Election Diary : ਜਦੋਂ ਬੈਂਕ ਆਫ ਇੰਗਲੈਂਡ ਕੋਲ ਗਹਿਣੇ ਰੱਖਣਾ ਪਿਆ ਭਾਰਤ ਦਾ ਸੋਨਾ

Tuesday, Apr 30, 2019 - 09:50 AM (IST)

Election Diary : ਜਦੋਂ ਬੈਂਕ ਆਫ ਇੰਗਲੈਂਡ ਕੋਲ ਗਹਿਣੇ ਰੱਖਣਾ ਪਿਆ ਭਾਰਤ ਦਾ ਸੋਨਾ

ਜਲੰਧਰ (ਨਰੇਸ਼ ਕੁਮਾਰ)— ਸਾਬਕਾ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਓ ਨੂੰ ਦੇਸ਼ ਵਿਚ ਆਰਥਿਕ ਸੁਧਾਰਾਂ ਦੇ ਜਨਮਦਾਤਾ ਵਜੋਂ ਯਾਦ ਕੀਤਾ ਜਾਂਦਾ ਹੈ। ਉਨ੍ਹਾਂ ਦੇ ਕਾਰਜਕਾਲ ਦੌਰਾਨ ਵਿੱਤ ਮੰਤਰੀ ਮਨਮੋਹਨ ਸਿੰਘ ਨੇ ਭਾਰਤੀ ਅਰਥਵਿਵਸਥਾ ਨੂੰ ਵਿਦੇਸ਼ੀ ਨਿਵੇਸ਼ਕਾਂ ਲਈ ਖੋਲ੍ਹਣ ਦਾ ਕੰਮ ਕੀਤਾ ਸੀ ਪਰ ਉਨ੍ਹਾਂ ਦੇ ਕਾਰਜਕਾਲ ਵਿਚ ਵੀ ਇਕ ਅਜਿਹੀ ਭੁੱਲ ਹੋਈ, ਜਿਸ ਨਾਲ ਦੁਨੀਆ ਭਰ ਵਿਚ ਭਾਰਤ ਦਾ ਅਕਸ ਖਰਾਬ ਹੋਇਆ। ਇਹ ਫੈਸਲਾ ਭਾਰਤ ਦੇ 47 ਟਨ ਸੋਨੇ ਨੂੰ ਬੈਂਕ ਆਫ ਇੰਗਲੈਂਡ ਅਤੇ ਬੈਂਕ ਆਫ ਜਾਪਾਨ ਕੋਲ ਗਹਿਣੇ ਰੱਖਣ ਦਾ ਸੀ। ਹਾਲਾਂਕਿ ਉਨ੍ਹਾਂ ਨੂੰ ਇਹ ਫੈਸਲਾ ਆਪਣੇ ਤੋਂ ਪਹਿਲੀ ਚੰਦਰ ਸ਼ੇਖਰ ਦੀ ਸਰਕਾਰ ਦੀਆਂ ਨਾਕਾਮੀਆਂ ਦੇ ਕਾਰਨ ਲੈਣਾ ਪਿਆ ਸੀ। ਦਰਅਸਲ ਉਸ ਸਮੇਂ ਭਾਰਤ ਨੂੰ ਦੁਨੀਆ ਤੋਂ ਕੱਚਾ ਤੇਲ ਅਤੇ ਹੋਰ ਖਾਣ ਵਾਲੇ ਪਦਾਰਥ ਖਰੀਦਣ ਲਈ ਡਾਲਰਾਂ ਦੀ ਜ਼ਰੂਰਤ ਸੀ ਅਤੇ ਭਾਰਤ ਕੋਲ ਅਦਾਇਗੀ ਲਈ ਡਾਲਰ ਨਹੀਂ ਸਨ। ਲਿਹਾਜਾ ਦੇਸ਼ ਦੇ 47 ਟਨ ਸੋਨੇ ਨੂੰ ਲਗਭਗ 405 ਮਿਲੀਅਨ ਡਾਲਰ ਦੇ ਬਦਲੇ ਗਹਿਣੇ ਰੱਖਿਆ ਗਿਆ ਅਤੇ ਇਸ ਦੇ ਬਦਲੇ ਮਿਲੀ ਰਕਮ ਨਾਲ ਕਰਜ਼ਾ ਲਾਹਿਆ ਗਿਆ।

ਇਹ ਇਕ ਅਜਿਹਾ ਦੌਰ ਸੀ, ਜਦੋਂ ਸੋਵੀਅਤ ਸੰਘ ਵਿਚ ਵੰਡ ਕਾਰਨ ਭਾਰਤ ਦਾ ਦਰਾਮਦ ਸੋਵੀਅਤ ਦੇਸ਼ਾਂ ਤੋਂ ਰੁਕ ਗਿਆ ਅਤੇ ਸਾਡੇ ਕੋਲ ਡਾਲਰ ਦੀ ਕਮੀ ਹੋ ਗਈ ਜਦਕਿ ਦੂਜੇ ਪਾਸੇ ਅਰਬ ਦੇਸ਼ਾਂ ਵਿਚ ਚੱਲ ਰਹੇ ਈਰਾਨ ਸੰਕਟ ਨਾਲ ਤੇਲ ਕਮੀ ਪੈਦਾ ਹੋ ਗਈ। ਇਸ ਦੌਰਾਨ ਦੇਸ਼ ਵਿਚ ਰਾਜਨੀਤਿਕ ਅਸਥਿਰਤਾ ਦਰਮਿਆਨ ਉਤਪਾਦਨ ਠੱਪ ਹੋਣ ਨਾਲ ਅਰਥਵਿਵਸਥਾ ਵਿਗੜ ਗਈ ਅਤੇ ਸਾਡੇ ਦਰਾਮਦ ਵਧਣ ਲੱਗੀ। ਇਸ ਨਾਲ ਡਾਲਰ ਦੀ ਕਮੀ ਪੈਦਾ ਹੋਈ ਅਤੇ ਨਤੀਜਾ ਦੇਸ਼ ਦਾ ਸੋਨਾ ਗਹਿਣੇ ਰੱਖਣ ਦੇ ਰੂਪ ਵਿਚ ਸਾਹਮਣੇ ਆਇਆ। ਨਰਸਿਮ੍ਹਾ ਰਾਓ ਨੇ ਜੂਨ ਵਿਚ ਹੀ ਕੁਰਸੀ ਸੰਭਾਲੀ ਸੀ ਅਤੇ ਜੁਲਾਈ 1991 ਵਿਚ ਉਨ੍ਹਾਂ ਨੂੰ ਇਹ ਸਖਤ ਫੈਸਲਾ ਲੈਣਾ ਪਿਆ ਪਰ ਇਸ ਫੈਸਲੇ ਦੇ 18 ਸਾਲ ਬਾਅਦ ਭਾਰਤ ਨੇ 2009 ਵਿਚ ਇੰਟਰਨੈਸ਼ਨਲ ਮਾਨਿਟਰੀ ਫੰਡ ਕੋਲੋਂ 200 ਟਨ ਸੋਨਾ ਖਰੀਦ ਕੇ ਇਸ ਗਲਤੀ ਦੀ ਪੂਰਤੀ ਕੀਤੀ ਅਤੇ ਇਹ ਸੋਨਾ ਆਰ. ਬੀ. ਆਈ.ਦੇ ਗੋਲਡ ਰਿਜ਼ਰਵ ਵਿਚ ਰੱਖਿਆ ਗਿਆ।


author

DIsha

Content Editor

Related News