ਬੱਚੇ ਨੂੰ ਬੈਨ ਦਵਾਈ ਦੇਣ ਵਾਲੇ ਡਾਕਟਰ ਪਿਉ-ਪੁੱਤਰ ਫਰਾਰ

03/01/2020 10:08:42 AM

ਪਟਿਆਲਾ (ਬਲਜਿੰਦਰ): ਕੁਝ ਦਿਨ ਪਹਿਲਾਂ ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਨੌਸ਼ਹਿਰਾ ਵਿਚ ਪੰਜ ਸਾਲ ਦੇ ਬੱਚੇ ਨੂੰ ਖਾਂਸੀ ਹੋਣ 'ਤੇ ਇਕ ਕਲੀਨਿਕ ਤੋਂ ਦਵਾਈ ਦਿਵਾਈ ਗਈ ਸੀ। ਦਵਾਈ ਲੈਂਦਿਆਂ ਹੀ ਉਸ ਦੀ ਹਾਲਤ ਗੰਭੀਰ ਹੋ ਗਈ, ਜਿਸ ਨੂੰ ਇਲਾਜ ਲਈ ਪਹਿਲਾਂ ਰਾਜਪੁਰਾ ਅਤੇ ਫਿਰ 32 ਸੈਕਟਰ ਵਿਚ ਸਰਕਾਰੀ ਹਸਪਤਾਲ ਦੇ ਆਈ. ਸੀ. ਯੂ. ਵਿਚ ਰੱਖਿਆ ਗਿਆ ਹੈ। ਇਸ ਮਾਮਲੇ ਵਿਚ ਬੱਚੇ ਦੇ ਮਾਤਾ-ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਡਾ. ਗਰਜਾ ਸਿੰਘ ਅਤੇ ਉਸ ਦੇ ਪੁੱਤਰ ਕੁਲਵਿੰਦਰ ਸਿੰਘ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ।

ਪੁਲਸ ਨੂੰ ਬੱਚੇ ਦੇ ਪਿਤਾ ਅਵਤਾਰ ਸਿੰਘ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੇ ਪੰਜ ਸਾਲਾ ਪੁੱਤਰ ਨੂੰ ਖਾਂਸੀ-ਜ਼ੁਕਾਮ ਹੋਣ ਤੋਂ ਬਾਅਦ ਉਹ ਡਾਕਟਰ ਕੋਲ ਪਿੰਡ ਘੱਗਰ ਸਰਾਏ ਲੈ ਕੇ ਗਏ। ਡਾਕਟਰ ਦੀਆਂ ਹਦਾਇਤਾਂ ਅਨੁਸਾਰ ਉਨ੍ਹਾਂ ਨੇ ਬੱਚੇ ਨੂੰ ਦਵਾਈ ਖਵਾਈ ਪਰ ਬੱਚਾ ਜਦੋਂ ਠੀਕ ਨਾ ਹੋਇਆ ਤਾਂ ਅਗਲੇ ਦਿਨ ਫਿਰ ਦਵਾਈ ਲੈਣ ਲਈ ਉਹ ਉਸੇ ਡਾਕਟਰ ਕੋਲ ਗਏ। ਉਨ੍ਹਾਂ ਫਿਰ ਉਹੀ ਦਵਾਈ ਰਪੀਟ ਕਰ ਦਿੱਤੀ। ਇਸ ਤੋਂ ਬਾਅਦ ਬੱਚੇ (ਸਰਬਜੀਤ) ਦੀ ਹਾਲਤ ਖਰਾਬ ਹੋ ਗਈ। ਉਸ ਨੂੰ ਰਾਜਪੁਰਾ ਦੇ ਇਕ ਡਾਕਟਰ ਕੋਲ ਲੈ ਕੇ ਗਏ, ਡਾਕਟਰ ਨੇ ਟੈਸਟ ਕਰਨ ਤੋਂ ਬਾਅਦ ਦੱਸਿਆ ਕਿ ਉਸ ਦੀਆਂ ਕਿਡਨੀਆਂ ਵਿਚ ਇਨਫੈਕਸ਼ਨ ਹੋ ਗਈ ਹੈ, ਜਿਸ ਤੋਂ ਬਾਅਦ ਬੱਚੇ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ। ਪੁਲਸ ਵੱਲੋਂ ਗਰਜਾ ਸਿੰਘ ਤੇ ਉਸ ਦੇ ਪੁੱਤਰ ਕੁਲਵਿੰਦਰ ਸਿੰਘ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਥਾਣਾ ਸ਼ੰਭੂ ਦੇ ਐੱਸ. ਐੱਚ. ਓ. ਪ੍ਰੇਮ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਡਾਕਟਰੀ ਦੀ ਡਿਗਰੀ ਅਸਲੀ ਹੈ ਜਾਂ ਨਕਲੀ ਇਸ ਬਾਰੇ ਉਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ। ਪੁਲਸ ਵਲੋਂ ਕਈ ਵਾਰ ਦੁਕਾਨ 'ਤੇ ਰੇਡ ਕੀਤੀ ਗਈ ਪਰ ਦੋਵੇਂ (ਪਿਉ-ਪੁੱਤਰ) ਪੁਲਸ ਨੂੰ ਨਹੀਂ ਮਿਲੇ। ਦੂਜੇ ਪਾਸੇ ਬੱਚੇ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।


Shyna

Content Editor

Related News