ਬੈਂਕਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਕਰਜ਼ਾ ਦੇਣਾ ਕੀਤਾ ਬੰਦ!

11/21/2019 12:02:40 PM

ਚੰਡੀਗੜ੍ਹ : ਪੰਜਾਬ ਸਰਕਾਰ ਦੀ ਕਰਜ਼ਾ ਮੁਆਫੀ ਯੋਜਨਾ ਦੇ ਚੱਲਦਿਆਂ ਕਿਸਾਨਾਂ ਨੇ ਬੈਂਕਾਂ ਤੋਂ ਲਿਆ ਕਰਜ਼ਾ ਮੋੜਨਾ ਬੰਦ ਕਰ ਦਿੱਤਾ ਹੈ, ਜਿਸ ਕਾਰਨ ਪਰੇਸ਼ਾਨ ਹੋ ਕੇ ਬੈਂਕਾਂ ਨੇ ਕਿਸਾਨਾਂ ਨੂੰ ਕਰਜ਼ਾ ਦੇਣਾ ਤਕਰੀਬਨ ਬੰਦ ਹੀ ਕਰ ਦਿੱਤਾ ਹੈ। ਇਹ ਖੁਲਾਸਾ ਸਟੇਟ ਲੇਵਲ ਬੈਂਕਰਜ਼ ਕਮੇਟੀ ਦੀ ਤਿਮਾਹੀ ਸਮੀਖਿਆ 'ਚ ਹੋਇਆ ਹੈ। ਕਮੇਟੀ ਦੇ ਅੰਕੜਿਆਂ ਮੁਤਾਬਕ ਪੰਜਾਬ 'ਚ ਇਸ ਸਮੇਂ ਖੇਤੀ ਕਰਜ਼ੇ ਦੇ ਤੌਰ 'ਤੇ 29.16 ਕਰੋੜ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ 'ਚ 79,505 ਕਰੋੜ ਰੁਪਏ ਕਰਜ਼ੇ ਦੇ ਤੌਰ 'ਤੇ ਬੈਕਾਂ ਵਲੋਂ ਦਿੱਤੇ ਗਏ ਹਨ। ਕਰਜ਼ਾ ਨਾ ਮੋੜਨ ਵਾਲੇ ਕਿਸਾਨਾਂ ਨੂੰ ਡਿਫਾਲਟਰ ਐਲਾਨੇ ਜਾਣ ਤੋਂ ਬਾਅਦ ਬੈਂਕਾਂ ਦਾ ਕੁੱਲ 9049 ਕਰੋੜ ਰੁਪਿਆ ਫਸ ਗਿਆ ਹੈ।

ਸਮੀਖਿਆ ਬੈਠਕ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਪੰਜਾਬ ਸਰਕਾਰ ਵਲੋਂ ਕਰਜ਼ਾ ਮੁਆਫੀ ਯੋਜਨਾ ਦਾ ਐਲਾਨ ਹੁੰਦੇ ਹੀ ਬਾਅਦ 'ਚ ਕਿਸਾਨਾਂ ਨੇ ਬੈਕਾਂ ਦਾ ਕਰਜ਼ਾ ਮੋੜਨਾ ਬੰਦ ਕਰ ਦਿੱਤਾ, ਜਿਸ ਕਾਰਨ ਬੈਂਕਾਂ ਨੇ ਵੀ ਕਿਸਾਨਾਂ ਨੂੰ ਕਰਜ਼ਾ ਦੇਣ ਤੋਂ ਹੱਥ ਖਿੱਚ ਲਿਆ। ਦੂਜੇ ਪਾਸੇ ਕਿਸਾਨੀ ਕਰਜ਼ ਪ੍ਰਤੀ ਬੈਕਾਂ ਦੇ ਰੁਖ ਨੂੰ ਵੀ ਪੰਜਾਬ ਸਰਕਾਰ ਦਾ ਸਮਰਥਨ ਮਿਲਿਆ ਹੈ। ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬੈਂਕਾਂ ਨੂੰ ਹਦਾਇਤ ਕੀਤੀ ਕਿ ਉਹ ਕਿਸਾਨਾਂ ਨੂੰ ਪੂਰੀ ਦਸਤਾਵੇਜ਼ੀ ਜਾਂਚ ਤੋਂ ਬਾਅਦ ਹੀ ਕਰਜ਼ਾ ਦੇਣ। ਅਸਲ 'ਚ ਪਿਛਲੀ ਸਮੀਖਿਆ ਬੈਠਕ ਦੌਰਾਨ ਬੈਂਕਾਂ ਨੇ ਇਹ ਮੁੱਦਾ ਚੁੱਕਿਆ ਸੀ ਕਿ ਕਿਸਾਨਾਂ ਨੇ ਆਪਣੀ ਇਕ ਹੀ ਜ਼ਮੀਨ 'ਤੇ ਕਈ ਬੈਕਾਂ ਤੋਂ ਕਰਜ਼ਾ ਲਿਆ ਹੋਇਆ ਹੈ, ਜਿਸ ਤੋਂ ਬਾਅਦ ਤੈਅ ਕੀਤਾ ਗਿਆ ਕਿ ਕਿਸਾਨਾਂ ਨੂੰ ਉਨ੍ਹਾਂ ਦੀ ਜ਼ਮੀਨ ਦੀ ਰਜਿਸਟਰੀ ਰੱਖ ਕੇ ਕਰਜ਼ਾ ਦਿੱਤਾ ਜਾਵੇ ਤਾਂ ਜੋ ਕਿਸਾਨ ਉਂਨਾ ਹੀ ਕਰਜ਼ਾ ਲੈ ਸਕਣ, ਜਿੰਨਾ ਉਹ ਆਸਾਨੀ ਨਾਲ ਵਾਪਸ ਮੋੜ ਸਕਣ।


Babita

Content Editor

Related News