ਬਿਨਾਂ ਦਵਾਈਆਂ ਦੇ ਚੱਲ ਰਹੇ ਹਨ ਸਰਹੱਦੀ ਖੇਤਰ ਦੇ ਸਰਕਾਰੀ ਸਿਹਤ ਕੇਂਦਰ

01/24/2020 10:18:52 AM

ਬਹਿਰਾਮਪੁਰ (ਗੋਰਾਇਆ) : ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰਾਂ ਵਿਚ ਸਿਹਤ ਕੇਂਦਰਾਂ ਵਿਚ ਲੋਕਾਂ ਨੂੰ ਸਿਹਤ ਸਹੂਲਤਾਂ ਦੇਣ ਦੇ ਵਾਅਦੇ ਸਿਰਫ ਭਾਸ਼ਣ ਤੱਕ ਹੀ ਸੀਮਿਤ ਹਨ, ਜਿਸ ਦੀ ਮਿਸਾਲ ਸਰਹੱਦੀ ਖੇਤਰ ਅਧੀਨ ਆਉਂਦੇ ਪਿੰਡ ਝਬਕਰਾ, ਦੌਦਵਾਂ, ਸੁਲਤਾਨੀ, ਗਾਹਲੜ੍ਹੀ, ਉੱਚਾ ਧਕਾਲਾ, ਮਰਾੜਾ ਆਦਿ ਦੇ ਸੀ. ਐੱਚ. ਸੀ. ਅਤੇ ਮਿੰਨੀ ਪੀ. ਐੱਚ. ਸੀ. ਵਿਚ ਦੇਖਣ ਨੂੰ ਮਿਲਦੀ ਹੈ, ਜਿਨ੍ਹਾਂ ਵਿਚ ਪਿਛਲੇ 3-4 ਮਹੀਨਿਆਂ ਤੋਂ ਦਵਾਈਆਂ ਸਮੇਤ ਨਵ-ਜੰਮੇ ਬੱਚਿਆਂ ਨੂੰ ਲੱਗਣ ਵਾਲੇ ਟੀਕਿਆਂ ਲਈ ਵਰਤੀਆਂ ਜਾਣ ਵਾਲੀਆਂ ਸਰਿੰਜਾਂ ਨਾ ਮਿਲਣ ਕਾਰਣ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਸਬੰਧੀ ਇਲਾਕੇ ਦੇ ਸਮਾਜ ਸੇਵਕ ਪ੍ਰੋ. ਦਵਿੰਦਰ ਸਿੰਘ ਠਾਕੁਰ, ਠਾਕੁਰ ਪੰਜਾਬ ਸਿੰਘ, ਦਲਬੀਰ ਸਿੰਘ, ਦਰਮੇਜ ਸਿੰਘ, ਨਿੰਕੂ ਰਾਣਾ ਆਦਿ ਨੇ ਦੱਸਿਆ ਕਿ ਸਰਕਾਰ ਵੱਲੋਂ ਸਰਹੱਦੀ ਖੇਤਰਾਂ ਅੰਦਰ ਸਿਹਤ ਸਹੂਲਤਾਂ ਦੇਣ ਦੇ ਕਈ ਵੱਡੇ-ਵੱਡੇ ਦਾਅਦੇ ਕੀਤੇ ਜਾਂਦੇ ਹਨ ਤਾਂ ਕਿ ਲੋਕ ਆਰਥਿਕ ਪੱਖੋਂ ਕਮਜ਼ੋਰ ਹੋਣ ਕਾਰਣ ਇਨ੍ਹਾਂ ਸਿਹਤ ਸਹੂਲਤਾਂ ਦਾ ਮੁਫਤ ਵਿਚ ਲਾਭ ਲੈ ਸਕਣ ਪਰ ਇਹ ਸਿਫਰ ਨਾਮਾਤਰ ਹੀ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਿਹਤ ਕੇਦਰਾਂ ਅੰਦਰ ਪਿਛਲੇ 3-4 ਮਹੀਨਿਆਂ ਤੋਂ ਕੋਈ ਦਵਾਈ ਨਹੀਂ ਮਿਲ ਰਹੀ। ਇੱਥੋਂ ਤੱਕ ਕਿ ਜੋ ਨਰਸਾਂ ਵੱਲੋਂ ਹਫਤਾ ਜਾਂ ਮਹੀਨਾਵਾਰ ਨਵ-ਜੰਮੇ ਬੱਚਿਆਂ ਨੂੰ ਟੀਕੇ ਲਾਏ ਜਾਂਦੇ ਹਨ, ਉਨ੍ਹਾਂ ਲਈ ਵਰਤੀਆਂ ਜਾਣ ਵਾਲੀਆਂ ਸਰਿੰਜਾਂ ਵੀ ਲੋਕਾਂ ਨੂੰ ਮੈਡੀਕਲ ਸਟੋਰਾਂ ਤੋਂ ਮਹਿੰਗੇ ਭਾਅ ਲੈਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ, ਇਸ ਕਾਰਣ ਪੇਂਡੂ ਖੇਤਰਾਂ ਦੇ ਮੈਡੀਕਲ ਸਟੋਰਾਂ ਵਾਲਿਆਂ ਦੀ ਚਾਂਦੀ ਲੱਗੀ ਹੋਈ ਹੈ ਅਤੇ ਲੋਕਾਂ ਨੂੰ ਮਜਬੂਰ ਹੋ ਕੇ ਮਹਿੰਗੇ ਰੇਟਾਂ 'ਤੇ ਦਵਾਈਆਂ ਲੈਣੀਆਂ ਪੈ ਰਹੀਆਂ ਹਨ। ਇਲਾਕਾ ਵਾਸੀਆਂ ਨੇ ਸਿਹਤ ਵਿਭਾਗ ਦੇ ਉੱਚ ਅਧਿਕਾਰੀਆਂ ਅਤੇ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਸਾਡੀ ਇਸ ਮੁਸ਼ਕਲ ਵੱਲ ਵਿਸ਼ੇਸ਼ ਰੂਪ ਵਿਚ ਧਿਆਨ ਦਿੱਤਾ ਜਾਵੇ ਤਾਂ ਕਿ ਲੋਕਾਂ ਨੂੰ ਹੋ ਰਹੀ ਖੱਜਲ-ਖੁਆਰ ਤੋਂ ਰਾਹਤ ਮਿਲ ਸਕੇ।

ਕੀ ਕਹਿਣਾ ਹੈ ਐੱਸ. ਐੱਮ. ਓ. ਬਹਿਰਾਮਪੁਰ ਦਾ
ਇਸ ਸਬੰਧੀ ਜਦ ਐੱਸ. ਐੱਮ. ਓ. ਬਹਿਰਾਮਪੁਰ ਡਾ. ਰਮੇਸ਼ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਇਸ ਮੁਸ਼ਕਲ ਸਬੰਧੀ ਆਪਣੇ ਉੱਚ ਅਧਿਕਾਰੀਆ ਨੂੰ ਜਾਣੂ ਕਰਵਾ ਚੁੱਕੇ ਹਾਂ ਜਦ ਵੀ ਸਾਨੂੰ ਦਵਾਈਆਂ ਦੀ ਸਪਲਾਈ ਮਿਲਦੀ ਹੈ ਤਾਂ ਤਰੁੰਤ ਇਸ ਮੁਸ਼ਕਲ ਦਾ ਹੱਲ ਕਰ ਦਿੱਤਾ ਜਾਵੇਗਾ।


Baljeet Kaur

Content Editor

Related News