ਸਾਂਝਾਂ ਦਾ ਟਿਮਟਿਮਾਉਂਦਾ ਦੀਵਾ ਅਤੇ ''ਪੱਛੋਂ ਦੇ ਛਰਾਟੇ''

02/22/2019 10:17:59 AM

ਜਲੰਧਰ/ਜੰਮੂ-ਕਸ਼ਮੀਰ (ਜੁਗਿੰਦਰ ਸੰਧੂ)—ਬਾਬਾ ਚਮਲਿਆਲ ਦਾ ਨਾਂ ਸਰਹੱਦ ਦੇ ਆਰ-ਪਾਰ ਗੂੰਜਦਾ ਹੈ। ਜਿੰਨੇ ਸ਼ਰਧਾਲੂ ਭਾਰਤ ਵਾਲੇ ਪਾਸੇ ਬਾਬਾ ਜੀ ਦਾ ਗੁਣਗਾਨ ਕਰਨ ਵਾਲੇ ਅਤੇ ਉਨ੍ਹਾਂ ਨੂੰ ਸਿਜਦਾ ਕਰਨ ਵਾਲੇ ਹਨ, ਓਨੇ ਪਾਕਿਸਤਾਨ ਵਾਲੇ ਪਾਸੇ ਵੀ ਹਨ। ਬਾਬਾ ਜੀ ਦੀ ਦਰਗਾਹ ਸਰਹੱਦ ਦੇ ਐਨ ਕੰਢੇ 'ਤੇ ਸਥਿਤ ਹੈ, ਜਿਥੇ ਬੀ. ਐੱਸ. ਐੱਫ. ਦੀ ਇਕ ਪੱਕੀ ਪੋਸਟ ਵੀ ਬਣੀ ਹੋਈ ਹੈ। ਮਹੀਨੇ 'ਚ ਇਕ ਵਾਰ ਇਥੇ ਸ਼ਰਧਾਲੂ ਵੱਡੀ ਗਿਣਤੀ 'ਚ ਜੁੜਦੇ ਹਨ, ਜਦੋਂਕਿ ਟਾਵੇਂ-ਟਾਵੇਂ ਤਾਂ ਰੋਜ਼ਾਨਾ ਹੀ ਆਉਂਦੇ ਹਨ। 

ਸਾਲ 'ਚ ਇਕ ਵਾਰ ਬਹੁਤ ਵੱਡਾ ਮੇਲਾ ਵੀ ਲੱਗਦਾ ਹੈ, ਜਿਥੇ ਹਜ਼ਾਰਾਂ ਦੀ ਗਿਣਤੀ 'ਚ ਲੋਕ ਨਤਮਸਤਕ ਹੁੰਦੇ ਹਨ। ਇਸ ਦਰਗਾਹ ਨੂੰ ਵੇਖਣ ਦਾ ਮੌਕਾ ਉਦੋਂ ਮਿਲਿਆ, ਜਦੋਂ 497ਵੇਂ ਟਰੱਕ ਦੀ ਸਮੱਗਰੀ ਵੰਡਣ ਲਈ ਪੰਜਾਬ ਕੇਸਰੀ ਦੀ ਰਾਹਤ ਟੀਮ ਆਰ. ਐੱਸ. ਪੁਰਾ ਸੈਕਟਰ 'ਚ ਗਈ ਸੀ।

ਹੈਰਾਨੀ ਦੀ ਗੱਲ ਇਹ ਹੈ ਕਿ ਚਮਲਿਆਲ ਵਾਂਗ ਹੀ ਬਾਬਾ ਜੀ ਦੀ ਇਕ ਦਰਗਾਹ ਪਾਕਿਸਤਾਨ ਦੇ ਪਿੰਡ ਸੈਦਾਂਵਾਲੀ 'ਚ ਬਣੀ ਹੋਈ ਹੈ। ਦੋਹਾਂ ਦਰਗਾਹਾਂ 'ਤੇ ਇਕੋ ਦਿਨ ਮੇਲਾ ਜੁੜਦਾ ਹੈ। ਚਮਲਿਆਲ ਵਾਲੀ ਦਰਗਾਹ ਦੀ ਮਹਾਨਤਾ ਇਹ ਹੈ ਕਿ ਇਥੇ ਇਕ ਖੂਹ ਬਣਿਆ ਹੋਇਆ ਹੈ, ਜਿਸ ਦੇ ਪਾਣੀ ਨੂੰ 'ਸ਼ਰਬਤ' ਕਿਹਾ ਜਾਂਦਾ ਹੈ। ਇਹ ਜਲ ਬੇਹੱਦ ਨਿਰਮਲ, ਸ਼ੁੱਧ ਅਤੇ ਪੀਣ ਵਿਚ ਮਿੱਠਾ ਹੈ। ਇਸ ਅਸਥਾਨ ਦੀ ਮਿੱਟੀ ਨੂੰ ਸ਼ੱਕਰ ਕਿਹਾ ਜਾਂਦਾ ਹੈ। ਅਜਿਹੀ ਮਾਨਤਾ ਹੈ ਕਿ ਇਸ 'ਸ਼ੱਕਰ' ਦਾ ਲੇਪ ਸਰੀਰ 'ਤੇ ਕਰਨ ਅਤੇ 'ਸ਼ਰਬਤ' ਪੀਣ ਨਾਲ ਕਈ ਤਰ੍ਹਾਂ ਦੇ ਰੋਗ ਖਤਮ ਹੋ ਜਾਂਦੇ ਹਨ।

ਚਮਲਿਆਲ ਵਾਲੀ ਦਰਗਾਹ ਤੋਂ 'ਸ਼ਰਬਤ' ਅਤੇ 'ਸ਼ੱਕਰ' ਪ੍ਰਾਪਤ ਕਰਨ ਲਈ ਪਾਕਿਸਤਾਨ ਦੇ ਲੋਕ ਵੀ ਆਉਂਦੇ ਹਨ। ਪਹਿਲਾਂ ਸ਼ਾਇਦ ਉਹ ਖੁਦ ਹੀ ਦਰਗਾਹ ਤੱਕ ਪਹੁੰਚ ਜਾਂਦੇ ਸਨ ਪਰ ਹੁਣ ਉਨ੍ਹਾਂ ਨੂੰ 'ਜ਼ੀਰੋ ਲਾਈਨ' ਉੱਤੇ ਰੋਕ ਦਿੱਤਾ ਜਾਂਦਾ ਹੈ ਅਤੇ ਭਾਰਤੀ ਸੁਰੱਖਿਆ ਅਧਿਕਾਰੀਆਂ ਦੀ ਨਿਗਰਾਨੀ ਹੇਠ ਉਨ੍ਹਾਂ ਤੱਕ ਬਾਬਾ ਜੀ ਦਾ 'ਆਸ਼ੀਰਵਾਦ' ਪਹੁੰਚਾਇਆ ਜਾਂਦਾ ਹੈ। ਪਾਕਿਸਤਾਨ ਦੇ ਸ਼ਰਧਾਲੂਆਂ ਵੱਲੋਂ ਦਰਗਾਹ 'ਤੇ ਚੜ੍ਹਾਉਣ ਲਈ ਲਿਆਂਦੀਆਂ 'ਚਾਦਰਾਂ' ਵੀ ਭਾਰਤੀ ਅਧਿਕਾਰੀ ਹੀ ਪ੍ਰਾਪਤ ਕਰਦੇ ਹਨ।

ਦਰਗਾਹ ਦਾ ਇਤਿਹਾਸ : ਬਾਬਾ ਜੀ ਦੇ ਸਬੰਧ 'ਚ ਸਥਾਨਕ  ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦਾ ਪੂਰਾ ਨਾਂ ਬਾਬਾ ਦਲੀਪ ਸਿੰਘ ਸੀ, ਜੋ ਕਿ ਚਮਲਿਆਲ ਵਾਲੇ ਸਥਾਨ 'ਤੇ ਹੀ ਰਹਿੰਦੇ ਸਨ। ਬਾਬਾ ਜੀ ਮਹਾਨ ਤਪੱਸਵੀ ਅਤੇ ਪ੍ਰਭੂ ਭਗਤੀ ਦੇ ਰੰਗ ਵਿਚ ਰੰਗੇ ਹੋਏ ਸਨ, ਜਿਨ੍ਹਾਂ ਦੇ ਸ਼ਰਧਾਲੂਆਂ ਦੀ ਬਹੁਤ ਵੱਡੀ ਗਿਣਤੀ ਸੀ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੇ ਆਸ਼ੀਰਵਾਦ ਨਾਲ ਲੋਕਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਸਨ।

ਬਾਬਾ ਜੀ ਨਾਲ ਈਰਖਾ ਕਰਨ ਵਾਲੇ ਕੁਝ ਲੋਕਾਂ ਨੇ ਉਨ੍ਹਾਂ ਨੂੰ ਧੋਖੇ ਨਾਲ ਸੈਦਾਂਵਾਲੀ ਵਿਖੇ ਬੁਲਾਇਆ, ਜਿਹੜਾ ਚਮਲਿਆਲ ਤੋਂ ਥੋੜ੍ਹੀ ਦੂਰੀ 'ਤੇ ਸਥਿਤ ਹੈ। ਈਰਖਾਲੂ ਲੋਕਾਂ ਨੇ ਬਾਬਾ ਜੀ ਦਾ ਸਿਰ ਕਲਮ ਕਰ ਦਿੱਤਾ, ਜੋ ਕਿ ਉਥੇ ਹੀ ਡਿੱਗ ਪਿਆ, ਜਦੋਂਕਿ 'ਧੜ' ਚਮਤਕਾਰੀ ਢੰਗ ਨਾਲ ਚਮਲਿਆਲ ਵਾਲੀ ਜਗ੍ਹਾ 'ਤੇ ਪੁੱਜ ਗਿਆ। ਸ਼ਰਧਾਲੂਆਂ ਨੇ ਦੋਹਾਂ ਪਿੰਡਾਂ ਵਿਚ ਬਾਬਾ ਜੀ ਦੀਆਂ ਦਰਗਾਹਾਂ ਬਣਾ ਦਿੱਤੀਆਂ। 

ਸੈਦਾਂਵਾਲੀ ਹੁਣ ਪਾਕਿਸਤਾਨ ਵਾਲੇ ਪਾਸੇ ਹੈ। ਚਮਲਿਆਲ ਦਰਗਾਹ 'ਤੇ ਹਰ ਵੇਲੇ ਇਕ ਦੀਵਾ ਜਗਦਾ ਰਹਿੰਦਾ ਹੈ, ਜਿਹੜਾ ਦੋਹਾਂ ਦੇਸ਼ਾਂ ਦੇ ਸ਼ਰਧਾਲੂਆਂ ਦੀ ਸਾਂਝ ਦਾ ਸੰਦੇਸ਼ ਦਿੰਦਾ ਜਾਪਦਾ ਹੈ। ਇਹ ਸਾਂਝ ਕਈ ਦਹਾਕਿਆਂ ਤੋਂ ਚੱਲੀ ਆ ਰਹੀ ਹੈ ਅਤੇ ਉਦੋਂ ਤੋਂ ਹੀ ਇਸ ਮੇਲੇ ਪ੍ਰਤੀ ਸਰਹੱਦ ਦੇ ਆਰ-ਪਾਰ ਵੱਡਾ ਉਤਸ਼ਾਹ ਬਣਿਆ ਰਿਹਾ ਹੈ।

ਪਾਕਿਸਤਾਨ ਨੇ ਪਹੁੰਚਾਈ ਠੇਸ : ਬਾਬਾ ਜੀ ਪ੍ਰਤੀ ਦੋਹਾਂ ਦੇਸ਼ਾਂ ਦੇ ਸ਼ਰਧਾਲੂਆਂ ਵਿਚ ਬਣੀ ਵੱਡੀ ਸ਼ਰਧਾ ਨੂੰ ਪਾਕਿਸਤਾਨ ਵਲੋਂ ਦਰਗਾਹ-ਖੇਤਰ 'ਤੇ ਫਾਇਰਿੰਗ ਕਰ ਕੇ ਠੇਸ ਪਹੁੰਚਾਈ ਗਈ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਚਮਲਿਆਲ ਵਾਲੇ ਇਲਾਕੇ 'ਤੇ ਪਾਕਿਸਤਾਨੀ ਸੈਨਿਕਾਂ ਨੇ ਪਹਿਲਾਂ ਕਦੇ ਵੀ ਫਾਇਰਿੰਗ ਨਹੀਂ ਕੀਤੀ ਸੀ, ਜਿਸ ਕਾਰਨ ਓਧਰੋਂ ਆਉਣ ਵਾਲੇ ਸ਼ਰਧਾਲੂਆਂ ਨਾਲ ਪੂਰਾ ਸਹਿਯੋਗ ਕੀਤਾ ਜਾਂਦਾ ਸੀ। ਇਕ ਸਾਲ ਪਹਿਲਾਂ ਪਾਕਿਸਤਾਨ ਨੇ ਇਕ ਘਿਨਾਉਣੀ ਹਰਕਤ ਕਰਦਿਆਂ ਇਸ ਖੇਤਰ ਵੱਲ ਵੀ ਗੋਲੇ ਦਾਗ ਦਿੱਤੇ, ਜਿਸ ਕਾਰਨ ਆਪਣੀ ਡਿਊਟੀ 'ਤੇ ਜਾ ਰਹੇ 4 ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਏ।

ਉਨ੍ਹਾਂ ਦੱਸਿਆ ਕਿ ਇਸ ਵਾਰ ਚਮਲਿਆਲ ਦੇ ਮੇਲੇ 'ਤੇ ਆਏ ਪਾਕਿਸਤਾਨੀ ਸ਼ਰਧਾਲੂਆਂ ਨੂੰ 'ਸ਼ੱਕਰ' ਅਤੇ ਸ਼ਰਬਤ ਦੇ ਪ੍ਰਸ਼ਾਦਿ ਤੋਂ ਵਾਂਝੇ ਹੀ ਮੁੜਨਾ ਪਿਆ। ਇਸ ਤਰ੍ਹਾਂ ਪਾਕਿਸਤਾਨ ਵਲੋਂ ਕੀਤੀ ਗੋਲੀਬਾਰੀ ਦਾ ਖਮਿਆਜ਼ਾ ਕਿਸੇ ਹੱਦ ਤਕ ਉਥੋਂ ਦੇ ਲੋਕਾਂ ਨੂੰ ਵੀ ਭੁਗਤਣਾ ਪਿਆ। ਉਕਤ ਘਟਨਾ ਤੋਂ ਪਿੱਛੋਂ ਦਰਗਾਹ ਅਤੇ ਇਲਾਕੇ ਦੇ ਹੋਰ ਪਿੰਡਾਂ ਦੀ ਸੁਰੱਖਿਆ ਲਈ ਸਖਤ ਪ੍ਰਬੰਧ ਕੀਤੇ ਗਏ ਹਨ ਤਾਂ ਜੋ ਇਸ ਪਾਸੇ ਦੇ ਸ਼ਰਧਾਲੂਆਂ ਨੂੰ ਕਿਸੇ ਕਿਸਮ ਦੀ ਮੁਸ਼ਕਿਲ ਪੇਸ਼ ਨਾ ਆਵੇ।

ਗੋਲੀਆਂ ਨਾਲ ਵਿੰਨ੍ਹੀਆਂ ਕੰਧਾਂ : ਸੁਚੇਤਗੜ੍ਹ ਇਕ ਅਜਿਹਾ ਪਿੰਡ ਹੈ, ਜਿਸ ਦੇ ਪੱਛਮ ਵਾਲੇ ਪਾਸੇ ਪਾਕਿਸਤਾਨ ਦੀ ਸਰਹੱਦ ਹੈ। ਸਰਹੱਦ ਦੇ ਕੰਢੇ ਅਜਿਹੇ ਬਹੁਤ ਸਾਰੇ ਪਿੰਡ ਹੋਣਗੇ ਪਰ ਸੁਚੇਤਗੜ੍ਹ ਦੀ ਹਾਲਤ ਅਜਿਹੀ ਹੈ ਕਿ ਉਸ ਦੇ ਬਹੁਤੇ ਘਰਾਂ ਦੀਆਂ ਕੰਧਾਂ ਗੋਲੀਆਂ ਨਾਲ ਵਿੰਨ੍ਹੀਆਂ ਪਈਆਂ ਹਨ। ਇਸ ਪਿੰਡ ਵਿਚ ਪਾਕਿਸਤਾਨੀ ਗੋਲੀਆਂ ਦੇ ਛਰਾਟਿਆਂ ਕਾਰਨ ਜਾਨੀ ਨੁਕਸਾਨ ਵੀ ਹੋਇਆ ਅਤੇ ਦਰਜਨਾਂ ਲੋਕ ਗੰਭੀਰ ਰੂਪ 'ਚ ਜ਼ਖਮੀ ਹੋਏ। ਪਿੰਡ ਦੇ ਇਕ ਵਿਅਕਤੀ ਨੇ ਦੱਸਿਆ ਕਿ ਪਿਛਲੇ ਸਾਲ ਮੋਰਟਾਰ ਲੱਗਣ ਕਾਰਨ ਇਕ ਮੱਝ ਮਰ ਗਈ ਸੀ ਅਤੇ ਕਈ ਹੋਰ ਪਸ਼ੂ ਜ਼ਖਮੀ ਹੋਏ। ਕਿਸਾਨਾਂ ਲਈ ਨਾ ਸਿਰਫ ਖੇਤਾਂ 'ਚ ਕੰਮ ਕਰਨਾ ਮੁਸ਼ਕਿਲ ਹੈ ਸਗੋਂ ਕਈ ਵਾਰ ਤਾਂ ਆਪਣੇ ਜਾਨਵਰਾਂ ਲਈ ਚਾਰਾ ਲਿਆਉਣ ਦਾ ਸੰਕਟ ਵੀ ਪੈਦਾ ਹੋ ਜਾਂਦਾ ਹੈ। 

ਕਿਸਾਨਾਂ ਨੇ ਦੱਸਿਆ ਕਿ ਖੇਤਾਂ 'ਚ ਫਸਲਾਂ ਨੂੰ ਪਾਣੀ ਲਾਉਣਾ ਇਕ ਵੱਡੀ ਸਮੱਸਿਆ ਹੈ। ਤਾਰ-ਵਾੜ ਦੇ ਅੰਦਰ ਸਥਿਤ ਖੇਤਾਂ ਤੱਕ ਪਾਣੀ ਲਿਜਾਣ ਲਈ ਜਿਹੜੀਆਂ ਪੁਲੀਆਂ ਬਣੀਆਂ ਹੋਈਆਂ ਹਨ ਜਾਂ ਪਾਈਪਾਂ ਦੱਬੀਆਂ ਹਨ, ਸੁਰੱਖਿਆ ਦੇ ਨਜ਼ਰੀਏ ਤੋਂ ਉਨ੍ਹਾਂ ਨੂੰ ਵੀ ਤਾਰਾਂ ਦੇ ਜਾਲ ਨਾਲ ਬੰਦ ਕਰ ਦਿੱਤਾ ਗਿਆ ਹੈ। ਸੁਰੱਖਿਆ ਅਧਿਕਾਰੀਆਂ ਦੀ ਮਨਜ਼ੂਰੀ ਤੋਂ ਬਿਨਾਂ ਉਨ੍ਹਾਂ ਨੂੰ ਛੂਹਣਾ ਵੀ ਮਨ੍ਹਾ ਹੈ। ਉਨ੍ਹਾਂ ਦੱਸਿਆ ਕਿ ਸੁਚੇਤਗੜ੍ਹ ਦਾ ਪਿਛਲੇ ਸਾਲਾਂ 'ਚ ਬਹੁਤ ਜ਼ਿਆਦਾ ਮਾਲੀ ਨੁਕਸਾਨ ਹੋਇਆ ਹੈ।

ਮਹਿਬੂਬਾ ਦੇ ਵਾਅਦੇ ਵਫਾ ਨਾ ਹੋਏ : ਜਦੋਂ ਮਹਿਬੂਬਾ ਮੁਫਤੀ ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਸੀ ਤਾਂ ਉਸ ਨੇ ਸੁਚੇਤਗੜ੍ਹ ਦੇ ਜ਼ਖਮੀ ਲੋਕਾਂ ਅਤੇ ਨੁਕਸਾਨ ਸਹਿਣ ਵਾਲੇ ਕਿਸਾਨਾਂ ਨੂੰ ਮੁਆਵਜ਼ਾ ਦਿਵਾਉਣ ਦਾ ਭਰੋਸਾ ਦਿੱਤਾ ਸੀ ਪਰ ਮਹਿਬੂਬਾ ਦੇ ਇਹ ਵਾਅਦੇ ਅੱਜ ਤੱਕ ਪੂਰੇ ਨਹੀਂ ਹੋਏ, ਜਦੋਂਕਿ ਹੁਣ ਪਿੰਡ ਵਾਸੀ ਨਿਰਾਸ਼ ਹੋ ਕੇ ਬੈਠ ਗਏ ਹਨ ਕਿਉਂਕਿ ਸਰਕਾਰੀ ਅਧਿਕਾਰੀਆਂ ਵਲੋਂ ਇਸ ਸਬੰਧ 'ਚ ਕੋਈ ਹੁੰਗਾਰਾ ਨਹੀਂ ਭਰਿਆ ਜਾ ਰਿਹਾ।
ਸੁਚੇਤਗੜ੍ਹ ਚੈੱਕ ਪੋਸਟ : ਸੁਚੇਤਗੜ੍ਹ ਪਿੰਡ ਦੇ ਬਾਹਰਵਾਰ ਸਰਹੱਦ 'ਤੇ ਚੈੱਕ ਪੋਸਟ ਬਣੀ ਹੋਈ ਹੈ, ਜਿਹੜੀ ਜੰਮੂ ਤੋਂ ਵਾਇਆ ਮੀਰਾ ਸਾਹਿਬ, ਆਰ. ਐੱਸ. ਪੁਰਾ ਅਤੇ ਸੁਚੇਤਗੜ੍ਹ ਤੋਂ ਸਿਆਲਕੋਟ (ਪਾਕਿਸਤਾਨ) ਨੂੰ ਜਾਣ ਵਾਲੀ ਸੜਕ 'ਤੇ ਸਥਿਤ ਹੈ। ਇਸ ਰਸਤੇ ਤੋਂ ਹੁਣ ਆਮ ਆਵਾਜਾਈ ਬੰਦ ਕਰ ਦਿੱਤੀ ਗਈ ਹੈ, ਜਦੋਂਕਿ ਯੂ. ਐੱਨ. ਦੇ ਅਧਿਕਾਰੀ ਆ-ਜਾ ਸਕਦੇ ਹਨ। ਕਦੇ-ਕਦਾਈਂ ਦੋਹਾਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀਆਂ ਦੀ ਮੀਟਿੰਗ ਵੀ ਇਸ ਰਸਤੇ ਹੁੰਦੀ ਹੈ।
ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਪੋਸਟ ਇਕ ਤਰ੍ਹਾਂ ਨਾਲ ਚੁੰਗੀ ਵਜੋਂ ਹੀ ਜਾਣੀ ਜਾਂਦੀ ਸੀ, ਜਿਥੋਂ ਲੰਘਣ ਵਾਲੇ ਸਾਮਾਨ ਜਾਂ ਵਪਾਰਕ ਵਸਤਾਂ 'ਤੇ ਟੈਕਸ ਵਸੂਲਿਆ ਜਾਂਦਾ ਸੀ। ਉਸ ਵੇਲੇ ਇਸ ਰਸਤੇ ਬੱਸਾਂ ਅਤੇ ਰੇਲਾਂ ਦੀ ਆਵਾਜਾਈ ਵੀ ਹੁੰਦੀ ਸੀ। ਇਸ ਰਸਤੇ 'ਤੇ ਰੇਲ ਲਾਈਨ ਅੰਗਰੇਜ਼ਾਂ ਵਲੋਂ 1890 'ਚ ਵਿਛਾਈ ਗਈ ਸੀ। 

ਕਿਹਾ ਜਾਂਦਾ ਹੈ ਕਿ ਜੰਮੂ ਖੇਤਰ ਦੀ ਇਹ ਪਹਿਲੀ ਰੇਲ-ਪਟੜੀ ਸੀ, ਜਿਸ 'ਤੇ ਰੋਜ਼ਾਨਾ ਚਾਰ ਯਾਤਰੂ ਗੱਡੀਆਂ ਚੱਲਦੀਆਂ ਸਨ। ਵੰਡ ਤੋਂ ਬਾਅਦ ਇਸ ਰੇਲ-ਲਾਈਨ ਨੂੰ ਬੰਦ ਕਰ ਦਿੱਤਾ ਗਿਆ ਅਤੇ ਭਾਰਤ ਵਾਲੇ ਪਾਸੇ ਤਾਂ ਇਸ ਦਾ ਕਿਤੇ ਨਾਂ-ਨਿਸ਼ਾਨ ਨਹੀਂ ਹੈ। 

ਪੁਰਾਣੇ ਜੰਮੂ 'ਚ ਸਥਿਤ ਰੇਲਵੇ ਸਟੇਸ਼ਨ ਨੂੰ ਢਾਹ ਕੇ ਉਥੇ ਮਿਊਜ਼ੀਅਮ ਬਣਾ ਦਿੱਤਾ ਗਿਆ ਹੈ, ਜਦੋਂਕਿ ਪਾਕਿਸਤਾਨ ਵਾਲੇ ਪਾਸੇ ਸਿਆਲਕੋਟ ਤੋਂ ਅੱਗੇ ਇਸ ਪਟੜੀ 'ਤੇ ਰੇਲ ਸੇਵਾ ਅੱਜ ਵੀ ਜਾਰੀ ਹੈ। ਹਾਲਾਂਕਿ ਚੈੱਕ ਪੋਸਟ ਵਾਲੇ ਸਥਾਨ ਨੂੰ ਭਾਰਤ ਸਰਕਾਰ ਵਲੋਂ ਟੂਰਿਸਟਾਂ ਲਈ ਵਿਕਸਿਤ ਕੀਤਾ ਗਿਆ ਹੈ ਅਤੇ ਬਾਰਡਰ ਨੂੰ ਦੇਖਣ ਲਈ ਰੋਜ਼ਾਨਾ ਵੱਡੀ ਗਿਣਤੀ 'ਚ ਲੋਕ ਪੁੱਜਦੇ ਵੀ ਹਨ, ਇਸ ਦੇ ਬਾਵਜੂਦ ਸਹੂਲਤਾਂ ਦੀ ਵੱਡੀ ਘਾਟ ਰੜਕਦੀ ਹੈ।

(sandhu.js002@gmail.com) 94174-02327


Shyna

Content Editor

Related News