ਬਾਜਵਾ ਲਾਪਤਾ 39 ਭਾਰਤੀਆਂ ਸਬੰਧੀ ਸੰਸਦ 'ਚ ਲਿਆਉਣਗੇ ਵਿਸ਼ੇਸ਼ ਮਤਾ

07/22/2017 1:50:14 AM

ਚੰਡੀਗੜ੍ਹ— ਸੰਸਦ ਮੈਂਬਰ ਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਪਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਟਵੀਟ ਕਰਕੇ ਕਿਹਾ ਹੈ ਕਿ ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਵਲੋਂ ਇਰਾਕ 'ਚ ਲਾਪਤਾ 39 ਭਾਰਤੀਆਂ ਬਾਰੇ ਬੋਲੇ ਝੂਠ ਦਾ ਖੁਲਾਸਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਮੰਤਰੀ ਨੇ ਲੋਕਾਂ ਨੂੰ ਇਹ ਕਹਿ ਕੇ ਗੁੰਮਰਾਹ ਕੀਤਾ ਹੈ ਕਿ ਲਾਪਤਾ ਭਾਰਤੀ ਬਾਦੁਸ਼ ਦੀ ਜੇਲ 'ਚ ਹਨ ਪਰ ਅਸਲੀਅਤ ਇਹ ਹੈ ਕਿ ਆਈ.ਐੱਸ. ਨੇ ਇਹ ਜੇਲ ਪਹਿਲਾਂ ਹੀ ਤਬਾਹ ਕਰ ਦਿੱਤੀ ਸੀ। ਉਨ੍ਹਾਂ ਕਿਹਾ ਕਿ ਵਿਦੇਸ਼ ਮੰਤਰੀ ਨੇ ਅਜਿਹਾ ਕਰਕੇ ਪੀੜਤ ਪਰਿਵਾਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਜਿਸ ਖਿਲਾਫ ਉਹ ਜਲਦੀ ਹੀ ਸੰਸਦ 'ਚ ਵਿਸ਼ੇਸ਼ ਅਧਿਕਾਰ ਮਤਾ ਪੇਸ਼ ਕਰਨਗੇ। 
ਇਸ ਤੋਂ ਪਹਿਲਾਂ ਵੀ ਪ੍ਰਤਾਪ ਸਿੰਘ ਬਾਜਵਾ ਨੇ ਸੰਸਦ 'ਚ 39 ਭਾਰਤੀਆਂ ਦਾ ਮੁੱਦਾ ਚੁੱਕਿਆ ਸੀ। ਜਿਸ ਦੌਰਾਨ ਵੀ ਉਨ੍ਹਾਂ ਨੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਇਹ ਸਵਾਲ ਪੁੱਛਿਆ ਸੀ ਕਿ ਉਨ੍ਹਾਂ ਦੇ ਲਾਪਤਾ 39 ਭਾਰਤੀ ਬੱਚੇ ਕਿਥੇ ਹਨ।
ਜ਼ਿਕਰਯੋਗ ਹੈ ਕਿ ਵਿਦੇਸ਼ ਰਾਜ ਮੰਤਰੀ ਵੀ. ਕੇ. ਸਿੰਘ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਇਰਾਕ ਦੇ ਕੌਮੀ ਸੁਰੱਖਿਆ ਸਲਾਹਕਾਰ ਵਲੋਂ ਉਨ੍ਹਾਂ ਦੱਸਿਆ ਗਿਆ ਹੈ ਕਿ ਤਿੰਨ ਸਾਲ ਪਹਿਲਾਂ ਇਰਾਕ 'ਚ ਲਾਪਤਾ ਹੋਏ ਭਾਰਤੀਆਂ ਨੂੰ ਆਈਐੱਸ ਵਲੋਂ ਮੌਸੁਲ ਨੇੜੇ ਬਦੂਸ਼ ਦੀ ਜੇਲ 'ਚ ਕੈਦ ਕਰ ਦਿੱਤਾ ਗਿਆ ਸੀ। ਅਜੇ ਹਾਲਾਤ ਅਜਿਹੇ ਨਹੀਂ ਹਨ ਕਿ ਬਦੂਸ਼ ਜੇਲ ਦੀ ਤਲਾਸ਼ੀ ਲਈ ਜਾ ਸਕੇ। ਹਾਲਾਤ ਦੇ ਠੀਕ ਹੋਣ ਤੋਂ ਬਾਅਦ ਹੀ ਉਕਤ ਜੇਲ ਦੀ ਤਲਾਸ਼ੀ ਲਈ ਜਾਏਗੀ। ਉਸ ਤੋਂ ਬਾਅਦ ਅਸਲ ਸਥਿਤੀ ਬਾਰੇ ਜਾਣਕਾਰੀ ਮਿਲੇਗੀ।


Related News