ਪੁਲਸ ਮੁਲਾਜ਼ਮਾਂ ਲਈ ਆ ਗਏ ਸਖ਼ਤ ਹੁਕਮ! ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ
Saturday, Sep 20, 2025 - 09:50 AM (IST)

ਚੰਡੀਗੜ੍ਹ (ਗੰਭੀਰ) : ਪੁਲਸ ਮੁਲਾਜ਼ਮਾਂ ਲਈ ਸਖ਼ਤ ਹੁਕਮ ਜਾਰੀ ਹੋਏ ਹਨ। ਦਰਅਸਲ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸਖ਼ਤ ਰੁਖ਼ ਅਪਣਾਉਂਦਿਆਂ ਸਪੱਸ਼ਟ ਕੀਤਾ ਹੈ ਕਿ ਡਿਊਟੀ ਦੌਰਾਨ ਸ਼ਰਾਬ ਪੀ ਕੇ ਫੜ੍ਹੇ ਗਏ ਪੁਲਸ ਮੁਲਾਜ਼ਮ ਨਾਲ ਕੋਈ ਵੀ ਨਰਮੀ ਨਹੀਂ ਦਿਖਾਈ ਜਾ ਸਕਦੀ। ਅਦਾਲਤ ਨੇ ਕਿਹਾ ਕਿ ਵਰਦੀਧਾਰੀ ਬਲਾਂ 'ਚ ਅਨੁਸ਼ਾਸਨ ਸਭ ਤੋਂ ਉੱਪਰ ਹੈ ਤੇ ਅਜਿਹਾ ਵਿਵਹਾਰ ਗੰਭੀਰ ਦੁਰਵਿਵਹਾਰ ਦੇ ਬਰਾਬਰ ਹੈ, ਜੋ ਨਾ ਸਿਰਫ਼ ਅਣੱਉਚਿਤ ਹੈ, ਸਗੋਂ ਜਨਤਕ ਸ਼ਾਂਤੀ ਤੇ ਕਾਨੂੰਨ ਵਿਵਸਥਾ ਲਈ ਵੀ ਖ਼ਤਰਾ ਹੈ। ਸੱਤ ਸਾਲ ਪੁਰਾਣੇ ਇਕ ਮਾਮਲੇ ’ਚ ਫ਼ੈਸਲਾ ਸੁਣਾਉਂਦਿਆਂ ਜਸਟਿਸ ਹਰਸਿਮਰਨ ਸਿੰਘ ਸੇਠੀ ਤੇ ਵਿਕਾਸ ਸੂਰੀ ਦੇ ਡਿਵੀਜ਼ਨ ਬੈਂਚ ਨੇ ਕਿਹਾ ਕਿ ਕਾਂਸਟੇਬਲ ਦੀਆਂ ਦੋ ਤਨਖ਼ਾਹਾਂ ’ਚ ਵਾਧਾ ਰੋਕਣ ਦੀ ਸਜ਼ਾ ਨਾ ਤਾਂ ਸਖ਼ਤ ਸੀ ਅਤੇ ਨਾ ਹੀ ਅਨੁਪਾਤਕ ਸੀ।
ਇਹ ਵੀ ਪੜ੍ਹੋ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਦਿੱਤੀ ਵੱਡੀ ਰਾਹਤ, 8ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੇ...
ਬੈਂਚ ਨੇ ਟਿੱਪਣੀ ਕੀਤੀ ਕਿ ਜਦੋਂ ਪਟੀਸ਼ਨਕਰਤਾ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਜ਼ਿੰਮੇਵਾਰ ਇਕ ਪੁਲਸ ਅਧਿਕਾਰੀ ਹੈ, ਉਸ ਖ਼ਿਲਾਫ਼ ਦੋਸ਼ ਸਾਬਤ ਹੋਣ ਤੋਂ ਬਾਅਦ ਲਾਈ ਗਈ ਸਜ਼ਾ ਨੂੰ ਗ਼ੈਰ-ਵਾਜਬ ਨਹੀਂ ਮੰਨਿਆ ਜਾ ਸਕਦਾ। 2018 ਵਿਚ ਦਾਇਰ ਇਕ ਪਟੀਸ਼ਨ ’ਚ ਕਾਂਸਟੇਬਲ ਨੇ ਕੇਂਦਰੀ ਪ੍ਰਬੰਧਕੀ ਟ੍ਰਿਬਿਊਨਲ (ਕੈਟ), ਚੰਡੀਗੜ੍ਹ ਦੇ 4 ਅਕਤੂਬਰ 2017 ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਕੈਟ ਨੇ ਉਸ ਦੀ ਸਜ਼ਾ ਸਬੰਧੀ ਅਪੀਲ ਨੂੰ ਖ਼ਾਰਜ ਕਰ ਦਿੱਤਾ ਸੀ।
ਪਟੀਸ਼ਨ ਕਈ ਸਾਲਾਂ ਤੱਕ ਵੱਖ-ਵੱਖ ਬੈਂਚਾਂ ਸਾਹਮਣੇ ਲਟਕਦੀ ਰਹੀ ਪਰ ਅਖ਼ੀਰ ਵਿਚ ਇੱਕ ਹੀ ਸੁਣਵਾਈ ਵਿਚ ਇਸ ਦਾ ਨਿਪਟਾਰਾ ਕਰ ਦਿੱਤਾ ਗਿਆ। ਚੰਡੀਗੜ੍ਹ ਪ੍ਰਸ਼ਾਸਨ ਦੇ ਵਕੀਲ ਨੇ ਅਦਾਲਤ ਨੂੰ ਦੱਸਿਆ ਕਿ ਕਾਂਸਟੇਬਲ ਨੇ ਸ਼ਰਾਬ ਦੇ ਨਸ਼ੇ ਵਿਚ ਹੋਟਲ ਮਾਲਕ ਤੇ ਇਕ ਗਾਹਕ ਨਾਲ ਗ਼ਲਤ ਵਿਵਹਾਰ ਕੀਤਾ ਸੀ। ਮੈਡੀਕਲ ਰਿਪੋਰਟ ਨੇ ਵੀ ਉਸ ਦੇ ਨਸ਼ੇ ਦੀ ਪੁਸ਼ਟੀ ਕੀਤੀ ਸੀ। ਪਟੀਸ਼ਨਕਰਤਾ ਨੇ ਇਹ ਵੀ ਦਲੀਲ ਦਿੱਤੀ ਕਿ ਮੈਡੀਕਲ ਰਿਪੋਰਟ ਉਸ ਨੂੰ ਮੁਹੱਈਆ ਨਹੀਂ ਸੀ ਕਰਵਾਈ ਗਈ। ਅਦਾਲਤ ਨੇ ਕਿਹਾ ਕਿ ਉਸ ਨੇ ਇਹ ਇਤਰਾਜ਼ ਅਪੀਲ ਰਿਵੀਜ਼ਨਲ ਜਾਂ ਟ੍ਰਿਬੀਊਨਲ ਦੀ ਕਾਰਵਾਈ ਸਾਹਮਣੇ ਨਹੀਂ ਉਠਾਇਆ ਸੀ। ਹਾਈਕੋਰਟ ਵਿਚ ਪਹਿਲੀ ਵਾਰ ਇਹ ਦਲੀਲ ਸਵੀਕਾਰਯੋਗ ਨਹੀਂ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8