''ਹੜ੍ਹਾਂ ਮਗਰੋਂ ਬੰਬੂਕਾਟ ''ਤੇ ਚੜ੍ਹ ਕੇ ਆ ਗਏ ਬਾਜਵਾ ਸਾਹਿਬ'', ਧਾਲੀਵਾਲ ਬੋਲੇ-ਸੀਰੀਅਸ ਹੋ ਜਾਓ (ਵੀਡੀਓ)
Friday, Sep 26, 2025 - 01:43 PM (IST)

ਚੰਡੀਗੜ੍ਹ : ਪੰਜਾਬ ਵਿਧਾਨ ਸਭਾ 'ਚ 'ਆਪ' ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ ਸੀਰੀਅਸ ਹੋਣ ਲਈ ਕਿਹਾ। ਉਨ੍ਹਾਂ ਕਿਹਾ ਕਿ ਹੜ੍ਹ ਆਉਣ ਦੇ 15 ਦਿਨਾਂ ਬਾਅਦ ਬਾਜਵਾ ਸਾਹਿਬ ਬੰਬੂਕਾਟ 'ਤੇ ਚੜ੍ਹ ਕੇ ਸੁਲਤਾਨਪੁਰ ਲੋਧੀ ਗਏ ਅਤੇ ਇਨ੍ਹਾਂ ਦੇ ਪੈਰ ਨੂੰ ਮਿੱਟੀ ਤੱਕ ਨਹੀਂ ਲੱਗੀ। ਇਸ 'ਤੇ ਫਿਰ ਇਕ ਵਾਰ ਪ੍ਰਤਾਪ ਸਿੰਘ ਬਾਜਵਾ ਭੜਕ ਗਏ। ਧਾਲੀਵਾਲ ਨੇ ਕਿਹਾ ਕਿ ਇਹ ਸਦਨ ਬਹੁਤ ਵੱਡੇ ਏਜੰਡੇ ਲਈ ਸੱਦਿਆ ਗਿਆ ਸੀ ਪਰ ਵਿਰੋਧੀ ਧਿਰ ਹਰ ਗੱਲ 'ਤੇ ਸਾਨੂੰ ਮਖੌਲ ਕਰਦੀ ਹੈ। ਉਨ੍ਹਾਂ ਕਿਹਾ ਕਿ ਅਜਨਾਲਾ ਸਰਹੱਦ ਦੇ ਉੱਤੇ ਹਨ ਅਤੇ ਅਸੀਂ ਜੰਗਾਂ ਅਤੇ ਹੜ੍ਹਾਂ ਦੀ ਮਾਰ ਝੱਲ ਰਹੇ ਹਾਂ।
ਇਹ ਵੀ ਪੜ੍ਹੋ : ਚੰਡੀਗੜ੍ਹ ਹਵਾਈ ਅੱਡਾ ਹੋਇਆ ਬੰਦ! ਜਹਾਜ਼ਾਂ 'ਚ ਸਫ਼ਰ ਕਰਨ ਵਾਲੇ ਲੋਕ ਦੇਣ ਧਿਆਨ
ਹੜ੍ਹ ਪੀੜਤ ਲੋਕ ਸਦਨ ਦੀ ਕਾਰਵਾਈ ਦੇਖ ਰਹੇ ਹਨ ਪਰ ਇੱਥੇ ਇਕ-ਦੂਜੇ 'ਤੇ ਦੋਸ਼ ਲਾਏ ਜਾ ਰਹੇ ਹਨ। ਧਾਲੀਵਾਲ ਨੇ ਕਿਹਾ ਕਿ ਅਜਨਾਲਾ ਦੇ ਪਿੰਡਾਂ 'ਚ ਹਜ਼ਾਰਾਂ ਏਕੜ ਜ਼ਮੀਨ ਰੇਤ 'ਚ ਡੁੱਬ ਗਈ ਹੈ ਅਤੇ ਉੱਥੇ ਮਾਰੂਥਲ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਜਿੰਨਾ ਮਰਜ਼ੀ ਮਜ਼ਾਕ ਉਡਾ ਲਵੇ, ਅਸੀਂ ਲੋਕਾਂ ਦੀ ਲੜਾਈ ਲੜਾਂਗੇ। ਉਨ੍ਹਾਂ ਕਿਹਾ ਕਿ 4 ਮਹੀਨੇ ਪਹਿਲਾਂ 'ਆਪਰੇਸ਼ਨ ਸਿੰਦੂਰ' ਦੌਰਾਨ ਸਾਡਾ ਉਜਾੜਾ ਹੋਇਆ ਸੀ ਪਰ ਹੁਣ ਹੜ੍ਹਾਂ ਕਾਰਨ ਸਭ ਕੁੱਝ ਰੁੜ੍ਹ ਗਿਆ ਪਰ ਲੀਡਰ ਇਸ ਕੰਮ ਨੂੰ ਪਏ ਹੋਏ ਹਨ ਕਿ ਵੋਟਾਂ ਕਿਵੇਂ ਬਣਨੀਆਂ ਹਨ।
ਉਨ੍ਹਾਂ ਕਿਹਾ ਕਿ ਹੜ੍ਹ ਪੀੜਤਾਂ ਨੂੰ ਕੌਣ ਮੁਆਵਜ਼ਾ ਦੇਵੇਗਾ। ਉਨ੍ਹਾਂ ਕਿਹਾ ਕਿ ਕੰਡਿਆਲੀ ਤਾਰ ਤੋਂ ਪਾਰ ਜਿੱਥੇ ਬੀ. ਐੱਸ. ਐੱਫ. ਦੇ ਗੇਟ ਲੱਗੇ ਹਨ, ਉੱਥੇ ਖੇਤਾਂ 'ਚ 7-7 ਫੁੱਟ ਰੇਤ ਚੜ੍ਹੀ ਹੋਈ ਹੈ ਅਤੇ ਉਹ ਕਿਵੇਂ ਉਤਰੇਗੀ, ਇਸ ਦਾ ਜਵਾਬ ਕੇਂਦਰ ਸਰਕਾਰ ਨੇ ਦੇਣਾ ਹੈ। ਧਾਲੀਵਾਲ ਨੇ ਕਿਹਾ ਕਿ ਲੋਕ ਰਾਵੀ ਦਰਿਆ 'ਚ ਦੱਬੇ ਟਰੈਕਟਰ ਕੱਢ ਰਹੇ ਹਨ। ਧਾਲੀਵਾਲ ਨੇ ਕਾਂਗਰਸ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਜਿਨ੍ਹਾਂ ਨੇ 75 ਸਾਲ ਦੇਸ਼ 'ਤੇ ਰਾਜ ਕੀਤਾ, ਅੱਜ ਉਹ ਕਿੱਥੇ ਗਏ, ਉਹ ਬੰਬੂਕਾਟਾਂ 'ਤੇ ਚੜ੍ਹ ਗਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8