ਨਸ਼ੇ ਦੇ ਮਾਮਲੇ ਸੀ.ਬੀ.ਆਈ. ਨੂੰ ਸੌਂਪਣ ਤੋਂ ਕਿਉਂ ਡਰਦੇ ਨੇ ਮੁੱਖ ਮੰਤਰੀ : ਅਸ਼ਵਨੀ ਸ਼ਰਮਾ
Friday, Oct 23, 2026 - 08:21 PM (IST)
ਚੰਡੀਗੜ੍ਹ- ਪੰਜਾਬ ਭਾਜਪਾ ਦੇ ਸਾਬਕਾ ਸੂਬਾ ਪ੍ਰਧਾਨ ਅਤੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਤੋਂ ਸਵਾਲ ਪੁੱਛਿਆ ਹੈ ਕਿ ਜੇਕਰ ਪੰਜਾਬ ਵਿਚ ਨਸ਼ਾ ਗੁਜਰਾਤ ਜਾਂ ਕੌਮਾਂਤਰੀ ਸਰਹੱਦ ਪਾਰੋਂ ਹੀ ਆ ਰਿਹਾ ਹੈ, ਤਾਂ ਨਸ਼ੇ ਨਾਲ ਸਬੰਧਤ ਮਾਮਲਿਆਂ ਦੀ ਜਾਂਚ ਸੀ.ਬੀ.ਆਈ. ਅਤੇ ਐੱਨ.ਆਈ.ਏ. ਹਵਾਲੇ ਕਰ ਦਿਓ, ਨਸ਼ਿਆਂ ਦੇ ਕੇਸਾਂ ਦੀ ਸੀ.ਬੀ.ਆਈ. ਜਾਂਚ ਤੋਂ ਤੁਹਾਨੂੰ ਡਰ ਕਿਉਂ ਹੈ। ਉਨ੍ਹਾਂ ਨੇ ਪਰਵਿੰਦਰ ਝੋਟਾ ਦੇ ਨਾਲ-ਨਾਲ ਗੁਲਜ਼ਾਰ ਸਿੰਘ ਅਤੇ ਬਿਕਰਮਜੀਤ ਸਿੰਘ ਦੇ ਕੇਸ ਵੀ ਸੀ.ਬੀ.ਆਈ. ਹਵਾਲੇ ਕਰਨ ਦੀ ਗੱਲ ਕਹੀ ਤਾਂ ਜੋ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕੇ।
ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੇਂਦਰ ਸਰਕਾਰ ਉੱਤੇ ਨਸ਼ਿਆਂ ਦੇ ਮੁੱਦੇ ਨੂੰ ਲੈ ਕੇ ਚੁੱਕੇ ਗਏ ਸਵਾਲ ਉੱਤੇ ਪਲਟਵਾਰ ਕਰਦਿਆਂ ਉਨ੍ਹਾਂ ਕਿਹਾ ਕੇਂਦਰ ਸਰਕਾਰ ਉੱਤੇ ਚਿੱਕੜ ਸੁੱਟ ਕੇ ਛੁਟਕਾਰਾ ਨਹੀਂ ਹੋਣਾ, ਸਗੋਂ ਨਸ਼ਾ, ਗੈਂਗਸਟਰਵਾਦ ਅਤੇ ਭ੍ਰਿਸ਼ਟਾਚਾਰ ਨੂੰ ਰੋਕਣ ਵਿੱਚ ਤੁਹਾਨੂੰ ਆਪਣੀਆਂ ਨਾਕਾਮੀਆਂ ਦਾ ਪੰਜਾਬ ਦੇ ਲੋਕਾਂ ਨੂੰ ਜਵਾਬ ਦੇਣਾ ਪੈਣਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਮੁੱਖ ਮੰਤਰੀ ਗੁਜਰਾਤ ਵਿਚ ਨਸ਼ੀਲੇ ਪਦਾਰਥਾਂ ਦੀ ਬਰਾਮਦਗੀ ਅਤੇ ਬੰਦਰਗਾਹਾਂ ਰਾਹੀਂ ਹੋ ਰਹੀ ਤਸਕਰੀ ਬਾਰੇ ਸਵਾਲ ਉਠਾ ਰਹੇ ਹਨ, ਤਾਂ ਉਨ੍ਹਾਂ ਨੂੰ ਸਿੱਧਾ ਜਵਾਬ ਦੇਣਾ ਚਾਹੀਦਾ ਹੈ ਪੰਜਾਬ ਵਿਚ ਘਰ-ਘਰ ਚਿੱਟੇ ਦੀਆਂ ਪੁੜੀਆਂ ਕਿਵੇਂ ਪਹੁੰਚ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਡਰੋਨ ਸਿਸਟਮ ਨੂੰ ਕੰਟਰੋਲ ਕਰਨ ਵਾਲੇ ਪੰਜਾਬ ਪੁਲਸ ਦੇ ਇਕ ਸਿਪਾਹੀ ਕਰਨਦੀਪ ਨੂੰ 15 ਕਿੱਲੋ ਹੈਰੋਇਨ ਸਮੇਤ ਬੀ.ਐਸ.ਐੱਫ. ਨੇ ਕਾਬੂ ਕੀਤਾ ਹੈ। ਮੁੱਖ ਮੰਤਰੀ ਦੱਸਣ ਕਿ ਪੰਜਾਬ ਪੁਲਸ, ਡਰੱਗ ਤਸਕਰਾਂ ਨਾਲ ਗਠਜੋੜ ਤੋੜਨ ਲਈ ਸਰਕਾਰ ਨੇ ਕੀ ਕਾਰਵਾਈ ਕੀਤੀ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪਾਰਦਰਸ਼ਤਾ, ਜਵਾਬਦੇਹੀ ਅਤੇ ਨਿਰਪੱਖ ਜਾਂਚ ਲਾਜ਼ਮੀ ਹੈ। ਸਰਕਾਰ ਨੂੰ ਸਿਆਸੀ ਬਿਆਨਾਂ ਦੀ ਬਜਾਏ ਠੋਸ ਨਤੀਜਿਆਂ ਰਾਹੀਂ ਆਪਣੀ ਵਚਨਬੱਧਤਾ ਸਾਬਤ ਕਰਨੀ ਚਾਹੀਦੀ ਹੈ।
