‘ਮੁੱਖ ਮੰਤਰੀ ਜੀ, ਜੇ ਪੰਜਾਬ ''ਚ ਨਸ਼ਾ ਨਹੀਂ ਤਾਂ ਯੁੱਧ ਕਿਸ ਵਿਰੁੱਧ ਲੜ ਰਹੇ ਹੋ’: ਵਿਜੇ ਸਾਂਪਲਾ

Friday, Oct 16, 2026 - 10:50 PM (IST)

‘ਮੁੱਖ ਮੰਤਰੀ ਜੀ, ਜੇ ਪੰਜਾਬ ''ਚ ਨਸ਼ਾ ਨਹੀਂ ਤਾਂ ਯੁੱਧ ਕਿਸ ਵਿਰੁੱਧ ਲੜ ਰਹੇ ਹੋ’: ਵਿਜੇ ਸਾਂਪਲਾ

ਚੰਡੀਗੜ੍ਹ (ਅੰਕੁਰ) - ਸੀਨੀਅਰ ਭਾਜਪਾ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਨੇ ਪੰਜਾਬ ਵਿਚ ਨਸ਼ਿਆਂ ਦੀ ਸਮੱਸਿਆ ਨੂੰ ਲੈ ਕੇ ਮੁੱਖ ਮੰਤਰੀ ਵੱਲੋਂ ਫਿਲੌਰ ਵਿਚ ਕੀਤੀ ਗਈ ਉੱਚ ਪੱਧਰੀ ਬੈਠਕ ਨੂੰ ਮੁੱਖ ਮੰਤਰੀ ਭਗਵੰਤ ਮਾਨ ਦਾ ਇਕਪਾਸੜ ਪ੍ਰਵਚਨ ਕਰਾਰ ਦਿੱਤਾ ਹੈ।

ਸਾਂਪਲਾ ਨੇ ਮੀਟਿੰਗ ’ਤੇ ਸਵਾਲ ਖੜ੍ਹੇ ਕਰਦਿਆਂ ਕਿਹਾ ਕਿ ਮੀਟਿੰਗ ਵਿਚ ਨਸ਼ਿਆਂ ਦੇ ਮੁੱਦੇ ’ਤੇ ਕੋਈ ਠੋਸ ਚਰਚਾ ਕਰਨ ਦੀ ਬਜਾਏ ਚੁਟਕਲਿਆਂ ਤੇ ਸ਼ੇਅਰੋ-ਸ਼ਾਇਰੀ ਨਾਲ ਗੱਲ ਨਿਬੇੜਨ ਦੀ ਕੋਸ਼ਿਸ ਕੀਤੀ ਗਈ। ਉਨ੍ਹਾਂ ਮੰਗ ਕੀਤੀ ਕਿ ਮੁੱਖ ਮੰਤਰੀ ਨੈਤਿਕ ਜ਼ਿੰਮੇਵਾਰੀ ਲੈਂਦਿਆਂ ਤੁਰੰਤ ਅਸਤੀਫ਼ਾ ਦੇਣ, ਨਹੀਂ ਤਾਂ ਪੰਜਾਬ ਦੇ ਲੋਕ ਉਨ੍ਹਾਂ ਨੂੰ ਸੱਤਾ ਤੋਂ ਬਾਹਰ ਕਰ ਦੇਣਗੇ।

ਸਾਂਪਲਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ’ਚ ਇੰਨਾ ਜ਼ਿਆਦਾ ਨਸ਼ਾ ਨਹੀਂ ਹੈ ਜਿੰਨਾ ਬਦਨਾਮ ਕੀਤਾ ਜਾ ਰਿਹਾ ਹੈ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸੂਬੇ ਵਿਚ ਨਸ਼ੇ ਦੀ ਵੱਡੀ ਸਮੱਸਿਆ ਨਹੀਂ ਹੈ ਤਾਂ ਫਿਰ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਕਿਸ ਖ਼ਿਲਾਫ਼ ਚਲਾਈ ਜਾ ਰਹੀ ਹੈ ਅਤੇ ਸਰਕਾਰ ਨੂੰ ਇਨ੍ਹਾਂ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ।

ਮੁੱਖ ਮੰਤਰੀ ’ਤੇ ਤੰਜ ਕੱਸਦਿਆਂ ਸਾਂਪਲਾ ਨੇ ਕਿਹਾ ਕਿ ਮੁੱਖ ਮੰਤਰੀ ਰਸੋਈ ਵਿਚ ਫੁਲਕੇ ਨੂੰ ਜ਼ਿਆਦਾ ਸੇਕ ਲੱਗਣ ’ਤੇ ਵੀ ਨਰਿੰਦਰ ਮੋਦੀ ਸਰਕਾਰ ਵੱਲ ਉਂਗਲ ਚੁੱਕਦੇ ਹਨ ਅਤੇ ਉਨ੍ਹਾਂ ਨੂੰ ਸੁਪਨਿਆਂ ਵਿਚ ਵੀ ਅਮਿਤ ਸ਼ਾਹ ਹੀ ਨਜ਼ਰ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪਰਵਿੰਦਰ ਝੋਟਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਬਣੀ ਸਾਂਝੀ ਇਨਸਾਫ਼ ਕਮੇਟੀ ਵੀ ਮੁੱਖ ਮੰਤਰੀ ਅਤੇ ਡੀ. ਜੀ. ਪੀ. ਦੇ ਅਸਤੀਫ਼ਿਆਂ ਦੀ ਮੰਗ ਕਰ ਰਹੀ ਹੈ।


author

Inder Prajapati

Content Editor

Related News