ਭੀਮ ਕਤਲਕਾਂਡ ’ਚ ਸਜ਼ਾ ਕੱਟ ਰਹੇ ਧਨਰਾਜ ਨੂੰ ਮਿਲੀ ਜ਼ਮਾਨਤ

Saturday, Nov 13, 2021 - 11:05 AM (IST)

ਭੀਮ ਕਤਲਕਾਂਡ ’ਚ ਸਜ਼ਾ ਕੱਟ ਰਹੇ ਧਨਰਾਜ ਨੂੰ ਮਿਲੀ ਜ਼ਮਾਨਤ

ਅਬੋਹਰ (ਰਹੇਜਾ): ਬਹੁਚਰਚਿਤ ਭੀਮ ਟਾਂਕ ਕਤਲਕਾਂਡ ’ਚ ਸਜ਼ਾ ਭੁਗਤ ਰਹੇ ਦੋਸ਼ੀ ਧਨਰਾਜ ਉਰਫ ਧੰਨਾ ਪੁੱਤਰ ਕ੍ਰਿਸ਼ਨ ਕੁਮਾਰ ਵਾਸੀ ਪਿੰਡ ਡੰਗਰਖੇੜਾ ਦੀ ਜ਼ਮਾਨਤ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮਨਜ਼ੂਰ ਕਰ ਲਈ ਹੈ। ਜ਼ਿਕਰਯੋਗ ਹੈ ਕਿ 11 ਦਸੰਬਰ 2015 ਨੂੰ ਸ਼ਿਵ ਲਾਲ ਡੋਡਾ ਦੇ ਰਾਮਸਰਾ ਵਿਖੇ ਫਾਰਮ ਹਾਊਸ ਵਿਚ ਕੁਝ ਲੋਕਾਂ ਨੇ ਪੁਰਾਣੀ ਰੰਜਿਸ਼ ਦੇ ਕਾਰਨ ਭੀਮ ਟਾਂਕ ਅਤੇ ਉਸ ਦੇ ਸਾਥੀ ਗੁਰਜੰਟ ਸਿੰਘ ਜੰਟਾ ਨੂੰ ਤੇਜ਼ਧਾਰ ਹਥਿਆਰਾਂ ਨਾਲ ਵੱਢ ਕੇ ਫੱਟੜ ਕਰ ਦਿੱਤਾ ਸੀ। ਫੱਟੜ ਹਾਲਤ ਵਿਚ ਭੀਮ ਟਾਂਕ ਅਤੇ ਗੁਰਜੰਟ ਸਿੰਘ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਭੀਮ ਟਾਂਕ ਦੀ ਮੌਤ ਹੋ ਗਈ ਸੀ।

ਲੰਮੀ ਚੱਲੀ ਕਾਨੂੰਨੀ ਕਾਰਵਾਈ ਤੋਂ ਬਾਅਦ ਧਨਰਾਜ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਸੀ। ਅਦਾਲਤ ਵਿਚ ਪੇਸ਼ ਹੋਏ ਧਨਰਾਜ ਦੇ ਵਕੀਲ ਸ਼ਿਵਰਾਜ ਅੰਗੀ ਨੇ ਆਪਣੀਆਂ ਦਲੀਲਾਂ ਪੇਸ਼ ਕਰਦੇ ਹੋਏ ਦੱਸਿਆ ਕਿ ਧਨਰਾਜ 4 ਸਾਲ 7 ਮਹੀਨੇ 21 ਦਿਨ ਤੱਕ ਸਜ਼ਾ ਭੁਗਤ ਚੁੱਕਾ ਹੈ। ਇਸ ਲਈ ਇਹ ਜ਼ਮਾਨਤ ਦਾ ਹੱਕਦਾਰ ਹੈ। ਉੱਥੇ ਹੀ ਸਰਕਾਰੀ ਵਕੀਲ ਨੇ ਦਲੀਲ ਦਾ ਵਿਰੋਧ ਕੀਤਾ ਪਰ ਅਦਾਲਤ ਨੇ ਧਨਰਾਜ ਦੇ ਵਕੀਲ ਸ਼ਿਵਰਾਜ ਅੰਗੀ ਦੀਆਂ ਦਲੀਲਾਂ ’ਤੇ ਗੌਰ ਕਰਦਿਆਂ ਧਨਰਾਜ ਦੀ ਜ਼ਮਾਨਤ ਅਰਜ਼ੀ ਸਵੀਕਾਰ ਕਰ ਲਈ। ਜ਼ਿਕਰਯੋਗ ਹੈ ਕਿ ਧਨਰਾਜ ਇਸ ਕੇਸ ਨਾਲ ਜੁੜਿਆ ਪਹਿਲਾ ਅਜਿਹਾ ਵਿਅਕਤੀ ਹੈ ਜਿਸ ਨੂੰ ਜ਼ਮਾਨਤ ਮਿਲੀ ਹੈ।


author

Shyna

Content Editor

Related News