ਆਜਾ ਮੇਰੇ ਪਿੰਡ ਦੀ ਬਹਾਰ ਵੇਖ ਲੈ
Monday, Dec 11, 2017 - 08:20 AM (IST)
ਗਿੱਦੜਬਾਹਾ (ਸੰਧਿਆ) - ਗਿੱਦੜਬਾਹਾ ਸ਼ਹਿਰ ਨੂੰ ਵਸੇ ਭਾਵੇਂ 108 ਸਾਲ ਹੋ ਚੁੱਕੇ ਹਨ ਪਰ ਅੱਜ ਵੀ ਸ਼ਹਿਰ ਵਾਸੀ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ। ਸਮੇਂ ਦੀਆਂ ਸਰਕਾਰਾਂ ਵੱਲੋਂ ਭਾਵੇਂ ਕਰੋੜਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਦੀਆਂ ਸੜਕਾਂ ਦੀ ਮੁਰੰਮਤ ਕਰਵਾਈ ਜਾਂਦੀ ਹੈ ਪਰ ਫਿਰ ਵੀ ਸੜਕਾਂ ਦਾ ਅੱਜ ਵੀ ਇੰਨਾ ਬੁਰਾ ਹਾਲ ਹੈ ਕਿ ਰਾਹਗੀਰ ਪ੍ਰਸ਼ਾਸਨ ਨੂੰ ਕੋਸਦੇ ਹੋਏ ਨਜ਼ਰ ਆਉਂਦੇ ਹਨ। ਸ਼ਹਿਰ ਦੇ ਪਿਉਰੀ ਰੋਡ, ਭਾਰੂ ਰੋਡ, ਹੁਸਨਰ ਰੋਡ, ਸਿਨੇਮਾ ਰੋਡ, ਸਰਕੂਲਰ ਰੋਡ, ਸ਼ਹਿਰ ਦੀ ਫਿਰਨੀ, ਸਬਜ਼ੀ ਮੰਡੀ, ਘੰਟਾ ਘਰ ਰੋਡ, ਇਸਤਰੀ ਸਤਿਸੰਗ ਸਭਾ ਵਾਲੀ ਸੜਕ, ਵਧਵਾ ਗਲੀ, ਪਟਿਆਲਾ ਬੈਂਕ ਵਾਲੀ ਗਲੀ, ਰੌਸ਼ਨ ਮਾਰਕੀਟ, ਧੀਰ ਮਾਰਕੀਟ, ਆਰੀਅਨ ਪਬਲਿਕ ਸਕੂਲ ਵਾਲੀ ਗਲੀ, ਦੌਲਾ ਗੇਟ ਵਾਲੀ ਸੜਕ, ਥੇਹੜੀ ਗੇਟ ਵਾਲੀ ਸੜਕ ਆਦਿ ਦਾ ਇੰਨਾ ਬੁਰਾ ਹਾਲ ਹੈ ਕਿ ਇਨ੍ਹਾਂ ਸੜਕਾਂ 'ਚ ਵੱਡੇ-ਵੱਡੇ ਟੋਏ ਪਏ ਹੋਏ ਹਨ। ਲੱਗਦਾ ਹੈ ਕਿ ਪ੍ਰਸ਼ਾਸਨ ਕੋਈ ਵੱਡਾ ਹਾਦਸਾ ਵਾਪਰਨ ਦੀ ਉਡੀਕ ਕਰ ਰਿਹਾ ਹੈ। ਅਜਿਹੇ ਹੀ ਹਾਲਾਤ ਹਨ, ਕਾਲੀ ਮਾਤਾ ਮੰਦਰ ਵਾਲੀ ਸੜਕ ਦੇ, ਜਿੱਥੋਂ ਹਜ਼ਾਰਾਂ ਵਿਦਿਆਰਥੀ ਹਰ ਰੋਜ਼ ਸਕੂਲ ਜਾਣ ਲਈ ਇੱਥੋਂ ਲੰਘਦੇ ਹਨ। ਇਸ ਦੌਰਾਨ ਖਾਸ ਕਰ ਕੇ ਲੜਕੀਆਂ ਸਾਈਕਲ ਤੋਂ ਕਈ ਵਾਰ ਡਿੱਗ ਕੇ ਸੱਟਾਂ ਲਵਾ ਚੁੱਕੀਆਂ ਹਨ। ਸ਼ਹਿਰ ਵਾਸੀਆਂ ਨੇ ਸਬੰਧਤ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਜਲਦੀ ਤੋਂ ਜਲਦੀ ਸ਼ਹਿਰ ਦੀਆਂ ਟੁੱਟੀਆਂ ਸੜਕਾਂ ਦੀ ਮੁਰੰਮਤ ਕਰਵਾਉਣ ਦੇ ਪੁਖਤਾ ਪ੍ਰਬੰਧ ਕੀਤੇ ਜਾਣ।