਪਟੀ ਕਮਿਸ਼ਨਰ ਨੂੰ ਸੌਂਪੇ 1.25 ਲੱਖ ਰੁਪਏ ਦੇ ਡਰਾਫ

ਸੰਗਰੂਰ(ਸਿੰਗਲਾ) - ਜ਼ਿਲ੍ਹੇ ਵਿਚ ਆਜ਼ੀਵਿਕਾ ਮਿਸ਼ਨ ਤਹਿਤ ਕਾਰਜਸ਼ੀਲ ਸਵੈ-ਸਹਾਇਤਾ ਸਮੂਹਾਂ ਦੀਆਂ ਜਨਾਨੀ ਮੈਂਬਰਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਮੰਗ ਅਨੁਸਾਰ 13 ਹਜ਼ਾਰ ਮਾਸਕ ਤਿਆਰ ਕੀਤੇ ਗਏ ਸਨ ਅਤੇ ਇਨ੍ਹਾਂ ਮਾਸਕਾਂ ਨੂੰ ਤਿਆਰ ਕਰਨ ਦੇ ਮਿਹਨਤਾਨੇ ਵਜੋਂ ਵੱਖ-ਵੱਖ ਬੈਂਕਾਂ ਦੁਆਰਾ ਵਲੰਟੀਅਰ ਤੌਰ 'ਤੇ 1 ਲੱਖ 25 ਹਜ਼ਾਰ ਰੁਪਏ ਦੇ ਡਰਾਫਟ ਸੌਂਪੇ ਗਏ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਬੈਂਕ ਅਧਿਕਾਰੀਆਂ ਦੀ ਇਹ ਮਦਦ ਸ਼ਲਾਘਾਯੋਗ ਉਪਰਾਲਾ ਹੈ ਕਿਉਂਕਿ ਪਿੰਡਾਂ ਨਾਲ ਸਬੰਧਤ ਜਨਾਨੀਆਂ ਨੂੰ ਆਰਥਿਕ ਸਹਿਯੋਗ ਮਿਲਦੇ ਰਹਿਣ ਨਾਲ ਉਨ੍ਹਾਂ ਦੀ ਘਰੇਲੂ ਅਤੇ ਸਮਾਜਿਕ ਵਿੱਤੀ ਹਾਲਤ ਮਜ਼ਬੂਤ ਹੋਵੇਗੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਾਲਾਂਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਲਗਾਤਾਰ ਚੌਕਸੀ ਰੱਖਦਿਆਂ ਮਾਸਕ, ਸੈਨੇਟਾਈਜ਼ਰ ਸਮੇਤ ਹੋਰ ਵਸਤਾਂ ਦੀ ਕਾਲਾ ਬਜ਼ਾਰੀ ਨੂੰ ਸਖ਼ਤੀ ਨਾਲ ਠੱਲ੍ਹ ਪਾ ਕੇ ਰੱਖੀ ਹੈ। ਪਰ ਸਵੈ ਸਹਾਇਤਾ ਸਮੂਹਾਂ ਦੁਆਰਾ ਕੱਪੜੇ ਨਾਲ ਤਿਆਰ ਕੀਤੇ ਗਏ ਇਹ ਮਾਸਕ ਲੋੜਵੰਦ ਲੋਕਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਨੇ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਰਜਿੰਦਰ ਬੱਤਰਾ, ਐਲ.ਡੀ.ਐਮ ਸ੍ਰੀ ਬੀ.ਕੇ ਚੁੱਘ ਨੂੰ ਭਵਿੱਖ 'ਚ ਵੀ ਬੈਂਕਾਂ ਦੇ ਸਹਿਯੋਗ ਰਾਹੀਂ ਸਮਾਜ ਸੇਵੀ ਕਾਰਜਾਂ ਅਤੇ ਕੋਵਿਡ ਮਹਾਮਾਰੀ ਨਾਲ ਨਜਿੱਠਣ ਲਈ ਪ੍ਰਸ਼ਾਸਨਿਕ ਉਪਰਾਲਿਆਂ 'ਚ ਸਹਿਯੋਗ ਦਿੰਦੇ ਰਹਿਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਟੇਟ ਬੈਂਕ ਆਫ਼ ਇੰਡੀਆ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਗ੍ਰਾਮੀਣ ਬੈਂਕ, ਐਕਸਿਸ ਅਤੇ ਯੈਸ ਬੈਂਕ, ਬੈਂਕ ਆਫ਼ ਬੜੌਦਾ, ਪੰਜਾਬ ਐਂਡ ਸਿੰਧ ਬੈਂਕ, ਆਈ.ਡੀ.ਬੀ.ਆਈ, ਵੱਲੋਂ ਇਹ ਵਿੱਤੀ ਮਦਦ ਪ੍ਰਦਾਨ ਕੀਤੀ ਗਈ ਹੈ ਜਿਸ ਲਈ ਪ੍ਰਸ਼ਾਸਨ ਧੰਨਵਾਦੀ ਹੈ।
 


author

Harinder Kaur

Content Editor

Related News