ਸਿਆਸੀ ਸਰਪ੍ਰਸਤੀ ਹੇਠ ਹੀ ਵਧ-ਫੁੱਲ ਰਹੇ ਹਨ ਬਾਬੇ

Thursday, Sep 14, 2017 - 01:15 AM (IST)

ਜਲੰਧਰ (ਚਾਵਲਾ)  - ਰਾਸ਼ਟਰੀ ਸਿੱਖ ਸੰਗਤ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੂੰ ਕਿਹਾ ਹੈ ਕਿ ਸ਼੍ਰੋਮਣੀ ਕਮੇਟੀ ਵਲੋਂ 29 ਸਤੰਬਰ 2015 ਨੂੰ ਰਾਮ ਰਹੀਮ ਨੂੰ ਮੁਆਫ ਕੀਤੇ ਜਾਣ ਅਤੇ ਉਸ ਨੂੰ ਇਤਿਹਾਸਕ ਫੈਸਲਾ ਦੱਸਣ ਲਈ ਸੰਗਤਾਂ ਦੇ ਚੜ੍ਹਾਵੇ ਦੀ ਜਿਸ ਤਰ੍ਹਾਂ ਵਰਤੋਂ ਕੀਤੀ ਸੀ, ਉਹ ਇਕ ਦੁਖਦਾਈ ਗੱਲ ਹੈ। ਕੌਮੀ ਜਨਰਲ ਸਕੱਤਰ ਡਾ. ਅਵਤਾਰ ਸਿੰਘ ਸ਼ਾਸਤਰੀ ਵਲੋਂ ਇਥੇ ਜਾਰੀ ਇਕ ਬਿਆਨ ਵਿਚ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮਾਮਲੇ ਵਿਚ ਹੀ ਨਹੀਂ, ਕਈ ਵਾਰ ਸਿਆਸੀ ਆਗੂਆਂ ਵਲੋਂ ਐੱਸ. ਜੀ. ਪੀ. ਸੀ. ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਪਵਿੱਤਰ ਸ਼ਾਨ ਦੀ ਵਰਤੋਂ ਵੀ ਆਪਣੇ ਸਿਆਸੀ ਹਿੱਤਾਂ ਦੀ ਪੂਰਤੀ ਲਈ ਕੀਤੀ ਗਈ। ਡੇਰਾ ਸੱਚਾ ਸੌਦਾ ਬਾਰੇ ਰਾਸ਼ਟਰੀ ਸਿੱਖ ਸੰਗਤ ਦੀ ਸ਼ੁਰੂ ਤੋਂ ਹੀ ਸਪੱਸ਼ਟ ਰਾਏ ਹੈ। ਸਾਡੇ ਮਾਸਿਕ ਰਸਾਲੇ 'ਸੰਗਤ ਸੰਸਾਰ' ਦੇ ਜੂਨ 2007 ਦੇ ਅੰਕ ਵਿਚ ਸਾਧਵੀ ਵਲੋਂ ਦਸੰਬਰ 2002 ਵਿਚ ਅਟਲ ਬਿਹਾਰੀ ਵਾਜਪਾਈ ਨੂੰ ਲਿਖੀ ਚਿੱਠੀ ਵੀ ਛਾਪੀ ਗਈ ਸੀ। ਉਸ ਆਧਾਰ 'ਤੇ ਮੁਕੱਦਮਾ ਵੀ ਦਰਜ ਹੋਇਆ ਸੀ। ਇਸੇ ਅੰਕ ਵਿਚ ਪੱਤਰਕਾਰ ਰਾਮ ਚੰਦਰ ਛਤਰਪਤੀ ਦੀ ਹੱਤਿਆ ਬਾਰੇ ਵੀ ਜ਼ਿਕਰ ਕੀਤਾ ਗਿਆ ਸੀ।  ਉਨ੍ਹਾਂ ਕਿਹਾ ਕਿ ਸਿਆਸੀ ਲੋਕ ਆਪਣੇ ਸਿਆਸੀ ਹਿੱਤਾਂ ਲਈ ਵੱਖ-ਵੱਖ ਬਾਬਿਆਂ ਦੀ ਵਰਤੋਂ ਕਰਦੇ ਰਹਿੰਦੇ ਹਨ ਅਤੇ ਅਜਿਹੇ ਬਾਬੇ ਸਿਆਸੀ ਸਰਪ੍ਰਸਤੀ ਵਿਚ ਹੀ ਵਧਦੇ-ਫੁਲਦੇ ਹਨ। ਕੋਈ ਵੀ ਸਿਆਸੀ ਪਾਰਟੀ ਇਸ ਮੋਹ ਤੋਂ ਮੁਕਤ ਨਹੀਂ ਹੈ। ਐੱਸ. ਜੀ. ਪੀ. ਸੀ. ਅਤੇ ਸ੍ਰੀ ਅਕਾਲ ਤਖਤ ਸਾਹਿਬ ਵਰਗੀਆਂ ਧਾਰਮਿਕ ਸੰਸਥਾਵਾਂ ਨੂੰ ਸਮਾਜ ਨੂੰ ਚੌਕਸ ਕਰਨਾ ਚਾਹੀਦਾ ਹੈ ਕਿ ਉਹ ਅਜਿਹੇ ਬਾਬਿਆਂ ਦੇ ਬਹਿਕਾਵੇ ਵਿਚ ਨਾ ਆਉਣ।


Related News