ਬੈਂਕਾਂ ਦੇ ਸਮੇਂ ਵਿਚ ਤਬਦੀਲੀ ਕਾਰਣ ਲੱਗੀਆਂ ਲੰਬੀਆਂ ਲਾਈਨਾਂ
Tuesday, May 04, 2021 - 02:06 PM (IST)
ਜੈਤੋ (ਗੁਰਮੀਤਪਾਲ ਸ਼ਰਮਾ) : ਬੈਂਕਾਂ ਦੀ ਸਮੇਂ ’ਚ ਤਬਦੀਲੀ ਕਾਰਣ ਬੈਂਕਾਂ ਅੱਗੇ ਲੱਗੀਆਂ ਲਾਈਨਾਂ ਲੱਗ ਗਈਆਂ ਹਨ, ਜਦਕਿ ਇਸ ਦੇ ਉਲਟ ਬੈਂਕ ਅਧਿਕਾਰੀਆਂ ਦੇ ਚਹੇਤੇ ਆਪਣਾ ਲੈਣ-ਦੇਣ ਚੋਰ ਮੋਰੀਆਂ ਰਾਹੀਂ ਕਰ ਰਹੇ ਹਨ। ਸੂਬੇ ਭਰ ਵਿਚ ਕੋਵਿਡ-19 ਕਾਰਣ ਜਿੱਥੇ ਲੋਕਾਂ ਨੂੰ ਭਿਆਨਕ ਬਿਮਾਰੀ ਤੋਂ ਬਚਾਉਣ ਪੰਜਾਬ ਸਰਕਾਰ ਵੱਲੋਂ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਦੌਰਾਨ ਬੈਂਕਾਂ ਦੇ ਸਮੇਂ ਵਿਚ ਕੀਤੀ ਗਈ ਤਬਦੀਲੀ ਬਿਜਾਈ ਦੇ ਮੌਸਮ ਦੌਰਾਨ ਕਿਸਾਨਾਂ ਲਈ ਵੱਡੀ ਸਮੱਸਿਆ ਬਣ ਗਈ ਹੈ। ਜਿੱਥੇ ਆਮ ਲੋਕਾਂ ਨੂੰ ਬੈਂਕਾਂ ਨਾਲ ਲੈਣ-ਦੇਣ ਲਈ ਵੱਡੀਆਂ ਲਾਈਨਾਂ ਵਿਚ ਲੱਗਣਾ ਪੈ ਰਿਹਾ ਹੈ, ਉੱਥੇ ਬੈਂਕ ਅਧਿਕਾਰੀਆਂ ਦੇ ਚਹੇਤੇ ਆਪਣਾ ਲੈਣ-ਦੇਣ ਚੋਰ ਮੋਰੀਆਂ ਰਾਹੀਂ ਕਰ ਰਹੇ ਹਨ।
ਸਰਕਾਰ ਵੱਲੋਂ ਕਿਸਾਨਾਂ ਦੀਆਂ ਫ਼ਸਲਾਂ ਦਾ ਭੁਗਤਾਨ ਬੈਂਕ ਖਾਤਿਆਂ ਰਾਹੀਂ ਕੀਤਾ ਜਾ ਰਿਹਾ ਹੈ। ਦੂਜੇ ਪਾਸੇ ਫ਼ਸਲਾਂ (ਨਰਮਾ, ਹਰਾ ਚਾਰਾ) ਦੀ ਬਿਜਾਈ ਦਾ ਸੀਜ਼ਨ ਚੱਲ ਰਿਹਾ। ਬਾਜ਼ਾਰ ਵਿਚੋਂ ਬੀਜ ਅਤੇ ਰੇਹਾਂ ਸਪਰੇਹਾਂ ਖ੍ਰੀਦਣ ਲਈ ਕਿਸਾਨਾਂ ਨੂੰ ਨਗਦ ਭੁਗਤਾਨ ਕਰਨਾ ਪੈ ਰਿਹਾ ਹੈ। ਲੋਕਾਂ ਨੂੰ ਬੈਂਕ ਵਿਚੋਂ ਪੈਸੇ ਕਢਵਾਉਣ ਲਈ ਲਾਈਨਾਂ ਵਿਚ ਲੱਗਣਾ ਪੈ ਰਿਹਾ ਹੈ। ਬੈਂਕਾਂ ਅੱਗੇ ਲੋਕਾਂ ਦੀ ਭੀੜ ਜਮ੍ਹਾਂ ਹੋਣ ਕਾਰਣ ਕੋਰੋਨਾ ਵਰਗੀ ਭਿਆਨਕ ਬਿਮਾਰੀ ਦੇ ਫੈਲਣ ਦਾ ਖ਼ਤਰਾ ਵੱਧ ਰਿਹਾ ਹੈ। ਅੱਜ ਐੱਚ. ਡੀ. ਐੱਫ. ਸੀ. ਬੈਂਕ ਜੈਤੋ ਅਤੇ ਪੰਜਾਬ ਐਂਡ ਸਿੰਧ ਬੈਂਕ ਅਤੇ ਸਟੇਟ ਬੈਂਕ ਆਫ ਪਟਿਆਲਾ ਅੱਗੇ ਲੋਕਾਂ ਦੀਆਂ ਲੰਮੀਆਂ ਲਾਈਨਾਂ ਵੇਖੀਆਂ ਗਈਆਂ। ਬੇਸ਼ੱਕ ਬੈਂਕ ਅੰਦਰ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕੀਤੀ ਜਾ ਰਹੀ ਪਰ ਬੈਂਕਾਂ ਦੇ ਬਹਾਰ ਲੋਕਾਂ ਦੇ ਇੱਕਠ ਲਈ ਬੈਂਕਾਂ ਅਧਿਕਾਰੀਆਂ ਵੱਲੋਂ ਕੋਈ ਵਿਸ਼ੇਸ਼ ਉਪਰਾਲਾ ਨਹੀਂ ਕੀਤਾ ਗਿਆ।