ਪੰਜਾਬ ਦੀਆਂ ਅਦਾਲਤਾਂ 'ਚ ਹੁਣ ਆਸਾਨੀ ਨਾਲ ਨਹੀਂ ਮਿਲੇਗੀ 'ਜ਼ਮਾਨਤ', ਸਖ਼ਤ ਕੀਤੀ ਗਈ ਪ੍ਰਕਿਰਿਆ
Wednesday, Nov 02, 2022 - 11:32 AM (IST)
ਲੁਧਿਆਣਾ (ਪੰਕਜ) : ਅਦਾਲਤਾਂ ਵੱਲੋਂ ਜ਼ਮਾਨਤ ਲਈ ਦਿੱਤੇ ਜਾਣ ਵਾਲੇ ਪ੍ਰਾਪਰਟੀ ਦਸਤਾਵੇਜ਼ਾਂ ਦਾ ਸੱਚ ਜਾਣਨ ਲਈ ਰੈਵੇਨਿਊ ਵਿਭਾਗ ਨੂੰ ਭੇਜੇ ਜਾਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਤਰ੍ਹਾਂ ਜ਼ਮਾਨਤੀਆਂ ਦਾ ਸੱਚ ਸਾਹਮਣੇ ਆ ਜਾਣ ਦੀ ਮੁਹਿੰਮ ਨੇ ਗੋਲੂ ਗਵਾਹਾਂ ’ਚ ਹਫੜਾ-ਦਫੜੀ ਮਚਾ ਦਿੱਤੀ ਹੈ। ਦੱਸ ਦੇਈਏ ਕਿ ਕੋਰਟ ਕੰਪਲੈਕਸ ’ਚ ਅਰਸੇ ਤੋਂ ਇਕ ਅਜਿਹਾ ਮਾਫ਼ੀਆ ਸਰਗਰਮ ਰਿਹਾ ਹੈ, ਜੋ ਚੰਦ ਰੁਪਏ ਲੈ ਕੇ ਜੇਲ੍ਹਾਂ ’ਚ ਬੰਦ ਖ਼ਤਰਨਾਕ ਅਪਰਾਧੀਆਂ ਦੀਆਂ ਜ਼ਮਾਨਤਾਂ ਕਰਵਾਉਣ ਦਾ ਕੰਮ ਕਰਦਾ ਆ ਰਿਹਾ ਹੈ। ਕਈ ਵਾਰ ਅਜਿਹੇ ਅਪਰਾਧੀਆਂ ਖ਼ਿਲਾਫ਼ ਅਦਾਲਤ ਦੇ ਹੁਕਮਾਂ ’ਤੇ ਪੁਲਸ ਬਾਕਾਇਦਾ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਵੀ ਕਰਦੀ ਰਹੀ ਹੈ ਪਰ ਕੋਰਟ ਕੰਪਲੈਕਸ ਕਦੇ ਵੀ ਪੂਰੀ ਤਰ੍ਹਾਂ ਇਸ ਮਾਫ਼ੀਆ ਦੇ ਚੁੰਗਲ ’ਚੋਂ ਆਜ਼ਾਦ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ : ਪੰਜਾਬ ਦੇ ਕੈਮਿਸਟ ਹੁਣ ਹੋ ਜਾਣ ਸਾਵਧਾਨ! ਸਖ਼ਤ ਐਕਸ਼ਨ ਲੈਣ ਜਾ ਰਹੀ ਪੰਜਾਬ ਪੁਲਸ
ਇੱਕ ਹੀ ਰਜਿਸਟਰੀ ਜਾਂ ਫ਼ਰਦ ’ਤੇ ਵੱਖ-ਵੱਖ ਅਦਾਲਤਾਂ ’ਚ ਜ਼ਮਾਨਤਾਂ ਭਰਨ ਵਾਲੇ ਇਸ ਮਾਫ਼ੀਆ 'ਚ ਕਈ ਔਰਤਾਂ ਵੀ ਸ਼ਾਮਲ ਹਨ। ਅਪਰਾਧੀਆਂ ਨੂੰ ਚੰਦ ਰੁਪਏ ਲੈ ਕੇ ਫ਼ਰਜ਼ੀ ਦਸਤਾਵੇਜ਼ਾਂ ਦੀ ਮਦਦ ਨਾਲ ਜ਼ਮਾਨਤ ਦੁਆਉਣ ਵਾਲਾ ਉਕਤ ਮਾਫ਼ੀਆ ਸਮਾਜ ਲਈ ਖ਼ਤਰਨਾਕ ਬਣਿਆ ਹੋਇਆ ਹੈ। ਇਸ ਗੱਲ ਦਾ ਅੰਦਾਜ਼ਾ ਇਸੇ ਤੋਂ ਲਾਇਆ ਜਾ ਸਕਦਾ ਹੈ ਕਿ ਇਨ੍ਹਾਂ ਦੀ ਮਦਦ ਨਾਲ ਜ਼ਮਾਨਤ ਲੈ ਕੇ ਜੇਲ੍ਹ ਤੋਂ ਬਾਹਰ ਆਉਣ ਵਾਲੇ ਕਈ ਸ਼ਾਤਰ ਅਪਰਾਧੀ ਪੈਰੋਲ ਜੰਪ ਕਰ ਚੁੱਕੇ ਹਨ। ਲਗਾਤਾਰ ਮਿਲ ਰਹੀਆਂ ਸ਼ਿਕਾਇਤਾਂ ਤੋਂ ਬਾਅਦ ਹਾਲਾਂਕਿ ਅਦਾਲਤਾਂ ਵੱਲੋਂ ਜ਼ਮਾਨਤ ਦੀ ਪ੍ਰਕਿਰਿਆ ਕਾਫ਼ੀ ਸਖ਼ਤ ਕਰ ਦਿੱਤੀ ਸੀ। ਬਾਵਜੂਦ ਇਸ ਦੇ ਗੋਲੂ ਗਵਾਹਾਂ ਦੀ ਸਰਗਰਮੀ ਖ਼ਤਮ ਹੁੰਦੀ ਨਜ਼ਰ ਨਹੀਂ ਆ ਰਹੀ ਸੀ। ਇਸ ਕਾਰਨ ਅਦਾਲਤਾਂ ਵੱਲੋਂ ਹੁਣ ਜ਼ਿਆਦਾਤਰ ਮਾਮਲਿਆਂ ’ਚ ਕਿਸੇ ਵੀ ਵਿਅਕਤੀ ਦੀ ਜ਼ਮਾਨਤ ਨਾਲ ਲਗਾਏ ਜਾਣ ਵਾਲੇ ਪ੍ਰਾਪਰਟੀ ਦੇ ਦਸਤਾਵੇਜ਼ਾਂ ਜਾਂ ਫ਼ਰਦ ਨੂੰ ਸਿੱਧਾ ਮਨਜ਼ੂਰ ਕਰਨ ਦੀ ਬਜਾਏ ਪਹਿਲਾਂ ਰੈਵੇਨਿਊ ਵਿਭਾਗ ਕੋਲ ਭੇਜ ਕੇ ਇਸ ਦੇ ਸੱਚ ਸਬੰਧੀ ਰਿਪੋਰਟ ਲੈਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ : ਹੁਸ਼ਿਆਰਪੁਰ ਅਦਾਲਤ 'ਚ ਬਾਦਲਾਂ ਖ਼ਿਲਾਫ਼ ਚੱਲ ਰਹੇ ਕੇਸ 'ਤੇ ਸੁਪਰੀਮ ਕੋਰਟ ਨੇ ਲਾਈ ਰੋਕ
ਇਸ ਦੀ ਪੁਸ਼ਟੀ ਕਰਦਿਆਂ ਸਦਰ ਕਾਨੂੰਨਗੋ ਰਜਿੰਦਰ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਕੋਲ ਅਦਾਲਤ ਵੱਲੋਂ ਜਿਨ੍ਹਾਂ ਦਸਤਾਵੇਜ਼ਾਂ ਦਾ ਸੱਚ ਜਾਣਨ ਲਈ ਭੇਜਿਆ ਜਾਂਦਾ ਹੈ, ਉਹ ਸਬੰਧਿਤ ਪਟਵਾਰੀ ਤੋਂ ਉਸ ਦੀ ਰਿਪੋਰਟ ਲੈ ਕੇ ਅਦਾਲਤ ’ਚ ਭੇਜ ਦਿੰਦੇ ਹਨ। ਇੰਨਾ ਹੀ ਨਹੀਂ, ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਕਈ ਕੇਸਾਂ ’ਚ ਉਨ੍ਹਾਂ ਕੋਲ ਜੋ ਪ੍ਰਾਪਰਟੀ ਦੀਆਂ ਫ਼ਰਦਾਂ ਭੇਜੀਆਂ ਗਈਆਂ ਹਨ, ਉਹ ਜਾਂਚ ’ਚ ਫਰਜ਼ੀ ਨਿਕਲੀਆਂ ਹਨ। ਅਜਿਹਾ ਲੱਗਦਾ ਹੈ ਕਿ ਜਾਅਲੀ ਜ਼ਮਾਨਤ ਦੇਣ ਵਾਲਾ ਮਾਫ਼ੀਆ ਫਰਦ ਫਾਰਮ ਨੂੰ ਖ਼ੁਦ ਹੀ ਭਰ ਕੇ ਅਤੇ ਉਸ ਪਟਵਾਰੀ ਦੇ ਜਾਅਲੀ ਸਾਈਨ ਕਰ ਰਹੇ ਹਨ। ਅਜਿਹੇ ਵਿਚ ਕਈ ਮਾਮਲੇ ਹੁਣ ਤੱਕ ਸਾਹਮਣੇ ਆ ਚੁੱਕੇ ਹਨ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ