ਪਰਵਿੰਦਰ ਝੋਟੇ ਦੇ ਪਿਤਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗਿਆ ਇਨਸਾਫ਼: ਰਵਨੀਤ ਸਿੰਘ ਬਿੱਟੂ
Tuesday, Oct 13, 2026 - 08:05 PM (IST)
ਚੰਡੀਗੜ੍ਹ (ਅੰਕੁਰ): ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਦੇ ਸੀਨੀਅਰ ਆਗੂ ਰਵਨੀਤ ਸਿੰਘ ਬਿੱਟੂ ਨੂੰ ਮਾਨਸਾ ਪੁਲਸ ਨੇ ਉਸ ਸਮੇਂ ਹਿਰਾਸਤ ’ਚ ਲੈ ਲਿਆ, ਜਦੋਂ ਉਹ ਮਾਨਸਾ ਦੇ ਸਿਵਲ ਹਸਪਤਾਲ ’ਚ ਗੋਲੀਕਾਂਡ ਦੌਰਾਨ ਜ਼ਖ਼ਮੀ ਹੋਏ ਲੋਕਾਂ ਦਾ ਹਾਲ-ਚਾਲ ਜਾਣਨ ਪਹੁੰਚੇ ਸਨ। ਇਸ ਘਟਨਾ ’ਚ ਪਰਵਿੰਦਰ ਝੋਟਾ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ ਸੀ। ਇਸ ਘਟਨਾ ’ਤੇ ਡੂੰਘੇ ਦੁੱਖ ਅਤੇ ਰੋਸ ਦਾ ਪ੍ਰਗਟਾਵਾ ਕਰਦਿਆਂ ਬਿੱਟੂ ਨੇ ਪੰਜਾਬ ਸਰਕਾਰ ਨੂੰ ਆਮ ਨਾਗਰਿਕਾਂ ਦੀਆਂ ਜਾਨਾਂ ਦੀ ਸੁਰੱਖਿਆ ਕਰਨ ’ਚ ਨਾਕਾਮ ਰਹਿਣ ਲਈ ਜ਼ਿੰਮੇਵਾਰ ਠਹਿਰਾਇਆ।
ਬਿੱਟੂ ਨੇ ਕਿਹਾ ਕਿ ਪਰਵਿੰਦਰ ਝੋਟਾ ਨੇ ਖੁੱਲ੍ਹ ਕੇ ਨਸ਼ਾ ਤਸਕਰੀ ਵਿਰੁੱਧ ਆਵਾਜ਼ ਉਠਾਈ ਸੀ ਅਤੇ ਨਸ਼ਾ ਤਸਕਰਾਂ ਖ਼ਿਲਾਫ਼ ਮੁਹਿੰਮ ਛੇੜਨ ਦਾ ਐਲਾਨ ਕੀਤਾ ਸੀ। ਇਸ ਮੁਹਿੰਮ ਨਾਲ ਜੁੜੇ ਸੰਭਾਵੀ ਖ਼ਤਰਿਆਂ ਦੇ ਬਾਵਜੂਦ ਗੰਭੀਰ ਸਵਾਲ ਇਹ ਹੈ ਕਿ ਉਨ੍ਹਾਂ ਨੂੰ ਲੋੜੀਂਦੀ ਸੁਰੱਖਿਆ ਕਿਉਂ ਨਹੀਂ ਦਿੱਤੀ ਗਈ ਅਤੇ ਨਸ਼ਿਆਂ ਦੇ ਕਾਰੋਬਾਰ ਵਿਚ ਕਥਿਤ ਤੌਰ ’ਤੇ ਸ਼ਾਮਲ ਲੋਕਾਂ ਵਿਰੁੱਧ ਪ੍ਰਸ਼ਾਸਨ ਪ੍ਰਭਾਵਸ਼ਾਲੀ ਕਾਰਵਾਈ ਕਰਨ ਵਿਚ ਕਿਉਂ ਨਾਕਾਮ ਰਿਹਾ।
ਸਾਬਕਾ ਕੇਂਦਰੀ ਮੰਤਰੀ ਨੇ ਇਸ ਗੱਲ ’ਤੇ ਵੀ ਹੈਰਾਨੀ ਪ੍ਰਗਟਾਈ ਕਿ ਅਜਿਹੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ਕਿ ਤਿੰਨ ਜ਼ਿਲ੍ਹਿਆਂ ਲਈ ਸਿਰਫ਼ ਇਕ ਮੈਡੀਕਲ ਇੰਸਪੈਕਟਰ ਤਾਇਨਾਤ ਹੈ। ਉਨ੍ਹਾਂ ਸਵਾਲ ਕੀਤਾ ਕਿ ਜਦ ਕਥਿਤ ਤੌਰ ’ਤੇ ਲੋੜੀਂਦਾ ਇਨਫੋਰਸਮੈਂਟ ਸਟਾਫ਼ ਹੀ ਪੂਰਾ ਨਹੀਂ ਹੈ, ਤਾਂ ਸਰਕਾਰ ਨਸ਼ਿਆਂ ਦੇ ਕਾਰੋਬਾਰ ’ਤੇ ਪ੍ਰਭਾਵਸ਼ਾਲੀ ਢੰਗ ਨਾਲ ਰੋਕ ਕਿਵੇਂ ਲਗਾਏਗੀ। ਉਨ੍ਹਾਂ ਨੇ ਪੰਜਾਬ ਸਰਕਾਰ ਤੋਂ ਇਸ ਸਬੰਧੀ ਸਪੱਸ਼ਟੀਕਰਨ ਮੰਗਿਆ ਅਤੇ ਸਿਹਤ ਵਿਭਾਗ ਤੇ ਸਿਹਤ ਮੰਤਰੀ ਦੀ ਜਵਾਬਦੇਹੀ ’ਤੇ ਵੀ ਸਵਾਲ ਉਠਾਏ।
ਬਿੱਟੂ ਨੇ ਕਿਹਾ ਕਿ ਜੇਕਰ ਨਸ਼ਿਆਂ ਦੀ ਸ਼ਰੇਆਮ ਵਿਕਰੀ ਸਬੰਧੀ ਵਾਰ-ਵਾਰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਸਨ ਤਾਂ ਪ੍ਰਸ਼ਾਸਨ ਪ੍ਰਭਾਵਸ਼ਾਲੀ ਕਾਰਵਾਈ ਕਰਨ ’ਚ ਅਸਮਰੱਥ ਕਿਉਂ ਰਿਹਾ? ਜਦੋਂ ਲੋਕ ਖੁੱਲ੍ਹੇਆਮ ਇਸ ਗੰਭੀਰ ਸਮੱਸਿਆ ਵੱਲ ਧਿਆਨ ਦਿਵਾ ਰਹੇ ਸਨ ਤਾਂ ਕਾਰਵਾਈ ਕਰਨ ਵਾਲੀ ਸਰਕਾਰੀ ਮਸ਼ੀਨਰੀ ਕਿੱਥੇ ਸੀ? ਸਰਕਾਰ ਨੂੰ ਦੱਸਣਾ ਚਾਹੀਦਾ ਹੈ ਕਿ ਨਸ਼ਾ ਤਸਕਰੀ ਵਿਰੁੱਧ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਧਮਕੀਆਂ ਮਿਲਣ ਦੇ ਬਾਵਜੂਦ ਲੋੜੀਂਦੀ ਸੁਰੱਖਿਆ ਕਿਉਂ ਨਹੀਂ ਦਿੱਤੀ ਗਈ।
ਉਨ੍ਹਾਂ ਨੇ ਪੁਲਸ ਵੱਲੋਂ ਕਥਿਤ ਤੌਰ ’ਤੇ ਗੋਲੀਕਾਂਡ ਨੂੰ ਨਿੱਜੀ ਰੰਜਿਸ਼ ਦਾ ਨਤੀਜਾ ਦੱਸੇ ਜਾਣ ’ਤੇ ਵੀ ਸਵਾਲ ਉਠਾਇਆ ਤੇ ਕਿਹਾ ਕਿ ਪੂਰੀ ਜਾਂਚ ਤੋਂ ਪਹਿਲਾਂ ਇਸ ਤਰ੍ਹਾਂ ਦਾ ਨਤੀਜਾ ਕੱਢਣਾ ਠੀਕ ਨਹੀਂ ਹੈ। ਬਿੱਟੂ ਨੇ ਕਿਹਾ ਕਿ ਨਿਰਪੱਖ ਤੇ ਵਿਆਪਕ ਜਾਂਚ ਤੋਂ ਬਿਨਾਂ ਪੁਲਸ ਨਿੱਜੀ ਰੰਜਿਸ਼ ਦਾ ਨਤੀਜਾ ਕਿਵੇਂ ਕੱਢ ਸਕਦੀ ਹੈ? ਮਾਮਲੇ ਦੇ ਹਰ ਪਹਿਲੂ ਦੀ ਜਾਂਚ ਹੋਣੀ ਚਾਹੀਦੀ ਹੈ, ਜਿਸ ’ਚ ਇਹ ਸੰਭਾਵਨਾ ਵੀ ਸ਼ਾਮਲ ਹੈ ਕਿ ਇਸ ਘਟਨਾ ਦਾ ਨਸ਼ਿਆਂ ਦੇ ਕਾਰੋਬਾਰ ਨਾਲ ਕੋਈ ਸਬੰਧ ਹੈ ਜਾਂ ਨਹੀਂ। ਜਾਂਚ ਨਿਰਪੱਖ, ਤੱਥਾਂ ਤੇ ਸਬੂਤਾਂ ’ਤੇ ਆਧਾਰਤ ਤੇ ਸਿਆਸੀ ਦਬਾਅ ਤੋਂ ਮੁਕਤ ਹੋਣੀ ਚਾਹੀਦੀ ਹੈ।
ਬਿੱਟੂ ਨੇ ਇਹ ਵੀ ਦੱਸਿਆ ਕਿ ਪਰਵਿੰਦਰ ਝੋਟਾ ਦੇ ਪਿਤਾ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਇਸ ਮਾਮਲੇ ’ਚ ਦਖ਼ਲ ਦੇਣ ਅਤੇ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਦੀ ਅਪੀਲ ਕੀਤੀ ਹੈ। ਬਿੱਟੂ ਨੇ ਕਿਹਾ ਕਿ ਝੋਟੇ ਦੇ ਪਿਤਾ ਨੇ ਕਿਹਾ ਕਿ ਹੁਣ ਇਹ ਲੋਕ ਕਿੱਧਰੇ ਮੇਰੇ ਪੋਤੇ ਨੂੰ ਨਾ ਮਾਰ ਦੇਣ। ਬਿੱਟੂ ਨੇ ਕਿਹਾ ਕਿ ਜਦੋਂ ਉਹ ਖ਼ੁਦ ਸਿਵਲ ਹਸਪਤਾਲ ਵਿਚ ਜ਼ਖ਼ਮੀਆਂ ਨੂੰ ਮਿਲਣ ਅਤੇ ਉਨ੍ਹਾਂ ਦਾ ਹਾਲ-ਚਾਲ ਜਾਣਨ ਪਹੁੰਚੇ, ਤਾਂ ਉੱਥੇ ਸਰਕਾਰ ਦਾ ਕੋਈ ਵੀ ਨੁਮਾਇੰਦਾ ਪ੍ਰਭਾਵਿਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਣ ਜਾਂ ਉਨ੍ਹਾਂ ਦੀ ਮਦਦ ਕਰਨ ਲਈ ਮੌਜੂਦ ਨਹੀਂ ਸੀ। ਬਿੱਟੂ ਨੇ ਕਿਹਾ ਕਿ ਇਹ ਬੇਹੱਦ ਮੰਦਭਾਗੀ ਗੱਲ ਹੈ ਕਿ ਜ਼ਖ਼ਮੀ ਨਾਗਰਿਕਾਂ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚੇ ਇਕ ਸੀਨੀਅਰ ਜਨਤਕ ਨੁਮਾਇੰਦੇ ਨੂੰ ਪੁਲਸ ਹਿਰਾਸਤ ’ਚ ਲੈ ਲੈਂਦੀ ਹੈ। ਮੇਰਾ ਮਕਸਦ ਪੀੜਤਾਂ ਨੂੰ ਮਿਲਣਾ, ਉਨ੍ਹਾਂ ਦੀ ਹਾਲਤ ਬਾਰੇ ਜਾਣਕਾਰੀ ਲੈਣਾ ਤੇ ਪ੍ਰਸ਼ਾਸਨ ਤੋਂ ਜਵਾਬ ਮੰਗਣਾ ਸੀ। ਪਰ ਲੋਕਾਂ ਦੀਆਂ ਚਿੰਤਾਵਾਂ ਦਾ ਹੱਲ ਕਰਨ ਦੀ ਬਜਾਏ ਸਰਕਾਰ ਸਵਾਲ ਉਠਾਉਣ ਵਾਲਿਆਂ ਨੂੰ ਰੋਕਣ ’ਚ ਵਧੇਰੇ ਦਿਲਚਸਪੀ ਦਿਖਾ ਰਹੀ ਹੈ।
ਬਿੱਟੂ ਨੇ ਗੋਲੀਕਾਂਡ ਦੀ ਡੂੰਘਾਈ ਨਾਲ ਅਤੇ ਨਿਰਪੱਖ ਜਾਂਚ ਕਰਵਾਉਣ, ਪ੍ਰਸ਼ਾਸਨਿਕ ਲਾਪਰਵਾਹੀ ਸਾਹਮਣੇ ਆਉਣ ’ਤੇ ਜਵਾਬਦੇਹੀ ਤੈਅ ਕਰਨ, ਨਸ਼ਾ ਤਸਕਰਾਂ ਵਿਰੁੱਧ ਪ੍ਰਭਾਵਸ਼ਾਲੀ ਕਾਰਵਾਈ ਕਰਨ ਅਤੇ ਨਸ਼ਿਆਂ ਵਿਰੁੱਧ ਮੁਹਿੰਮ ਚਲਾਉਣ ਕਾਰਨ ਖ਼ਤਰੇ ਦਾ ਸਾਹਮਣਾ ਕਰ ਰਹੇ ਵਿਅਕਤੀਆਂ ਦੀ ਸੁਰੱਖਿਆ ਵਿਵਸਥਾ ਦੀ ਵਿਆਪਕ ਸਮੀਖਿਆ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ, ਜਵਾਬਦੇਹੀ ਅਤੇ ਇਨਸਾਫ਼ ਚਾਹੀਦਾ ਹੈ—ਸਰਕਾਰ ਤੋਂ ਸਵਾਲ ਪੁੱਛਣ ’ਤੇ ਡਰਾਉਣ-ਧਮਕਾਉਣ ਦੀ ਕਾਰਵਾਈ ਨਹੀਂ।
