ਪਰਿਵਾਰ ਦਾ ਦੋਸ਼, ਗਲਤ ਟੀਕਾ ਲਗਾਉਣ ਕਾਰਣ ਖਰਾਬ ਹੋਈ ਬੱਚੇ ਦੀ ਬਾਂਹ, ਮੈਡੀਸਿਟੀ ਹਸਪਤਾਲ ਅੱਗੇ ਦਿੱਤਾ ਧਰਨਾ

Monday, May 16, 2022 - 12:23 PM (IST)

ਮੋਗਾ (ਗੋਪੀ ਰਾਊਕੇ) : ਬੀਤੀ 26 ਦਸੰਬਰ ਨੂੰ ਮੋਗਾ ਨਿਵਾਸੀ ਇਕ ਨਵਜਨਮੇ ਬੱਚੇ ਜੈਰਇਨ ਦੀ ਬਾਂਹ ਵਿਚ ਡਾਕਟਰਾਂ ਵੱਲੋਂ ਕਥਿਤ ਤੌਰ ’ਤੇ ਗਲਤ ਟੀਕਾ ਲਗਾ ਦਿੱਤਾ ਗਿਆ ਸੀ, ਜਿਸ ਉਪਰੰਤ ਉਕਤ ਬੱਚੇ ਦੀ ਹਾਲਤ ਖਰਾਬ ਹੋ ਗਈ ਸੀ। ਡਲਿਵਰੀ ਤੋਂ ਬਾਅਦ ਜਦੋਂ ਬੱਚੇ ਦੀ ਹਾਲਤ ਵਿਗੜ ਗਈ ਤਾਂ ਉਸਦਾ 35 ਦਿਨ ਇਲਾਜ ਚੱਲਦਾ ਰਿਹਾ ਪਰ ਮਾਸੂਮ ਦੀ ਬਾਂਹ ਕੁਝ ਸਮੇਂ ਬਾਅਦ ਹੋਰ ਖਰਾਬ ਹੋ ਗਈ, ਜਿਸ ਕਾਰਣ ਇਸ ਲੜਕੇ ਨੂੰ ਸਰਜਰੀ ਲਈ ਅਤੇ ਹਸਪਤਾਲਾਂ ਵਿਚ ਦਾਖਲ ਕਰਵਾਉਣਾ ਪਿਆ। ਪੀੜਤ ਪਰਿਵਾਰ ਨੇ ਕੜਕਦੀ ਧੁੱਪ ਵਿਚ ਹਸਪਤਾਲ ਦੇ ਅੱਗੇ ਰੋਸ ਧਰਨਾ ਦਿੱਤਾ।

ਇਸ ਮੌਕੇ ਲੜਕੇ ਦੀ ਮਾਤਾ ਨੀਰੂ ਗੁਪਤਾ ਨੇ ਦੋਸ਼ ਲਗਾਇਆ ਕਿ ਡਾਕਟਰਾਂ ਦੀ ਕਥਿਤ ਲਾਪ੍ਰਵਾਹੀ ਦੇ ਚੱਲਦੇ ਬੱਚੇ ਦੀ ਬਾਂਹ ਪੂਰੀ ਤਰ੍ਹਾਂ ਨਾਲ ਖਰਾਬ ਹੋ ਗਈ ਹੈ। ਉਨ੍ਹਾਂ ਕਿਹਾ ਕਿ ਇਨਸਾਫ ਲਈ ਉਨ੍ਹਾਂ ਨੇ ਡਿਪਟੀ ਕਮਿਸ਼ਨਰ ਮੋਗਾ, ਐੱਸ. ਐੱਸ. ਪੀ. ਮੋਗਾ ਅਤੇ ਸਿਵਲ ਸਰਜਨ ਮੋਗਾ ਨੂੰ ਸ਼ਿਕਾਇਤ ਦਿੱਤੀ ਪਰ ਜਦ ਕਿਤੇ ਵੀ ਸੁਣਵਾਈ ਨਾ ਹੋਈ ਤਾਂ ਹੁਣ ਇਨਸਾਫ ਲਈ ਸੰਘਰਸ਼ ਦਾ ਰੁਖ ਅਖਤਿਆਰ ਕਰਨਾ ਪਿਆ ਹੈ। ਉਨ੍ਹਾਂ ਕਿਹਾ ਕਿ ਇਹ ਰੋਸ ਧਰਨਾ ਤਦ ਤੱਕ ਜਾਰੀ ਰਹੇਗਾ, ਜਦ ਤੱਕ ਇਨਸਾਫ ਨਹੀਂ ਮਿਲਦਾ। ਪੀੜਤ ਪਰਿਵਾਰ ਨੇ ਐਲਾਨ ਕੀਤਾ ਕਿ ਅੱਜ 16 ਕਈ ਨੂੰ ਦੁਬਾਰਾ ਰੋਸ ਧਰਨਾ ਦਿੱਤਾ ਜਾਵੇਗਾ।

ਮੈਡੀਸਿਟੀ ਹਸਪਤਾਲ ਵਿਚ ਬੱਚੇ ਦਾ ਇਲਾਜ ਨਹੀਂ ਹੋਇਆ : ਡਾ. ਅਮਨਦੀਪ ਧਾਲੀਵਾਲ
ਇਸ ਦੌਰਾਨ ਜਦ ਮੈਡੀਸਿਟੀ ਹਸਪਤਾਲ ਵਿਚ ਤਾਇਨਾਤ ਡਾ. ਅਮਨਦੀਪ ਧਾਲੀਵਾਲ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਬੱਚੇ ਦਾ ਇਲਾਜ ਮੈਡੀਸਿਟੀ ਹਸਪਤਾਲ ਵਿਚ ਨਹੀਂ ਹੋਇਆ ਅਤੇ ਪਰਿਵਾਰ ਜਾਣ-ਬੁਝ ਕੇ ਪ੍ਰੇਸ਼ਾਨ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਹਸਪਤਾਲ ਵਿਚ ਆਉਣ ਵਾਲੇ ਮਰੀਜ਼ਾਂ ਨੂੰ ਵੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਜੇਕਰ ਮੈਡੀਸਿਟੀ ਹਸਤਾਲ ਵਿਚ ਲੜਕੇ ਨੂੰ ਦਾਖਲ ਕਰਵਾਇਆ ਸੀ ਤਾਂ ਉਹ ਦਵਾਈਆਂ ਦੀਆਂ ਸਲਿੱਪਾਂ ਦਿਖਾਏ, ਉਨ੍ਹਾਂ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਹਾਂ ਕਿ ਇਹ ਧਰਨਾ ਚੁਕਵਾਇਆ ਜਾਵੇ।


Gurminder Singh

Content Editor

Related News