ਨੈਸ਼ਨਲ ਹਾਈਵੇ ''ਤੇ ਲੱਗੇ ਕੂੜੇ ਦੇ ਢੇਰ ਸ਼ਹਿਰ ਦੀ ਸੁੰਦਰਤਾ ''ਤੇ ਕਲੰਕ
Monday, Mar 26, 2018 - 08:17 AM (IST)
ਕੋਟਕਪੂਰਾ (ਨਰਿੰਦਰ) - ਨੈਸ਼ਨਲ ਹਾਈਵੇ-15 'ਤੇ ਲੱਗੇ ਕੂੜੇ ਦੇ ਵੱਡੇ ਢੇਰ ਸ਼ਹਿਰ ਦੀ ਸੁੰਦਰਤਾ 'ਤੇ ਕਲੰਕ ਹੋਣ ਤੋਂ ਇਲਾਵਾ ਬੀਮਾਰੀਆਂ ਤੇ ਹਾਦਸਿਆਂ ਨੂੰ ਵੀ ਸੱਦਾ ਦੇ ਰਹੇ ਹਨ। ਕਾਫੀ ਸਮਾਂ ਪਹਿਲਾਂ ਇਸੇ ਸੜਕ 'ਤੇ ਜੋਤੀ ਮਾਡਲ ਸਕੂਲ ਵਾਲੀ ਗਲੀ ਦੇ ਮੋੜ 'ਤੇ ਅਤੇ ਆਰਿਆਂਵਾਲੀ ਗਲੀ ਦੀ ਨੁੱਕਰ ਦੇ ਨਾਲ ਮੁੱਖ ਸੜਕ 'ਤੇ ਕੂੜੇ ਦੇ ਵੱਡੇ ਡੰਪ ਬਣੇ ਹੋਏ ਸਨ, ਜਿੱਥੇ ਦੂਰ-ਦੂਰ ਤੱਕ ਕੂੜਾ ਖਿਲਰਿਆ ਰਹਿੰਦਾ ਸੀ ਪਰ ਐੱਸ. ਡੀ. ਐੱਮ. ਡਾ. ਮਨਦੀਪ ਕੌਰ ਦੀਆਂ ਹਦਾਇਤਾਂ 'ਤੇ ਮਿਸ਼ਨ ਕਲੀਨ ਕੋਟਕਪੂਰਾ ਤਹਿਤ ਇੱਥੇ ਕੂੜਾ ਸੁੱਟਣਾ ਬੰਦ ਕਰਵਾ ਦਿੱਤਾ ਗਿਆ।
ਹੁਣ ਕੁਝ ਲੋਕਾਂ ਨੇ ਸਾਂਝ ਕੇਂਦਰ ਦੇ ਨਾਲ ਪੁਲਸ ਕੁਆਰਟਰਾਂ ਅੱਗੇ ਇਸ ਮੁੱਖ ਸੜਕ ਦੇ ਨਾਲ ਕੂੜਾ ਸੁੱਟਣਾ ਸ਼ੁਰੂ ਕਰ ਦਿੱਤਾ ਹੈ ਅਤੇ ਇਨ੍ਹਾਂ ਢੇਰਾਂ ਨੇ ਕੂੜੇ ਦੇ ਵੱਡੇ ਡੰਪ ਦਾ ਰੂਪ ਧਾਰਨ ਕਰ ਲਿਆ ਹੈ। ਖੁੱਲ੍ਹੇ 'ਚ ਪਏ ਇਸ ਕੂੜੇ 'ਚ ਸਾਰਾ ਦਿਨ ਆਵਾਰਾ ਪਸ਼ੂ ਮੂੰਹ ਮਾਰਦੇ ਰਰਿੰਦੇ ਹਨ, ਜਿਸ ਕਾਰਨ ਮੱਖੀਆਂ ਤੇ ਮੱਛਰਾਂ ਦੀ ਭਰਮਾਰ ਹੋ ਰਹੀ ਹੈ, ਜੋ ਬੀਮਾਰੀਆਂ ਦਾ ਵੱਡਾ ਕਾਰਨ ਹੈ। ਇਸ ਦੇ ਨਾਲ ਹੀ ਇਹ ਕੂੜੇ ਦੇ ਢੇਰ ਸ਼ਹਿਰ ਦੀ ਸੁੰਦਰਤਾ 'ਤੇ ਵੀ ਕਲੰਕ ਸਿੱਧ ਹੋ ਰਹੇ ਹਨ ਕਿਉਂਕਿ ਨੈਸ਼ਨਲ ਹਾਈਵੇ ਹੋਣ ਕਾਰਨ ਇੱਥੇ ਸਾਰਾ ਦਿਨ ਭਾਰੀ ਭੀੜ ਰਹਿੰਦੀ ਹੈ ਤੇ ਵੱਖ-ਵੱਖ ਸ਼ਹਿਰਾਂ ਦੇ ਲੋਕ ਹੋਰ ਸਥਾਨਾਂ 'ਤੇ ਜਾਣ ਲਈ ਇਸ ਰਸਤੇ ਦੀ ਵਰਤੋਂ ਕਰਦੇ ਹਨ। ਇਨ੍ਹਾਂ ਕੂੜੇ ਦੇ ਢੇਰਾਂ ਕਾਰਨ ਉਨ੍ਹਾਂ ਸਾਹਮਣੇ ਸ਼ਹਿਰ ਦੀ ਬਹੁਤ ਬੁਰੀ ਤਸਵੀਰ ਪੇਸ਼ ਹੁੰਦੀ ਹੈ। ਆਵਾਰਾ ਪਸ਼ੂ ਆਪਣੇ ਪੇਟ ਦੀ ਭੁੱਖ ਮਿਟਾਉਣ ਲਈ ਇਨ੍ਹਾਂ ਢੇਰਾਂ 'ਚੋਂ ਕੁਝ ਖਾਣ ਨੂੰ ਲੱਭਦੇ ਹਨ ਅਤੇ ਅਕਸਰ ਹੀ ਆਪਸ 'ਚ ਭਿੜ ਪੈਂਦੇ ਹਨ, ਜਿਸ ਕਾਰਨ ਜਿੱਥੇ ਮੁੱਖ ਸੜਕ ਹੋਣ ਕਾਰਨ ਹਾਦਸਿਆਂ ਦਾ ਡਰ ਬਣਿਆ ਰਹਿੰਦਾ ਹੈ, ਉੱਥੇ ਹੀ ਆਵਾਜਾਈ 'ਚ ਵੀ ਵਿਘਨ ਪੈਂਦਾ ਹੈ।
ਦੱਸਣਯੋਗ ਹੈ ਕਿ ਸ਼ਹਿਰ ਦੀ ਹਰ ਸੜਕ 'ਤੇ ਕੂੜੇ ਦੇ ਅਜਿਹੇ ਢੇਰ ਵੇਖਣ ਨੂੰ ਮਿਲਦੇ ਹਨ ਪਰ ਪ੍ਰਸ਼ਾਸਨ ਵੱਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਵੱਲੋਂ ਪ੍ਰਸ਼ਾਸਨ ਨੂੰ ਅਜਿਹੇ ਕੂੜੇ ਦੇ ਖੁੱਲ੍ਹੇ ਡੰਪਾਂ ਦੀ ਜਗ੍ਹਾ ਖਾਲੀ ਥਾਵਾਂ 'ਤੇ ਲੋਹੇ ਦੇ ਬਣੇ ਹੋਏ ਡੰਪ ਰੱਖਣ ਦੀ ਮੰਗ ਕੀਤੀ ਜਾ ਚੁੱਕੀ ਹੈ ਪਰ ਸਭ ਬੇ-ਅਸਰ ਹੋ ਰਿਹਾ ਹੈ। ਸ਼ਹਿਰ ਵਾਸੀਆਂ ਦੀ ਮੰਗ ਹੈ ਕਿ ਮੁੱਖ ਸੜਕ 'ਤੇ ਲੱਗੇ ਕੂੜੇ ਦੇ ਢੇਰਾਂ ਨੂੰ ਇੱਥੋਂ ਤੁਰੰਤ ਹਟਾਇਆ ਜਾਵੇ।
