ਘਰ ਦੇ ਬਾਹਰ ਖੇਡਦਾ 4 ਸਾਲ ਦਾ ਬੱਚਾ ਹੋਇਆ ਲਾਪਤਾ

Thursday, Mar 05, 2020 - 04:17 PM (IST)

ਘਰ ਦੇ ਬਾਹਰ ਖੇਡਦਾ 4 ਸਾਲ ਦਾ ਬੱਚਾ ਹੋਇਆ ਲਾਪਤਾ

ਚੰਡੀਗੜ੍ਹ (ਸੰਦੀਪ) : ਪਿੰਡ ਦਰੀਆ ਨਿਵਾਸੀ ਆਮਿਰ (4) ਮੰਗਲਵਾਰ ਨੂੰ ਘਰ ਦੇ ਬਾਹਰ ਖੇਡਦੇ ਹੋਏ ਅਚਾਨਕ ਲਾਪਤਾ ਹੋ ਗਿਆ। ਪਰਿਵਾਰ ਵਾਲਿਆਂ ਨੇ ਤੁਰੰਤ ਇਸ ਗੱਲ ਦੀ ਸੂਚਨਾ ਦਰੀਆ ਚੌਕੀ ਪੁਲਸ ਨੂੰ ਦਿੱਤੀ। ਪੁਲਸ ਨੇ ਬੱਚਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਅਤੇ ਇਕ ਦਿਨ ਬਾਅਦ ਆਮਿਰ ਪੰਚਕੂਲਾ ਸਥਿਤ ਸ਼ਿਸ਼ੂ ਨਿਕੇਤਨ 'ਚ ਪਾਇਆ ਗਿਆ। ਜਿਸਤੋਂ ਬਾਅਦ ਪੁਲਸ ਨੇ ਆਮਿਰ ਨੂੰ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ। ਆਪਣਾ ਬੱਚਾ ਮਿਲ ਜਾਣ ਤੋਂ ਬਾਅਦ ਪਰਿਵਾਰ ਬੇਹੱਦ ਖੁਸ਼ ਸੀ ਅਤੇ ਪਰਿਵਾਰ ਨੇ ਬੱਚੇ ਨੂੰ ਲੱਭਣ ਲਈ ਪੁਲਸ ਵੱਲੋਂ ਕੀਤੀ ਗਈ ਕਾਰਗੁਜ਼ਾਰੀ ਦੀ ਪ੍ਰਸ਼ੰਸਾ ਕੀਤੀ।

ਪੁਲਸ ਜਾਂਚ 'ਚ ਸਾਹਮਣੇ ਆਇਆ ਕਿ ਆਮਿਰ ਮੰਗਲਵਾਰ ਸਵੇਰ ਦੇ ਸਮੇਂ ਆਪਣੇ ਘਰ ਦੇ ਬਾਹਰ ਖੇਡ ਰਿਹਾ ਸੀ। ਇਸ ਸਮੇਂ ਉਸਦੇ ਭਰਾ ਸਕੂਲ ਜਾ ਰਹੇ ਸਨ ਅਤੇ ਉਹ ਉਨ੍ਹਾਂ ਦੇ ਪਿੱਛੇ ਹੀ ਚਲਿਆ ਗਿਆ। ਜਦੋਂਕਿ ਸਕੂਲ ਜਾ ਰਹੇ ਉਸਦੇ ਭਰਾਵਾਂ ਨੂੰ ਇਸ ਗੱਲ ਦੀ ਬਿਲਕੁਲ ਵੀ ਜਾਣਕਾਰੀ ਨਹੀਂ ਸੀ ਕਿ ਆਮਿਰ ਉਨ੍ਹਾਂ ਦੇ ਪਿੱਛੇ ਆ ਰਿਹਾ ਹੈ। ਇਸ ਦੌਰਾਨ ਉਹ ਇੱਥੇ ਬੱਸ ਸਟਾਪ ਕੋਲ ਖੜ੍ਹੇ ਰਾਹਗੀਰਾਂ ਨਾਲ ਖੜ੍ਹਾ ਹੋ ਗਿਆ ਅਤੇ ਬੱਸ 'ਚ ਸਵਾਰ ਹੋ ਗਿਆ। ਬੱਸ 'ਚ ਸਵਾਰ ਹੋ ਕੇ ਉਹ ਚੰਡੀਮੰਦਰ ਪਹੁੰਚ ਗਿਆ। ਇੱਥੋਂ ਉਸਨੂੰ ਫੌਜੀਆਂ ਨੇ ਵੇਖ ਕੇ ਇਸ ਗੱਲ ਦੀ ਸੂਚਨਾ ਸਬੰਧਿਤ ਚੰਡੀਮੰਦਰ ਥਾਣੇ ਨੂੰ ਦਿੱਤੀ ਅਤੇ ਬੱਚੇ ਨੂੰ ਉਨ੍ਹਾਂ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਥਾਣਾ ਪੁਲਸ ਨੇ ਬੱਚੇ ਦੇ ਪਰਿਵਾਰ ਨੂੰ ਲੱਭਣਾ ਸ਼ੁਰੂ ਕਰ ਕੇ ਉਸਨੂੰ ਪੰਚਕੂਲਾ ਸ਼ਿਸ਼ੂ ਨਿਕੇਤਨ 'ਚ ਭੇਜ ਦਿੱਤਾ। ਉਥੇ ਦੂਜੇ ਪਾਸੇ ਬੱਚੇ ਦੀ ਭਾਲ 'ਚ ਲੱਗੀ ਦਰੀਆ ਚੌਕੀ ਪੁਲਸ ਨੇ ਜਦੋਂ ਪੰਚਕੂਲਾ ਪੁਲਸ ਨੂੰ ਬੱਚੇ ਦੀ ਭਾਲ ਦੇ ਕਾਰਨ ਸੰਪਰਕ ਕੀਤਾ ਤਾਂ ਪਤਾ ਚੱਲਿਆ ਕਿ ਉਨ੍ਹਾਂ ਨੂੰ ਇਕ ਬੱਚਾ ਮਿਲਿਆ ਹੈ ਜਿਸਦੀ ਉਮਰ ਕਰੀਬ 4 ਸਾਲ ਦੀ ਹੈ। ਇਸ 'ਤੇ ਪੁਲਸ ਨੇ ਵੀਡੀਓ ਕਾਲਿੰਗ ਦੇ ਜ਼ਰੀਏ ਬੱਚੇ ਨੂੰ ਵੇਖ ਕੇ ਉਸਦੇ ਪਰਿਵਾਰ ਤੋਂ ਬੱਚੇ ਦੀ ਪਹਿਚਾਣ ਕਰਵਾਈ ਅਤੇ ਇਸਤੋਂ ਬਾਅਦ ਦਰੀਆ ਚੌਕੀ ਪੁਲਸ ਆਮਿਰ ਦੇ ਪਰਿਵਾਰ ਨੂੰ ਲੈਕੇ ਪੰਚਕੂਲਾ ਪੁਲਸ ਕੋਲ ਪਹੁੰਚੀ ਅਤੇ ਬੱਚੇ ਦੀ ਪਹਿਚਾਣ ਕਰਵਾਉਣ ਤੋਂ ਬਾਅਦ ਆਮਿਰ ਨੂੰ ਉਸਦੇ ਪਰਿਵਾਰ ਨੂੰ ਸੌਂਪ ਦਿੱਤਾ। ਇਸ ਤਰ੍ਹਾਂ ਪੁਲਸ ਦੀ ਮੁਸ਼ਤੈਦੀ ਅਤੇ ਪੰਚਕੂਲਾ ਪੁਲਸ ਨਾਲ ਸੰਪਰਕ ਕਰ ਕੇ ਬੱਚੇ ਨੂੰ ਇਕ ਦਿਨ 'ਚ ਹੀ ਲੱਭ ਲਿਆ।
 


author

Anuradha

Content Editor

Related News