ਰਾਜੋਆਣਾ ਦੇ ਹੱਕ ''ਚ ਆਇਆ ਕੈਪਟਨ ਦਾ ਮੰਤਰੀ

Friday, Oct 04, 2019 - 06:52 PM (IST)

ਪਟਿਆਲਾ (ਜੋਸਨ) : ਕੇਂਦਰੀ ਜੇਲ ਪਟਿਆਲਾ 'ਚ ਸਜ਼ਾ ਯਾਫਤਾ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ 'ਚ ਤਬਦੀਲ ਕੀਤੇ ਜਾਣ 'ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਨੇ ਪ੍ਰਤੀਕਿਰਿਆ ਦਿੱਤੀ ਹੈ। ਬਾਜਵਾ ਨੇ ਕਿਹਾ ਕਿ ਉਨ੍ਹਾਂ ਦੀ ਆਪਣੀ ਰਾਏ ਹੈ ਕਿ ਫਾਂਸੀ ਅਤੇ ਸਜ਼ਾ ਦੋਵੇਂ ਇਕੱਠਿਆਂ ਨਹੀਂ ਚੱਲ ਸਕਦੀਆਂ, ਜੋ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਵੀ ਹੈ। ਬਾਜਵਾ ਅੱਜ ਫਿਜ਼ੀਕਲ ਕਾਲਜ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਖੁਸ਼ੀ ਦੇ ਮੌਕਿਆਂ 'ਤੇ ਜਦੋਂ ਸਰਕਾਰਾਂ ਜੇਲਾਂ 'ਚ ਸਜ਼ਾ ਪੂਰੀਆਂ ਕਰ ਚੁੱਕੇ ਬੰਦੀਆਂ ਦੀ ਰਿਹਾਈ ਕਰਦੀ ਹੈ ਤਾਂ ਚੰਗੀ ਗੱਲ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਦੇਸ਼ ਦੀਆਂ ਜੇਲਾਂ 'ਚ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਦੀ ਰਿਹਾਈ 'ਤੇ ਜੋ ਫੈਸਲਾ ਸੁਣਾਇਆ ਹੈ, ਉਹ ਬਿਲਕੁਲ ਦਰੁਸਤ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਫਾਂਸੀ ਨੂੰ ਅਯੋਗ ਕਰਾਰ ਦਿੱਤਾ ਗਿਆ ਹੈ, ਜਦਕਿ 25 ਸਾਲਾਂ ਤੋਂ ਜੇਲ 'ਚ ਬੰਦ ਸਜ਼ਾ ਪੂਰੀ ਕਰ ਚੁੱਕੇ ਬੰਦੀ ਰਿਹਾਅ ਹੋਣੇ ਚਾਹੀਦੇ ਹਨ।

ਇਕ ਸਵਾਲ ਦੇ ਜਵਾਬ 'ਚ ਬਾਜਵਾ ਨੇ ਕਿਹਾ ਕਿ ਪ੍ਰਕਾਸ਼ ਪੁਰਬ ਨੂੰ ਸਾਂਝੇ ਤੌਰ 'ਤੇ ਮਨਾਉਣ ਲਈ ਸਰਕਾਰ ਪੂਰੀ ਤਰ੍ਹਾਂ ਗੰਭੀਰ ਹੈ, ਜਦਕਿ ਸ਼੍ਰੋਮਣੀ ਕਮੇਟੀ ਸ਼੍ਰੋਮਣੀ ਅਕਾਲੀ ਦਲ ਦੇ ਹੱਥਾਂ 'ਚ ਖੇਡ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਆਪਣੇ ਤੌਰ 'ਤੇ ਸੱਦਾ ਦੇਵੇ ਤਾਂ ਪ੍ਰਵਾਨ, ਪ੍ਰੰਤੂ ਸ਼੍ਰੋਮਣੀ ਕਮੇਟੀ ਦੀ ਆੜ 'ਚ ਬਾਦਲਾਂ ਦਾ ਸੱਦਾ ਸਰਕਾਰ ਪ੍ਰਵਾਨ ਨਹੀਂ ਕਰਦੀ।


Gurminder Singh

Content Editor

Related News