ਪੰਜਾਬ 'ਚ ਲਿੰਗ ਨਿਰਧਾਰਣ ਟੈਸਟ ਕਰਨ ਵਾਲੇ 60 ਦੋਸ਼ੀ ਗ੍ਰਿਫਤਾਰ
Friday, Jul 19, 2019 - 09:05 AM (IST)
![ਪੰਜਾਬ 'ਚ ਲਿੰਗ ਨਿਰਧਾਰਣ ਟੈਸਟ ਕਰਨ ਵਾਲੇ 60 ਦੋਸ਼ੀ ਗ੍ਰਿਫਤਾਰ](https://static.jagbani.com/multimedia/2019_7image_08_51_156013718balbirsidhu1.jpg)
ਚੰਡੀਗੜ੍ਹ : ਪੰਜਾਬ ਸਰਕਾਰ ਨੇ ਲਿੰਗ ਨਿਰਧਾਰਣ ਟੈਸਟ ਕਰਨ ਵਾਲੇ ਸਕੈਨਿੰਗ ਕੇਂਦਰਾਂ ਦੇ ਮੁਕੰਮਲ ਖਾਤਮੇ ਲਈ ਗੰਭੀਰਤਾ ਨਾਲ ਕਾਰਵਾਈ ਕਰਦਿਆਂ 60 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਸਕੈਨਿੰਗ ਕਰਨ ਵਾਲੀਆਂ 14 ਮਸ਼ੀਨਾਂ ਸੀਲ ਕੀਤੀਆਂ ਗਈਆਂ ਹਨ ਤਾਂ ਜੋ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਖਤਮ ਕਰ ਕੇ ਲਿੰਗ-ਅਨੁਪਾਤ ਦੇ ਸੰਤੁਲਨ 'ਚ ਚ ਹਾਂ-ਪੱਖੀ ਸੁਧਾਰ ਕੀਤੇ ਜਾ ਸਕਣ। ਇਸ ਗੱਲ ਦਾ ਖੁਲਾਸਾ ਇੱਥੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਇਕ ਪ੍ਰੈਸ ਬਿਆਨ ਰਾਹੀਂ ਕੀਤਾ।
ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਪੰਜਾਬ ਸਰਕਾਰ ਸੂਬੇ 'ਚ ਭਰੂਣ ਹੱਤਿਆ ਵਰਗੀ ਸਮਾਜਿਕ ਬੁਰਾਈ ਨੂੰ ਜੜ੍ਹੋਂ ਖਤਮ ਲਈ ਪੂਰੀ ਤਰ੍ਹਾਂ ਗੰੰਭੀਰ ਹੈ, ਜਿਸ ਲਈ ਸੂਬੇ ਦੇ ਸਾਰੇ ਜ਼ਿਲਿਆਂ 'ਚ ਪੀ. ਸੀ. ਐਂਡ ਪੀ. ਐਨ. ਡੀ. ਟੀ. ਐਕਟ ਦੀ ਉਲੰਘਣਾ ਕਰਨ ਵਾਲੇ ਸਕੈਨਿੰਗ ਕੇਂਦਰਾਂ 'ਤੇ ਸਖਤ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਨਵੰਬਰ, 2018 ਤੋਂ ਜੂਨ, 2019 ਤੱਕ ਦੋਸ਼ੀਆਂ ਖਿਲਾਫ ਕਾਰਵਾਈ ਕਰਦਿਆਂ 18 ਐਫ.ਆਈ.ਆਰ. ਦਰਜ ਕਰਕੇ 60 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਕਿ 14 ਅਲਟਰਾਸਾਊਂਡ ਮਸ਼ੀਨਾਂ ਸੀਲ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਇਸ ਮਾਫੀਆ ਦੇ ਮੁਕੰਮਲ ਖਾਤਮੇ ਲਈ ਵਿਆਪਕ ਪੱਧਰ 'ਤੇ ਰੂਪ-ਰੇਖਾ ਤਿਆਰ ਕੀਤੀ ਗਈ ਹੈ, ਜਿਸ ਅਧੀਨ ਇਸ ਸਮਾਜਿਕ ਬੁਰਾਈ ਨਾਲ ਜੁੜੇ ਲਿੰਗ ਨਿਰਧਾਰਣ ਟੈਸਟ ਕਰਨ ਵਾਲੇ ਸਕੈਨਿੰਗ ਕੇਂਦਰਾਂ ਅਤੇ ਡਾਕਟਰਾਂ ਵਿਰੁੱਧ ਸਖਤ ਕਾਰਵਾਈ ਕੀਤੀ ਗਈ ਹੈ।