...ਤੇ ਕੈਪਟਨ ਦੇ ਰਾਜ ''ਚ ਵੀ ''ਬਾਦਲਾਂ'' ਦੀ ਸਰਦਾਰੀ

03/06/2018 11:35:37 AM

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰਾਜ 'ਚ ਵੀ ਬਾਦਲਾਂ ਦੀ ਟਰਾਂਸਪੋਰਟ ਕਾਰੋਬਾਰ 'ਤੇ ਪੂਰੀ ਸਰਦਾਰੀ ਕਾਇਮ ਹੈ। ਸੱਤਾ ਤੋਂ ਬਾਹਰ ਰਹਿਣ ਦੇ ਬਾਵਜੂਦ ਵੀ ਬਾਦਲ ਪਰਿਵਾਰ ਦਾ ਟਰਾਂਸਪੋਰਟ ਕਾਰੋਬਾਰ ਲਗਾਤਾਰ ਵਧਦਾ ਜਾ ਰਿਹਾ ਹੈ ਅਤੇ ਉਨ੍ਹਾਂ ਦੀਆਂ ਬੱਸਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਅਕਾਲੀ-ਭਾਜਪਾ ਦੀ ਸਰਕਾਰ ਦੇ ਸਮੇਂ ਕਾਂਗਰਸ ਵਲੋਂ ਅਕਸਰ ਇਨ੍ਹਾਂ 'ਤੇ ਟਰਾਂਸਪੋਰਟ 'ਤੇ ਕਬਜ਼ੇ ਦੇ ਦੋਸ਼ ਲਾਏ ਜਾਂਦੇ ਰਹੇ ਹਨ ਅਤੇ ਆਮ ਆਦਮੀ ਪਾਰਟੀ ਨੇ ਬਾਦਲਾਂ ਦੇ ਟਰਾਂਸਪੋਰਟ ਕਾਰੋਬਾਰ ਨੂੰ ਵੱਡੇ ਪੱਧਰ 'ਤੇ ਚੁੱਕਿਆ ਵੀ ਸੀ ਪਰ ਹੁਣ ਕਾਂਗਰਸ ਦੇ ਰਾਜ 'ਚ ਵੀ ਬਾਦਲਾਂ ਦਾ ਇਹ ਕਾਰੋਬਾਰ ਦਿਨ ਦੁੱਗਣੀ ਰਾਤ ਚੁੱਗਣੀ ਤਰੱਕੀ ਕਰ ਰਿਹਾ ਹੈ। ਕੁੱਲ ਮਿਲਾ ਕੇ ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਕੰਪਨੀਆਂ 'ਚ ਕਰੀਬ 40 ਹੋਰ ਬੱਸਾਂ ਜੁੜਨ ਜਾ ਰਹੀਆਂ ਹਨ। ਬਾਦਲ ਪਰਿਵਾਰ ਦੀ ਮਾਲਕੀ ਵਾਲੀਆਂ ਕੰਪਨੀਆਂ ਦੇ ਮੈਨੇਜਰ ਭਾਵੇਂ ਖਾਮੋਸ਼ ਹਨ ਪਰ ਡੀ. ਐੱਮ. ਐੱਸ. ਬੱਸ ਟਰਾਂਸਪੋਰਟ ਕੰਪਨੀ ਦੇ ਮਾਲਕ ਨੇ ਸੌਦਿਆਂ ਦੀ ਤਸਦੀਕ ਕੀਤੀ ਹੈ। ਉਨ੍ਹਾਂ ਦੀ ਕੰਪਨੀ ਬਾਦਲਾਂ ਨੂੰ ਸਾਰੀਆਂ 14 ਬੱਸਾਂ ਦੇ ਪਰਮਿਟ ਵੇਚ ਰਹੀ ਹੈ। 
ਇਸ ਸਬੰਧੀ ਮਿੰਨੀ ਬੱਸ ਆਪਰੇਟਰਜ਼ ਯੂਨੀਅਨ ਦੇ ਪ੍ਰਧਾਨ ਜੇ. ਐੱਸ. ਗਰੇਵਾਲ ਨੇ ਚੋਣਵੀਆਂ ਕੰਪਨੀਆਂ ਦੇ ਵਧਦੇ ਬੱਸ ਟਰਾਂਸਪੋਰਟ ਧੰਦੇ ਦੀ ਸੀ. ਬੀ. ਆਈ. ਜਾਂਚ ਮੰਗੀ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਟਰਾਂਸਪੋਰਟਰਾਂ ਨੂੰ ਨੁਕਸਾਨ ਝੱਲਣਾ ਪੈ ਰਿਹਾ ਹੈ। ਉਨ੍ਹਾਂ ਕਾਂਗਰਸ ਸਰਕਾਰ 'ਤੇ ਨਵੀਂ ਟਰਾਂਸਪੋਰਟ ਨੀਤੀ ਲਿਆਉਣ 'ਚ ਦੇਰੀ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਸਾਰੇ ਟਰਾਂਸਪੋਰਟਰਾਂ ਨੂੰ ਇਕਸਾਰ ਮੌਕੇ ਦੇਣ ਦੇ ਵਾਅਦਾ ਕੀਤਾ ਸੀ ਪਰ ਹਕੀਕਤ 'ਚ ਕੋਈ ਫਰਕ ਦਿਖਾਈ ਨਹੀਂ ਦੇ ਰਿਹਾ ਹੈ। ਯੂਨੀਅਨ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਜਿੱਥੇ ਬਾਦਲਾਂ ਦੀਆਂ ਬੱਸਾਂ ਨੂੰ ਅੱਡਿਆਂ 'ਤੇ 10 ਮਿੰਟ ਤੱਕ ਰੁਕਣ ਦਾ ਸਮਾਂ ਮਿਲਦਾ ਹੈ, ਉੱਥੇ ਹੀ ਉਨ੍ਹਾਂ ਦੀਆਂ ਬੱਸਾਂ ਨੂੰ 2 ਮਿੰਟਾਂ ਤੋਂ ਵੱਧ ਬੱਸਾਂ ਖੜ੍ਹਾਉਣ ਦਾ ਸਮਾਂ ਤੱਕ ਨਹੀਂ ਮਿਲਦਾ ਅਤੇ ਸਾਰੇ ਮੁਸਾਫਰ ਉਹ ਪਹਿਲਾਂ ਹੀ ਲੈ ਜਾਂਦੇ ਹਨ।


Related News