ਬਲਬੀਰ ਸਿੱਧੂ ਵੱਲੋਂ ''ਪਲਸ ਪੋਲੀਓ ਮੁਹਿੰਮ'' ਦੀ ਸ਼ੁਰੂਆਤ, 7 ਲੱਖ ਬੱਚਿਆਂ ਨੂੰ ਪਿਲਾਈ ਜਾ ਰਹੀ ਦਵਾਈ

Sunday, Sep 20, 2020 - 03:15 PM (IST)

ਬਲਬੀਰ ਸਿੱਧੂ ਵੱਲੋਂ ''ਪਲਸ ਪੋਲੀਓ ਮੁਹਿੰਮ'' ਦੀ ਸ਼ੁਰੂਆਤ, 7 ਲੱਖ ਬੱਚਿਆਂ ਨੂੰ ਪਿਲਾਈ ਜਾ ਰਹੀ ਦਵਾਈ

ਮੋਹਾਲੀ : ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸਿਹਤ ਮਹਿਕਮੇ ਵੱਲੋਂ ਸਥਾਨਕ ਪਿੰਡ ਜੁਝਾਰ ਨਗਰ 'ਚ ਕਰਵਾਏ ਗਏ ਸੂਬਾ ਪੱਧਰੀ ਸਮਾਗਮ ਦੌਰਾਨ ਐਤਵਾਰ ਨੂੰ ਤਿੰਨ ਰੋਜ਼ਾ 'ਪਲਸ ਪੋਲੀਓ ਮੁਹਿੰਮ' ਦੀ ਸ਼ੁਰੂਆਤ ਕੀਤੀ। ਇਸ ਮੌਕੇ ਉਨ੍ਹਾਂ ਪੰਜ ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਪੋਲੀਓ-ਰੋਕੂ ਬੂੰਦਾਂ ਪਿਲਾਈਆਂ। ਬਲਬੀਰ ਸਿੱਧੂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਬ-ਨੈਸ਼ਨਲ ਇਮੂਨਾਈਜੇਸ਼ਨ ਡੇਅ (ਐਸ.ਐਨ.ਆਈ.ਡੀ.) ਮੁਹਿੰਮ ਤਹਿਤ 20 ਸਤੰਬਰ ਤੋਂ 22 ਸਤੰਬਰ ਤੱਕ ਸੂਬਾ ਭਰ 'ਚ ਬੱਚਿਆਂ ਨੂੰ ਪੋਲੀਓ-ਰੋਕੂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ।

ਉਨ੍ਹਾਂ ਦੱਸਿਆ ਕਿ ‘ਕੋਰੋਨਾ ਵਾਇਰਸ‘ ਮਹਾਮਾਰੀ ਦੇ ਫੈਲਾਅ ਕਾਰਨ ਇਸ ਮੁਹਿੰਮ ਤਹਿਤ ਸਿਰਫ਼ ਉੱਚ ਜ਼ੋਖਮ ਵਾਲੇ ਖੇਤਰ, ਪਰਵਾਸੀ ਆਬਾਦੀ, ਭੱਠੇ, ਨਿਰਮਾਣ ਸਥਾਨ, ਝੁੱਗੀ-ਬਸਤੀ ਖੇਤਰ ਹੀ ਕਵਰ ਕੀਤੇ ਜਾਣਗੇ। ਸਿਹਤ ਮੰਤਰੀ ਨੇ ਅੰਕੜੇ ਸਾਂਝੇ ਕਰਦਿਆਂ ਦੱਸਿਆ, ‘ਇਸ ਪੜਾਅ 'ਚ ਸੂਬਾ ਭਰ 'ਚ 6,80,800 ਬੱਚਿਆਂ ਨੂੰ ਦਵਾਈ ਪਿਲਾਉਣ ਦਾ ਟੀਚਾ ਹੈ, ਜਿਸ ਲਈ ਕੁੱਲ 8436 ਸਥਾਨਾਂ ਦੀ ਸ਼ਨਾਖ਼ਤ ਕੀਤੀ ਗਈ ਹੈ।

ਮੁਹਿੰਮ ਨੂੰ ਸਫ਼ਲਤਾ ਨਾਲ ਨੇਪਰੇ ਚਾੜ੍ਹਨ ਲਈ ਘਰ-ਘਰ ਜਾ ਕੇ ਦਵਾਈ ਪਿਲਾਉਣ ਵਾਲੀਆਂ ਕੁੱਲ 5530 ਟੀਮਾਂ ਬਣਾਈਆਂ ਗਈਆਂ ਹਨ, ਜਦ ਕਿ ਮੋਬਾਈਲ ਟੀਮਾਂ ਦੀ ਗਿਣਤੀ 656 ਹੈ। ਕੁੱਲ ਵੈਕਸੀਨੇਟਰ 14749 ਹਨ, ਜਦੋਂ ਕਿ ਸਮੁੱਚੀ ਮੁਹਿੰਮ ‘ਤੇ ਨਿਗਰਾਨੀ ਰੱਖਣ ਵਾਲੇ ਸੁਪਰਵਾਈਜ਼ਰਾਂ ਦੀ ਗਿਣਤੀ 1031 ਹੈ। ਇਸ ਤੋਂ ਇਲਾਵਾ 3097 ਏ.ਐਨ.ਐਮ. ਅਤੇ 11965 ਆਸ਼ਾ ਵਰਕਰਾਂ ਵੀ ਇਸ ਮੁਹਿੰਮ 'ਚ ਡਟੀਆਂ ਹੋਈਆਂ ਹਨ।‘

ਉਨ੍ਹਾਂ ਦਸਿਆ ਕਿ ਸਮੁੱਚੀ ਮੁਹਿੰਮ ਦੌਰਾਨ ਕੋਰੋਨਾ ਵਾਇਰਸ ਮਹਾਮਾਰੀ ਦੀ ਰੋਕਥਾਮ ਲਈ ਜਾਰੀ ਦਿਸ਼ਾ-ਨਿਰਦੇਸ਼ਾ ਦੀ ਪਾਲਣਾ ਕੀਤੀ ਜਾ ਰਹੀ ਹੈ। ਸਿਹਤ ਕਾਮੇ ਮੂੰਹ ਢਕਣ ਅਤੇ ਵਾਰ-ਵਾਰ ਹੱਥ ਧੋਣ ਜਿਹੇ ਤਮਾਮ ਜ਼ਰੂਰੀ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਪਾਲਣਾ ਕਰ ਰਹੇ ਹਨ। ਸ. ਸਿੱਧੂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਦਵਾਈ ਜ਼ਰੂਰ ਪਿਲਾਉਣ ਕਿਉਂਕਿ ਬੱਚਿਆਂ ਨੂੰ ਵੱਖ-ਵੱਖ ਬੀਮਾਰੀਆਂ ਤੋਂ ਬਚਾਉਣ ਲਈ ਇਹ ਦਵਾਈ ਪਿਲਾਉਣਾ ਬਹੁਤ ਜ਼ਰੂਰੀ ਹੈ।
 


 


author

Babita

Content Editor

Related News